ਇਜ਼ਰਾਈਲ ਦੇ ਰਾਸ਼ਟਰੀ ਗੀਤ ਦੌਰਾਨ ਇਟਲੀ ਦੇ ਪ੍ਰਸ਼ੰਸਕਾਂ ਨੇ ਦਿਖਾਈ ਪਿੱਠ
Tuesday, Sep 10, 2024 - 12:38 PM (IST)

ਬੁਡਾਪੇਸਟ (ਹੰਗਰੀ)- ਨਿਰਪੱਖ ਸਥਾਨ ਹੰਗਰੀ ਵਿੱਚ ਖੇਡੇ ਗਏ ਨੇਸ਼ਨਜ਼ ਲੀਗ ਫੁੱਟਬਾਲ ਮੈਚ ਤੋਂ ਪਹਿਲਾਂ ਇਜ਼ਰਾਈਲ ਦਾ ਰਾਸ਼ਟਰੀ ਗੀਤ ਵਜ ਰਿਹਾ ਸੀ ਤਾਂ ਇਟਲੀ ਦੇ ਕਾਲੇ ਕੱਪੜੇ ਪਹਿਨੇ ਹੋਏ ਕਰੀਬ 50 ਪ੍ਰਸ਼ੰਸਕਾਂ ਨੇ ਇਸ ਦੇ ਵਿਰੋਧ ਵਿੱਚ ਆਪਣੀ ਪਿੱਠ ਦਿਖਾਈ। ਇਟਲੀ ਦੇ ਇਨ੍ਹਾਂ ਪ੍ਰਸ਼ੰਸਕਾਂ ਨੇ ਸੋਮਵਾਰ ਨੂੰ ਖੇਡੇ ਗਏ ਮੈਚ 'ਚ ਆਪਣੇ ਹੱਥਾਂ 'ਚ ਦੇਸ਼ ਦਾ ਝੰਡਾ ਵੀ ਫੜਿਆ ਹੋਇਆ ਸੀ, ਜਿਸ 'ਤੇ 'ਲਿਬਰਟਾ' (ਆਜ਼ਾਦੀ) ਲਿਖਿਆ ਹੋਇਆ ਸੀ।
ਹਮਾਸ ਨਾਲ ਜੰਗ ਕਾਰਨ ਇਜ਼ਰਾਈਲ ਆਪਣੇ ਘਰੇਲੂ ਮੈਚ ਹੰਗਰੀ ਵਿੱਚ ਖੇਡ ਰਿਹਾ ਹੈ। ਇਟਲੀ ਨੇ ਇਸ ਮੈਚ 'ਚ 3-0 ਨਾਲ ਜਿੱਤ ਦਰਜ ਕੀਤੀ। ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਦੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਨੇੜਲੇ ਸਬੰਧ ਹਨ। ਇਟਲੀ ਨੂੰ 14 ਅਕਤੂਬਰ ਨੂੰ ਉਡੀਨ ਵਿੱਚ ਇਜ਼ਰਾਈਲ ਦੀ ਮੇਜ਼ਬਾਨੀ ਕਰਨੀ ਹੈ। ਇਸੇ ਦਿਨ ਇਸ ਸ਼ਹਿਰ 'ਚ ਫਲਸਤੀਨ ਸਮਰਥਕਾਂ ਨੇ ਵੀ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਤੈਅ ਕੀਤਾ ਹੈ।