ਭਾਰਤੀ ਟੇਬਲ ਟੈਨਿਸ ਟੀਮ ਲਈ ਆਸਾਨ ਨਹੀਂ ਹੋਵੇਗਾ ਬਰਮਿੰਘਮ ’ਚ ਗੋਲਡ ਕੋਸਟ ਦੀ ਬਰਾਬਰੀ ਕਰਨਾ

07/26/2022 3:35:35 PM

ਲੰਡਨ, (ਭਾਸ਼ਾ)–ਪਿਛਲੀ ਵਾਰ ਗੋਲਡ ਕੋਸਟ ਵਿਚ ਨਵੀਆਂ ਉਚਾਈਆਂ ਹਾਸਲ ਕਰਨ ਵਾਲੀ ਭਾਰਤੀ ਟੇਬਲ ਟੈਨਿਸ ਟੀਮ ਜੇਕਰ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ 2018 ਦੀ ਬਰਾਬਰੀ ਵੀ ਕਰ ਲੈਂਦੀ ਹੈ ਤਾਂ ਇਹ ਉਸ ਦੇ ਲਈ ਵੱਡੀ ਉਪਲੱਬਧੀ ਹੋਵੇਗੀ। ਭਾਰਤੀ ਟੀਮ ਨੇ ਆਸਟਰੇਲੀਆ ਦੇ ਗੋਲਡ ਕੋਸਟ ਵਿਚ ਉਮੀਦਾਂ ਤੋਂ ਬਿਹਤਰ ਪ੍ਰਦਰਸ਼ਨ ਕਰਦੇ ਹੋਏ 3 ਸੋਨ, 2 ਚਾਂਦੀ ਤੇ 3 ਕਾਂਸੀ ਤਮਗੇ ਜਿੱਤੇ ਸਨ। ਇਨ੍ਹਾਂ ਵਿਚੋਂ 2 ਸੋਨ ਸਮੇਤ ਅੱਧੇ ਤਮਗੇ ਮਣਿਕਾ ਬੱਤਰਾ ਨੇ ਜਿੱਤੇ ਸਨ, ਜਿਸ ਤੋਂ ਬਾਅਦ ਉਸਦੀ ਪ੍ਰਸਿੱਧ ਕਾਫੀ ਵਧ ਗਈ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਨੀਰਜ ਚੋਪੜਾ ਨਹੀਂ ਖੇਡਣਗੇ ਰਾਸ਼ਟਰਮੰਡਲ ਖੇਡਾਂ, ਜਾਣੋ ਕਿਉਂ

ਦਿੱਲੀ ਦੀ ਰਹਿਣ ਵਾਲੀ ਇਸ 27 ਸਾਲਾ ਖਿਡਾਰਨ ਨੇ ਸਿੰਗਾਪੁਰ ਦੀ ਓਲੰਪਿਕ ਤਮਗਾ ਜੇਤੂ ਫੇਂਗ ਤਿਯਾਨਵੇਈ ਨੂੰ ਇਕ ਵਾਰ ਨਹੀਂ ਸਗੋਂ ਦੋ ਵਾਰ ਹਰਾ ਕੇ ਭਾਰਤ ਨੂੰ ਵਿਅਕਤੀਗਤ ਤੇ ਟੀਮ ਪ੍ਰਤੀਯੋਗਿਤਾ ਦਾ ਸੋਨ ਤਮਗਾ ਦਿਵਾਇਆ ਸੀ । ਸਿੰਗਾਪੁਰ ਦੀ 35 ਸਾਲਾ ਖਿਡਾਰਨ ਹੁਣ ਬਰਮਿੰਘਮ ਵਿਚ ਮਣਿਕਾ ਤੋਂ ਬਦਲਾ ਲੈਣ ਲਈ ਉਤਾਵਲੀ ਹੋਵੇਗੀ। ਭਾਰਤੀ ਮਹਿਲਾ ਟੀਮ ਇਸ ਸਮੇਂ ਥੋੜ੍ਹੀ ਬਦਲੀ ਹੋਈ ਨਜ਼ਰ ਆਵੇਗੀ। ਵਿਸ਼ਵ ਵਿਚ 41ਵੀਂ ਰੈਂਕਿੰਗ ਦੀ ਮਣਿਕਾ ਦੇ ਨਾਲ ਸ਼੍ਰੀਜਾ ਅਕੁਲਾ, ਰੀਤ ਰਿਸ਼ਯ ਤੇ ਦੀਯਾ ਚਿਤਾਲੇ ਭਾਰਤੀ ਚੁਣੌਤੀ ਪੇਸ਼ ਕਰਨਗੀਆਂ। 

