ਪੈਰਿਸ ਓਲੰਪਿਕ ਤਮਗਾ ਜੇਤੂਆਂ ਦਾ ਸਨਮਾਨ ਸਮਾਰੋਹ ਆਯੋਜਿਤ ਨਾ ਹੋਣਾ ਨਿਰਾਸ਼ਾਜਨਕ : ਪੀ. ਟੀ. ਊਸ਼ਾ
Tuesday, Oct 01, 2024 - 12:20 PM (IST)
ਨਵੀਂ ਦਿੱਲੀ, (ਯੂ. ਐੱਨ. ਆਈ.)– ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੀ ਮੁਖੀ ਪੀ. ਟੀ. ਊਸ਼ਾ ਨੇ ਸੋਮਵਾਰ ਨੂੰ ਕਿਹਾ ਕਿ ਆਈ. ਓ. ਏ. ਦੀ ਕਾਰਜਕਾਰੀ ਕਮੇਟੀ (ਈ. ਸੀ.) ਦੇ ਮੈਂਬਰਾਂ ਦਾ ਪੈਰਿਸ ਓਲੰਪਿਕ 2024 ਦੇ ਜੇਤੂਆਂ ਦਾ ਸਨਮਾਨ ਸਮਾਰੋਹ ਨਾ ਕਰਨਾ ਨਿਰਾਸ਼ਾਜਨਕ ਹੈ।
ਆਈ. ਓ. ਏ. ਮੁਖੀ ਨੇ ਕਿਹਾ, ‘‘ਭਾਰਤ ਨੇ 6 ਤਮਗੇ ਜਿੱਤੇ, ਜਿਨ੍ਹਾਂ ਵਿਚ ਨੌਜਵਾਨ ਨਿਸ਼ਾਨੇਬਾਜ਼ ਮਨੂ ਭਾਕਰ ਨੇ 2 ਤਮਗੇ ਜਿੱਤੇ ਤੇ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਭਾਰਤੀ ਐਥਲੀਟ ਨੇ ਓਲੰਪਿਕ ਵਿਚ ਨਿਸ਼ਾਨੇਬਾਜ਼ੀ ਦੀਆਂ ਵੱਖ-ਵੱਖ ਪ੍ਰਤੀਯੋਗਿਤਾਵਾਂ ਵਿਚ ਦੋ ਤਮਗੇ ਜਿੱਤੇ ਹੋਣ। ਮੈਨੂੰ ਮਾਣ ਹੈ ਕਿ ਮੈਂ ਮਨੂ ਦੀ ਇਸ ਯਾਤਰਾ ਵਿਚ ਮਦਦ ਕਰ ਸਕੀ। ਇਹ ਮੇਰੇ ਲਈ ਮਾਣ ਦੀ ਗੱਲ ਹੈ ਕਿ ਸਾਡੇ ਕੋਲ ਨੀਰਜ ਚੋਪੜਾ, ਸਰਬਜੋਤ ਸਿੰਘ, ਸਵਪਨਿਲ ਕੁਸ਼ਾਲੇ ਤੇ ਪੁਰਸ਼ ਹਾਕੀ ਟੀਮ ਦੇ ਤਮਗੇ ਸਨ ਪਰ ਕਾਰਜਕਾਰੀ ਕਮੇਟੀ ਇਸ ਸਫਲਤਾ ਦਾ ਜਸ਼ਨ ਨਹੀਂ ਮਨਾਉਣਾ ਚਾਹੁੰਦੀ, ਜਿਸ ਨਾਲ ਮੈਨੂੰ ਬਹੁਤ ਦੁੱਖ ਹੁੰਦਾ ਹੈ।’’