ਕੌਣ ਹੈ Isa Guha? ਜਸਪ੍ਰੀਤ ਬੁਮਰਾਹ 'ਤੇ 'ਨਸਲੀ ਟਿੱਪਣੀ' ਕਰਕੇ ਬੁਰੀ ਫਸੀ? ਕ੍ਰਿਕਟ 'ਚ ਦਰਜ ਕੀਤੇ ਕਈ ਇਤਿਹਾਸਕ ਰਿਕਾਰ
Monday, Dec 16, 2024 - 05:39 PM (IST)
ਸਪੋਰਟਸ ਡੈਸਕ- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤੀਜਾ ਟੈਸਟ ਮੈਚ ਬ੍ਰਿਸਬੇਨ ਦੇ ਗਾਬਾ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਇਸ ਮੁਕਾਬਲੇ ਦੇ ਦੂਜੇ ਦਿਨ 'ਤੇ ਟਿੱਪਣੀ ਕਰਦੇ ਹੋਏ ਈਸਾ ਗੁਹਾ ਨੇ ਜਸਪ੍ਰੀਤ ਬੁਮਰਾਹ ਲਈ ਇੱਕ ਸ਼ਬਦ ਦਾ ਇਸਤੇਮਾਲ ਕੀਤਾ, ਜਿਸ ਨਾਲ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ, ਇੰਗਲਿਸ਼ ਮਹਿਲਾ ਕੁਮੈਂਟੇਟਰ ਈਸਾ ਗੁਹਾ ਨੇ ਦੂਜੇ ਦਿਨ ਟਿੱਪਣੀ ਕਰਦੇ ਹੋਏ 'ਪ੍ਰਾਈਮੇਟ' ਸ਼ਬਦ ਦੀ ਵਰਤੋਂ ਕੀਤੀ ਸੀ, ਜਿਸਦਾ ਅਰਥ ਹੈ 'ਨਰਬਾਂਦਰ'। ਬਸ ਫਿਰ ਕੀ ਸੀ, ਲੋਕਾਂ ਨੇ ਇਸ ਨੂੰ 2008 ਵਿਚ ‘ਮੰਕੀਗੇਟ ਸਕੈਂਡਲ’ ਨਾਲ ਜੋੜ ਕੇ ਵੱਡਾ ਮੁੱਦਾ ਬਣਾ ਲਿਆ। ਈਸਾ ਨੇ ਮੰਗੀ ਮਾਫੀ, ਪਰ 'ਪ੍ਰਾਈਮੇਟ' ਸ਼ਬਦ ਕਾਰਨ ਉਹ ਕਾਫੀ ਸੁਰਖੀਆਂ 'ਚ ਹੈ ਪਰ ਤੁਸੀਂ ਈਸਾ ਗੁਹਾ ਬਾਰੇ ਕਿੰਨਾ ਕੁ ਜਾਣਦੇ ਹੋ?
ਈਸਾ ਗੁਹਾ ਕਈ ਸਾਲਾਂ ਤੋਂ ਟੀਵੀ ਟਿੱਪਣੀਕਾਰ ਅਤੇ ਰੇਡੀਓ ਪ੍ਰਸਾਰਕ ਵਜੋਂ ਕੰਮ ਕਰ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਉਹ ਸਾਬਕਾ ਕ੍ਰਿਕਟਰ ਹੈ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇੰਗਲੈਂਡ ਲਈ 100 ਤੋਂ ਵੱਧ ਮੈਚ ਖੇਡ ਚੁੱਕੀ ਹੈ। ਉਹ ਜ਼ਿਆਦਾਤਰ ਟੈਸਟ ਮੈਚਾਂ ਦੌਰਾਨ ਕੁਮੈਂਟਰੀ ਕਰਦੀ ਨਜ਼ਰ ਆਉਂਦੀ ਹੈ ਅਤੇ ਦੁਨੀਆ ਦੀਆਂ ਕਈ ਪ੍ਰਮੁੱਖ ਵੈੱਬਸਾਈਟਾਂ ਲਈ ਕਾਲਮ ਵੀ ਲਿਖਦੀ ਹੈ। ਦਰਅਸਲ, ਉਸਨੇ ਸਾਲ 2012 ਵਿੱਚ ਲਿਖਣ ਅਤੇ ਟਿੱਪਣੀ ਦਾ ਕੰਮ ਸ਼ੁਰੂ ਕੀਤਾ ਸੀ।
