ਜਦੋਂ ਪਠਾਨ ਨੇ ਆਪਣੀ ਸਵਿੰਗ ਨਾਲ ਪਾਕਿ ਨੂੰ ਯਾਦ ਕਰਾਈ ਸੀ 'ਨਾਨੀ' (ਵੀਡੀਓ)

Tuesday, Jan 29, 2019 - 02:02 PM (IST)

ਸਪੋਰਟਸ ਡੈਸਕ : ਹਰ ਕਿਸੇ ਲਈ ਕੋਈ ਨਾ ਕੋਈ ਸਪੈਸ਼ਲ ਜ਼ਰੂਰ ਹੁੰਦਾ ਹੈ, ਜਿਸ ਨੂੰ ਉਹ ਭੁੱਲ ਨਹੀਂ ਸਕਦਾ। ਅੱਜ ਦਾ ਦਿਨ (29, ਜਨਵਰੀ) ਭਾਰਤੀ ਪੇਸਰ ਇਰਫਾਨ ਪਠਾਨ ਲਈ ਅਜਿਹਾ ਹੀ ਹੈ ਪਰ ਇਰਫਾਨ ਦੇ ਨਾਲ ਇਹ ਦਿਨ ਕ੍ਰਿਕਟ ਪ੍ਰਸ਼ੰਸਕਾਂ ਲਈ ਵੀ ਖਾਸ ਹੈ ਕਿਉਂਕਿ ਅੱਜ ਤੋਂ 13 ਸਾਲ ਪਹਿਲਾਂ ਇਰਫਾਨ ਨੇ ਪਾਕਿਸਤਾਨ ਖਿਲਾਫ ਖੇਡਦਿਆਂ ਕਰਾਚੀ ਟੈਸਟ ਦੇ ਪਹਿਲੇ ਹੀ ਓਵਰ ਵਿਚ ਹੈਟ੍ਰਿਕ ਲਾਈ ਸੀ। ਹਾਲਾਂਕਿ ਇਸ ਮੈਚ ਵਿਚ ਭਾਰਤ ਦੀ ਹਾਰ ਹੋਈ ਸੀ ਪਰ ਇਰਫਾਨ ਆਪਣੀ ਛਾਪ ਜ਼ਰੂਰ ਛੱਡ ਗਏ ਜੋ ਲੋਕਾਂ ਨੂੰ ਅੱਜ ਵੀ ਯਾਦ ਹੈ। ਦਰਅਸਲ ਹੈਟ੍ਰਿਕ ਵਿਕਟ ਦੇ ਮਾਮਲੇ ਵਿਚ ਉਹ ਹਰਭਜਨ ਸਿੰਘ ਤੋਂ ਬਾਅਦ ਦੂਜੇ ਗੇਂਦਬਾਜ਼ ਸੀ ਪਰ ਪਹਿਲੇ ਓਵਰ ਵਿਚ ਹੈਟ੍ਰਿਕ ਦਾ ਪਹਿਲਾ ਮੌਕਾ ਸੀ।

ਇਸ ਤਰ੍ਹਾਂ ਕੀਤੀ ਸੀ ਹੈਟ੍ਰਿਕ
ਪਹਿਲੇ 2 ਮੈਚ ਡਰਾਅ ਹੋਮ ਤੋਂ ਬਾਅਦ 29 ਜਨਵਰੀ 2006 ਨੂੰ ਕਰਾਚੀ ਟੈਸਟ ਸੀਰੀਜ਼ ਦਾ ਤੀਜਾ ਅਤੇ ਆਖਰੀ ਟੈਸਟ ਮੈਚ ਸੀ। ਪਾਕਿਸਤਾਨੀ ਬੱਲੇਬਾਜ਼ ਕ੍ਰੀਜ਼ 'ਤੇ ਬੱਲੇਬਾਜ਼ੀ ਕਰਨ ਉਤਰੇ ਤਾਂ ਕਪਤਾਨ ਸੌਰਭ ਗਾਂਗੁਲੀ ਨੇ ਇਰਫਾਨ ਨੂੰ ਗੇਂਦ ਦਿੱਤੀ। ਇਸ ਤੋਂ ਬਾਅਦ ਇਰਫਾਨ ਨੇ ਉਹ ਕਰ ਦਿਖਾਇਆ ਜਿਸਦੀ ਕਿਸੇ ਨੂੰ ਉਮੀਦ ਵੀ ਨਹੀਂ ਸੀ। ਪਾਕਿਸਤਾਨ ਵਲੋਂ ਸਲਮਾਨ ਬਟ ਬੱਲੇਬਾਜ਼ੀ ਕਰਨ ਉਤਰੇ। ਪਹਿਲੀਆਂ 3 ਗੇਂਦਾਂ 'ਤੇ ਕੋਈ ਸਕੋਰ ਨਹੀਂ ਬਣਿਆ ਪਰ ਜਦੋਂ ਇਰਫਾਨ ਨੇ ਚੌਥੀ ਗੇਂਦ ਕਰਾਈ ਤਾਂ ਬਟ ਦੇ ਬੱਲੇ ਦੇ ਕਿਨਾਰੇ 'ਤੇ ਲੱਗ ਕੇ ਗੇਂਦ ਸਲਿਪ 'ਤੇ ਖੜ੍ਹੇ ਰਾਹੁਲ ਦ੍ਰਾਵਿੜ ਨੇ ਕੈਚ ਕਰ ਲਈ।

ਇਸ ਤੋਂ ਬਾਅਦ ਯੂਨਸ ਖਾਨ ਆਏ। 5ਵੀਂ ਗੇਂਦ ਸਵਿੰਗ ਹੋ ਕੇ ਅੰਦਰ ਆਈ ਅਤੇ ਯੂਨਸ ਦੇ ਪੈਡ ਨਾਲ ਟਕਰਾਈ ਜਿਸ ਨਾਲ ਉਹ ਐੱਲ. ਬੀ. ਡਬਲਿਯੂ. ਹੋ ਗਏ। ਇਸ ਤੋਂ ਬਾਅਦ ਜੋ ਹੋਣ ਵਾਲਾ ਸੀ ਉਸ ਦਾ ਅੰਦਾਜ਼ਾ ਸ਼ਾਇਦ ਇਰਫਾਨ ਨੂੰ ਵੀ ਨਹੀਂ ਸੀ। ਮੈਦਾਨ ਵਿਚ ਮੁਹੰਮਦ ਯੂਸਫ ਦੀ ਐਂਟ੍ਰੀ ਹੋਈ ਅਤੇ ਪਠਾਨ ਨੇ ਓਵਰ ਦੀ ਆਖਰੀ ਗੇਂਦ ਸੁੱਟੀ। ਇਹ ਇਨਸਵਿੰਗ ਗੇਂਦ ਸੀ। ਇਸ ਤੋਂ ਪਹਿਲਾਂ ਉਹ ਕੁਝ ਸਮਝ ਸਕਦੇ ਗੇਂਦ ਸਿੱਧੇ ਉਸ ਦੇ ਸਟੰਪ ਨਾਲ ਟਕਰਾਈ ਅਤੇ ਇਰਫਾਨ ਦੀ ਹੈਟ੍ਰਿਕ ਪੂਰੀ ਹੋ ਗਈ।


Related News