ਆਪਣੀਆਂ ਪੰਜਵੀਆਂ ਤੇ ਆਖ਼ਰੀ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈ ਰਹੇ ਭਾਰਤ ਦੇ ਸਰਵਸ੍ਰੇਸ਼ਠ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ, ਜੀ. ਸਾਥਿਆਨ, ਹਰਮੀਤ ਦੇਸਾਈ ਤੇ ਸਾਨਿਲ ਸ਼ੈੱਟੀ ਭਾਰਤੀ ਪੁਰਸ਼ ਟੀਮ ਦੀ ਚੁਣੌਤੀ ਪੇਸ਼ ਕਰਨਗੇ। ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਨੇ ਪੁਰਤਗਾਲ ਵਿਚ ਅਭਿਆਸ ਕੀਤਾ ਤੇ ਉਸ ਤੋਂ ਬਾਅਦ ਹੰਗਰੀ ਵਿਚ ਪ੍ਰਤੀਯੋਗਿਤਾ ਵਿਚ ਹਿੱਸਾ ਲਿਆ। 

ਭਾਰਤੀ ਟੇਬਲ ਟੈਨਿਸ ਟੀਮ ਦਾ ਗਠਨ ਕਰਨਾ ਆਸਾਨ ਨਹੀਂ ਰਿਹਾ ਕਿਉਂਕਿ ਤਿੰਨ ਖਿਡਾਰੀਆਂ ਨੇ ਚੋਣ ਨਾ ਹੋਣ ’ਤੇ ਅਦਾਲਤ ਦਾ ਦਰਵਾਜ਼ਾ ਖੜਕਾ ਦਿੱਤਾ ਸੀ। ਇਨ੍ਹਾਂ ਵਿਚੋਂ ਸਿਰਫ ਚਿਤਾਲੇ ਨੂੰ ਹੀ ਫਾਇਦਾ ਹੋਇਆ, ਜਿਸ ਨੂੰ ਅਰਚਨਾ ਕਾਮਤ ਦੀ ਜਗ੍ਹਾ ਟੀਮ ਵਿਚ ਲਿਆ ਗਿਆ। ਕਾਮਤ ਖੇਡਾਂ ਵਿਚ ਮਣਿਕਾ ਦੇ ਨਾਲ ਡਬਲਜ਼ ਜੋੜੀ ਬਣਾ ਸਕਦਾ ਸੀ। ਚਾਰ ਮੈਂਬਰੀ ਪੁਰਸ਼ ਦਲ ਵਿਚ ਉਹ ਹੀ ਖਿਡਾਰੀ ਸ਼ਾਮਲ ਹਨ, ਜਿਨ੍ਹਾਂ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲਿਆ ਸੀ। ਇਨ੍ਹਾਂ ਖਿਡਾਰੀਆਂ ਨੂੰ ਕਾਫੀ ਤਜਰਬਾ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਟੀਮ ਖਿਤਾਬ ਦਾ ਬਚਾਅ ਕਰਨ ਵਿਚ ਸਫਲ ਰਹਿਣਗੇ। 

