ਇਹ IPL ਨਹੀਂ; ਕੈਰੇਬਆਈ ਬੱਲੇਬਾਜ਼ਾਂ ''ਤੇ ਰਹੇਗਾ ਦਬਾਅ : ਚਾਹਲ

Tuesday, Jun 25, 2019 - 01:46 AM (IST)

ਇਹ IPL ਨਹੀਂ; ਕੈਰੇਬਆਈ ਬੱਲੇਬਾਜ਼ਾਂ ''ਤੇ ਰਹੇਗਾ ਦਬਾਅ : ਚਾਹਲ

ਮਾਨਚੈਸਟਰ— ਭਾਰਤੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਦਾ ਮੰਨਣਾ ਹੈ ਕਿ ਟੀ-20 ਲੀਗ ਵਿਚ ਜ਼ਬਰਦਸਤ ਬੱਲੇਬਾਜ਼ੀ ਕਰਨ ਵਾਲੇ ਕੈਰੇਬੀਆਈ ਬੱਲੇਬਾਜ਼ਾਂ ਲਈ ਭਾਰਤ ਵਿਰੁੱਧ ਵਿਸ਼ਵ ਕੱਪ ਦੇ ਮੈਚ ਵਿਚ 'ਹਾਲਾਤ ਦਾ ਦਬਾਅ' ਵੱਖਰੀ ਤਰ੍ਹਾਂ ਦਾ ਹੋਵੇਗਾ। ਵੈਸਟਇੰਡੀਜ਼ ਸੈਮੀਫਾਈਨਲ 'ਚ ਪ੍ਰਵੇਸ਼ ਕਰਨ ਦੀ ਦੌੜ ਵਿਚੋਂ ਲਗਭਗ ਬਾਹਰ ਹੈ ਅਤੇ ਰਸੇਲ ਦੀ ਸੱਟ ਨੇ ਉਸਦੀਆਂ ਸਮੱਸਿਆਵਾਂ ਹੋਰ ਵਧਾ ਦਿੱਤੀਆਂ ਹਨ।
ਹੁਣ ਤਕ ਵਿਸ਼ਵ ਕੱਪ ਦੇ ਚਾਰ ਮੈਚਾਂ ਵਿਚ 6 ਤੋਂ ਘੱਟ ਦੀ ਔਸਤ ਨਾਲ ਸੱਤ ਵਿਕਟਾਂ ਲੈ ਚੁੱਕੇ ਚਾਹਲ ਨੇ  ਕਿਹਾ, ''ਆਪਣੇ ਦੇਸ਼ ਲਈ ਖੇਡਣਾ ਆਈ. ਪੀ. ਐੱਲ. ਖੇਡਣ ਤੋਂ ਇਕਦਮ ਵੱਖਰਾ ਹੈ। ਇਸ ਵਿਚ ਮੈਚ ਜਿੱਤਣ ਦਾ ਦਬਾਅ ਉਨ੍ਹਾਂ 'ਤੇ ਵੀ ਓਨਾ ਹੀ ਹੋਵੇਗਾ, ਜਿੰਨਾ ਸਾਡੇ 'ਤੇ ਹੈ। ਉਹ ਜਿੱਤ ਲਈ ਬੇਚੈਨ ਹਨ ਅਤੇ ਫਾਰਮ ਵਾਪਸ ਹਾਸਲ ਕਰਨ ਦੀ ਕੋਸ਼ਿਸ਼ ਵਿਚ ਰੁੱਝੇ ਹੋਏ ਹਨ। ਹਾਲਾਤ ਇਕਦਮ ਵੱਖਰੇ ਹਨ।''
ਅਫਗਾਨਿਸਤਾਨ ਵਿਰੁੱਧ ਹੋਏ ਮੈਚ ਨਾਲ ਹੌਸਲਾ ਮਿਲਿਐ 
ਅਫਗਾਨਿਸਤਾਨ ਵਿਰੁੱਧ ਘੱਟ ਸਕੋਰ ਵਾਲੇ ਮੈਚ ਵਿਚ ਭਾਰਤੀ ਗੇਂਦਬਾਜ਼ਾਂ ਨੇ ਉਪਯੋਗਿਤਾ ਸਾਬਤ ਕੀਤੀ। ਚਾਹਲ ਨੇ ਕਿਹਾ, ''ਅਸੀਂ 230 ਤੋਂ ਘੱਟ ਦੌੜਾਂ ਬਣਾਈਆਂ ਸਨ, ਜਿਸ ਦੇ ਨਾਂਹ-ਪੱਖੀ ਅਤੇ ਹਾਂ-ਪੱਖੀ ਦੋਵੇਂ ਪਹਿਲੂ ਹਨ। ਇਸ ਤਰ੍ਹਾਂ ਦੇ ਮੈਚ ਜਿੱਤਣ ਨਾਲ ਹੌਸਲਾ ਮਿਲਦਾ ਹੈ ਕਿ ਅਸੀਂ ਘੱਟ ਸਕੋਰ ਵਾਲੇ ਮੈਚ ਵੀ ਜਿੱਤ ਸਕਦੇ ਹਾਂ।'' ਉਸ ਨੇ ਕਿਹਾ, ''ਗੇਂਦਬਾਜ਼ੀ ਵਿਚ ਸਾਡਾ ਟੀਚਾ ਵੱਧ ਤੋਂ ਵੱਧ ਡਾਟ ਗੇਂਦਾਂ ਸੁੱਟਣ ਦਾ ਸੀ ਤਾਂ ਕਿ ਆਖਰੀ ਓਵਰਾਂ ਵਿਚ ਅਫਗਾਨਿਸਤਾਨੀਆਂ ਨੂੰ 6 ਜਾਂ 7 ਦੀ ਔਸਤ ਨਾਲ ਦੌੜਾਂ ਬਣਾਉਣੀਆਂ ਪੈਣ। ਕਈ ਵਾਰ ਤੁਸੀਂ 350 ਦੌੜਾਂ ਬਣਾ ਕੇ ਵੀ ਹਾਰ ਜਾਂਦੇ ਹੋ ਅਤੇ ਕਈ ਵਾਰ 250 ਦੌੜਾਂ ਬਣਾ ਕੇ ਵੀ ਜਿੱਤ ਜਾਂਦੇ ਹੋ, ਇਹ ਮਾਨਸਿਕਤਾ ਦੀ ਗੱਲ ਹੈ।''


author

Gurdeep Singh

Content Editor

Related News