27 ਸਾਲ ਬਾਅਦ ਫਾਈਨਲ ''ਚ ਪਹੁੰਚਣਾ ਸੁਖਦਾਈ : ਮੋਰਗਨ
Friday, Jul 12, 2019 - 09:10 PM (IST)

ਐਜਬਸਟਨ- ਪੁਰਾਣੇ ਵਿਰੋਧੀ ਤੇ ਸਾਬਕਾ ਜੇਤੂ ਆਸਟਰੇਲੀਆ ਨੂੰ ਆਈ. ਸੀ.ਸੀ. ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਹਰਾ ਕੇ 27 ਸਾਲਾਂ ਦੇ ਲੰਬੇ ਸਮੇਂ ਬਾਅਦ ਫਾਈਨਲ ਵਿਚ ਪਹੁੰਚਣ 'ਤੇ ਮੇਜ਼ਬਾਨ ਇੰਗਲੈਂਡ ਦੇ ਕਪਤਾਨ ਇਯੋਨ ਮੋਰਗਨ ਨੇ ਕਿਹਾ ਕਿ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚਣਾ ਕਾਫੀ ਸੁਖਦਾਇਕ ਤਜਰਬਾ ਹੈ। ਮੋਰਗਨ ਨੇ ਕਿਹਾ, ''ਮੈਂ ਦਰਸ਼ਕਾਂ ਨੂੰ ਧੰਨਵਾਦ ਦਿੰਦਾ ਹਾਂ, ਜਿਹੜੇ ਲਗਾਤਾਰ ਸਾਡਾ ਸਮਰਥਨ ਕਰਦੇ ਆਏ ਹਨ। ਐਜਬਸਟਨ ਦਾ ਮੈਦਾਨ ਹਮੇਸ਼ਾ ਹੀ ਸਾਡੇ ਲਈ ਚੰਗਾ ਰਿਹਾ ਹੈ। ਅਸੀਂ ਇੱਥੇ ਲੀਗ ਮੁਕਾਬਲੇ ਵਿਚ ਭਾਰਤ ਨੂੰ ਵੀ ਹਰਾਇਆ ਸੀ ਤੇ ਅਸੀਂ ਇਸ ਮੁਕਾਬਲੇ ਵਿਚ ਉਸੇ ਆਤਮਵਸ਼ਿਵਾਸ ਨਾਲ ਉਤਰੇ ਸੀ।''
ਕਪਤਾਨ ਨੇ ਕਿਹਾ, ''ਲੀਗ ਗੇੜ ਤੋਂ ਲੈ ਕੇ ਸੈਮੀਫਾਈਨਲ ਤਕ ਪਹੁੰਚਣ ਵਿਚ ਆਤਮਵਿਸ਼ਵਾਸ ਨੂੰ ਬਰਕਰਾਰ ਰੱਖਣਾ ਕਾਫੀ ਮਹੱਤਵਪੂਰਨ ਸੀ। ਅਸੀਂ ਚਾਹੁੰਦੇ ਸੀ ਕਿ ਅਸੀਂ ਆਪਣੀ ਲੈਅ ਬਰਕਰਾਰ ਰੱਖੀਏ ਤੇ ਪਹਿਲੀ ਗੇਂਦ ਤੋਂ ਹੀ ਹਮਲਾ ਕਰੀਏ। ਇਸੇ ਨੀਤੀ ਦਾ ਫਾਇਦਾ ਸਾਨੂੰ ਆਸਟਰੇਲੀਆ ਵਿਰੁੱਧ ਮੁਕਾਬਲੇ ਵਿਚ ਮਿਲਿਆ।''