ਭਾਰਤੀ ਮੂਲ ਦੀ ਹੈ ਈਸਾ ਗੁਹਾ
ਈਸਾ ਗੁਹਾ ਮੂਲ ਰੂਪ ਵਿੱਚ ਭਾਰਤੀ ਹੈ ਅਤੇ ਉਹ ਅੰਤਰਰਾਸ਼ਟਰੀ ਪੱਧਰ 'ਤੇ ਇੰਗਲੈਂਡ ਦੀ ਨੁਮਾਇੰਦਗੀ ਕਰਨ ਵਾਲੀ ਭਾਰਤੀ ਮੂਲ ਦੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ। ਈਸਾ ਦੇ ਮਾਤਾ-ਪਿਤਾ ਕਈ ਸਾਲ ਪਹਿਲਾਂ ਕੋਲਕਾਤਾ ਤੋਂ ਯੂਨਾਈਟਿਡ ਕਿੰਗਡਮ ਸ਼ਿਫਟ ਹੋ ਗਏ ਸਨ। ਈਸਾ ਗੁਹਾ ਦਾ ਜਨਮ ਮਈ 1985 ਵਿੱਚ ਬਕਿੰਘਮਸ਼ਾਇਰ, ਇੰਗਲੈਂਡ ਵਿੱਚ ਹੋਇਆ ਸੀ। ਉਸਨੇ 8 ਸਾਲ ਦੀ ਉਮਰ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਅਤੇ ਬਚਪਨ ਵਿੱਚ ਆਪਣੇ ਵੱਡੇ ਭਰਾ ਨਾਲ ਅਭਿਆਸ ਕੀਤਾ। ਉਹ ਸਿਰਫ 13 ਸਾਲ ਦੀ ਉਮਰ ਵਿੱਚ ਇੰਗਲੈਂਡ ਦੀ ਵਿਕਾਸ ਟੀਮ ਵਿੱਚ ਚੁਣਿਆ ਗਿਆ ਸੀ। ਈਸਾ ਗੁਹਾ ਦੀ ਕੁੱਲ ਜਾਇਦਾਦ ਲਗਭਗ 12.6 ਕਰੋੜ ਰੁਪਏ ਦੱਸੀ ਜਾਂਦੀ ਹੈ। ਉਸਨੇ ਸਾਲ 2018 ਵਿੱਚ ਮਸ਼ਹੂਰ ਗਾਇਕ ਰਿਚਰਡ ਥਾਮਸ ਨਾਲ ਵਿਆਹ ਕੀਤਾ ਸੀ।
ਈਸਾ ਗੁਹਾ ਦਾ ਕ੍ਰਿਕਟ ਕਰੀਅਰ
ਈਸਾ ਗੁਹਾ ਸੱਜੀ ਬਾਂਹ ਤੋਂ ਤੇਜ਼ ਗੇਂਦਬਾਜ਼ੀ ਕਰਦੀ ਸੀ ਅਤੇ ਉਸਨੇ ਸਾਲ 2001 ਵਿੱਚ ਸਕਾਟਲੈਂਡ ਦੇ ਖਿਲਾਫ ਇੰਗਲੈਂਡ ਲਈ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅਗਲੇ ਹੀ ਸਾਲ ਉਸਨੇ ਭਾਰਤ ਦੇ ਖਿਲਾਫ ਆਪਣਾ ਟੈਸਟ ਡੈਬਿਊ ਕੀਤਾ। ਉਸਨੇ ਮਾਰਚ 2012 ਵਿੱਚ ਸੰਨਿਆਸ ਲੈਣ ਤੋਂ ਪਹਿਲਾਂ 83 ਵਨਡੇ ਮੈਚਾਂ ਵਿੱਚ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ। ਉਸਨੇ 83 ਵਨਡੇ ਮੈਚਾਂ ਵਿੱਚ 101 ਵਿਕਟਾਂ ਅਤੇ 22 ਟੀ-20 ਮੈਚਾਂ ਵਿੱਚ 18 ਵਿਕਟਾਂ ਲਈਆਂ। ਇਸ ਤੋਂ ਇਲਾਵਾ ਈਸਾ ਗੁਹਾ ਨੇ 8 ਟੈਸਟ ਖੇਡਦੇ ਹੋਏ 29 ਵਿਕਟਾਂ ਲਈਆਂ ਸਨ।