ਵਾਧੂ ਬੱਲੇਬਾਜ਼ੀ ਅਭਿਆਸ ਲਈ ਜਲਦੀ ਪਹੁੰਚਿਆ ਸੀ ਜਡੇਜਾ
Saturday, Jul 05, 2025 - 10:34 AM (IST)

ਸਪੋਰਟਸ ਡੈਸਕ– ਰਵਿੰਦਰ ਜਡੇਜਾ ਐਜਬੈਸਟਨ ਟੈਸਟ ਦੇ ਦੂਜੇ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਕਾਫੀ ਪਹਿਲਾਂ ਵਾਧੂ ਬੱਲੇਬਾਜ਼ੀ ਅਭਿਆਸ ਲਈ ਪਹੁੰਚ ਗਿਆ ਸੀ, ਜਿਸਦਾ ਫਾਇਦਾ ਵੀ ਉਸ ਨੂੰ ਮਿਲਿਆ ਕਿਉਂਕਿ ਕਪਤਾਨ ਸ਼ੁਭਮਨ ਗਿੱਲ ਦੇ ਨਾਲ ਮਿਲ ਕੇ ਉਸ ਨੇ ਭਾਰਤ ਨੂੰ ਮਜ਼ਬੂਤ ਸਥਿਤੀ ਵਿਚ ਪੁਹੰਚਾਇਆ। ਜਡੇਜਾ ਤੇ ਗਿੱਲ ਨੇ 203 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਦੀ ਮਦਦ ਨਾਲ ਭਾਰਤ ਨੇ ਦੂਜੇ ਦਿਨ 587 ਦੌੜਾਂ ਬਣਾਈਆਂ। ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਉਸ ਨੂੰ ਕਾਫੀ ਸ਼ਾਟ ਗੇਂਦਾਂ ਸੁੱਟੀਆਂ ਪਰ ਜਡੇਜਾ ਇਸਦੇ ਲਈ ਤਿਆਰ ਸੀ। ਭਾਰਤੀ ਖਿਡਾਰੀਆਂ ਨੂੰ ਟੀਮ ਬੱਸ ਵਿਚ ਜਾਣਾ ਸੀ ਪਰ ਸਮਝਿਆ ਜਾਂਦਾ ਹੈ ਕਿ ਜਡੇਜਾ ਨੇ ਮੈਦਾਨ ’ਤੇ ਜਲਦੀ ਪਹੁੰਚਣ ਲਈ ਵਿਸ਼ੇਸ਼ ਮਨਜ਼ੂਰੀ ਲਈ ਸੀ।
ਜਡੇਜਾ ਨੇ ਕਿਹਾ,‘‘ਮੈਨੂੰ ਲੱਗਾ ਕਿ ਬੱਲੇਬਾਜ਼ੀ ਦਾ ਵਾਧੂ ਅਭਿਆਸ ਕਰਨਾ ਚਾਹੀਦਾ ਹੈ ਕਿਉਂਕਿ ਗੇਂਦ ਅਜੇ ਨਵੀਂ ਸੀ। ਮੈਨੂੰ ਲੱਗਾ ਕਿ ਨਵੀਂ ਗੇਂਦ ਨੂੰ ਖੇਡ ਜਾਵਾਂਗਾ ਤਾਂ ਪਾਰੀ ਵਿਚ ਅੱਗੇ ਆਸਾਨੀ ਹੋਵੇਗੀ। ਖੁਸ਼ਕਿਸਮਤੀ ਨਾਲ ਮੈਂ ਲੰਚ ਤੱਕ ਖੇਡ ਸਕਿਆ ਤੇ ਉਸ ਤੋਂ ਬਾਅਦ ਵਾਸ਼ਿੰਗਟਨ ਸੁੰਦਰ ਨੇ ਸ਼ੁਭਮਨ ਦੇ ਨਾਲ ਚੰਗੀ ਬੱਲੇਬਾਜ਼ੀ ਕੀਤੀ।’’
ਉਸ ਨੇ ਕਿਹਾ ਕਿ ਇੰਗਲੈਂਡ ਵਿਚ ਜਿੰਨੀ ਵੱਧ ਬੱਲੇਬਾਜ਼ੀ ਕਰਾਂਗਾ, ਓਨਾ ਹੀ ਬਿਹਤਰ ਹੋਵੇਗਾ। ਗੇਂਦ ਕਿਸੇ ਵੀ ਸਮੇਂ ਸਵਿੰਗ ਲੈ ਸਕਦੀ ਹੈ ਤੇ ਅਜਿਹੇ ਵਿਚ ਦਿੱਕਤ ਆ ਸਕਦੀ ਹੈ।
ਇਹ ਪੁੱਛਣ ’ਤੇ ਕਿ ਕੀ ਦੌੜਾਂ ਬਣਾਉਣ ਨਾਲ ਉਸ ਨੂੰ ਗੇਂਦਬਾਜ਼ੀ ਵਿਚ ਵੀ ਮਦਦ ਮਿਲੀ, ਉਸ ਨੇ ਕਿਹਾ, ‘‘ਜਦੋਂ ਤੁਸੀਂ ਬੱਲੇ ਨਾਲ ਯੋਗਦਾਨ ਦਿੰਦੇ ਹੋ ਤਾਂ ਬਹੁਤ ਚੰਗਾ ਲੱਗਦਾ ਹੈ। ਜਦੋਂ ਟੀਮ ਦੇਸ਼ ਵਿਚੋਂ ਬਾਹਰ ਖੇਡ ਰਹੀ ਹੈ ਤੇ ਟੀਮ ਨੂੰ ਤੁਹਾਡੀ ਜ਼ਿਆਦਾ ਲੋੜ ਹੈ ਤਾਂ ਹੋਰ ਵੀ ਚੰਗਾ ਲੱਗਦਾ ਹੈ।’’