ਭਾਰਤ ਨੂੰ ਟੀਮ ਪ੍ਰਤੀਯੋਗਿਤਾ ਵਿਚ ਇੰਗਲੈਂਡ ਤੇ ਨਾਈਜੀਰੀਆ ਤੋਂ ਬਾਅਦ ਤੀਜਾ ਦਰਜਾ ਮਿਲਿਆ ਹੈ। ਸਿੰਗਲਜ਼ ਵਿਚ ਆਖ਼ਰੀ ਵਾਰ 2006 ਵਿਚ ਮੈਲਬੋਰਨ ਵਿਚ ਸੋਨ ਤਮਗਾ ਜਿੱਤਣ ਵਾਲੇ 40 ਸਾਲਾ ਸ਼ਰਤ ਨੇ ਕਿਹਾ, ‘‘ਇੰਗਲੈਂਡ ਦੀ ਟੀਮ ਨਾਈਜੀਰੀਆ ਦੀ ਤੁਲਨਾ ਵਿਚ ਥੋੜ੍ਹੀ ਮਜ਼ਬੂਤ ਹੈ। ਸਾਡਾ ਟੀਚਾ ਨਿਸ਼ਚਿਤ ਤੌਰ ’ਤੇ ਵਿਅਕਤੀਗਤ ਤੋਂ ਇਲਾਵਾ ਟੀਮ ਪ੍ਰਤੀਯੋਗਿਤਾ ਵਿਚ ਵੀ ਸੋਨਾ ਜਿੱਤਣਾ ਹੈ।’’

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ ਦੀ ਟੀਮ ’ਚ ਸ਼ਾਮਲ ਇਕ ਹੋਰ ਟ੍ਰੈਕ ਐਂਡ ਫੀਲਡ ਖਿਡਾਰਨ ਡੋਪ ਟੈਸਟ ’ਚ ਫੇਲ

ਨਾਈਜੀਰੀਆ ਦੀ ਟੀਮ ਵਿਚ ਵਿਸ਼ਵ ਦਾ 12ਵੇਂ ਨੰਬਰ ਦਾ ਖਿਡਾਰੀ ਅਰੁਣ ਕਾਦਰੀ ਹੈ ਜਦਕਿ ਇੰਗਲੈਂਡ ਦੀ ਟੀਮ ਵਿਚ ਲਿਆਮ ਪਿਚਫੋਰਡ ਤੇ ਤਜਰਬੇਕਾਰ ਪਾਲ ਡ੍ਰਿੰਕਹਾਲ ਹਨ। ਭਾਰਤੀਆਂ ਕੋਲ ਹਾਲਾਂਕਿ ਸਾਰੀਆਂ ਪ੍ਰਤੀਯੋਗਿਤਾਵਾਂ ਵਿਚ ਤਮਗਾ ਜਿੱਤਣ ਦੇ ਮੌਕੇ ਰਹਿਣਗੇ। ਭਾਰਤ ਨੇ ਗੋਲਡ ਕੋਸਟ ਵਿਚ ਮਿਕਸਡ ਡਬਲਜ਼ ਤੇ ਡਬਲਜ਼ ਵਿਚ ਸੋਨ ਤਮਗਾ ਨਹੀਂ ਪਰ ਕੁਲ ਚਾਰ ਤਮਗੇ ਜਿੱਤੇ ਸਨ ਤੇ ਇਸ ਵਾਰ ਵੀ ਇਸ ਤਰ੍ਹਾਂ ਦੇ ਨਤੀਜਿਆਂ ਦੀ ਉਮੀਦ ਹੈ। ਸ਼ਰਤ ਤੇ ਮਣਿਕਾ ਤੋਂ ਇਲਾਵਾ ਸਾਥਿਆਨ ਵੀ ਪੁਰਸ਼ ਡਬਲਜ਼ ਤੇ ਮਿਕਸਡ ਡਬਲਜ਼ ਵਿਚ ਸੋਨ ਤਮਗੇ ਦੇ ਦਾਅਵੇਦਾਰ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News