IPL : ਕਰੋੜਾਂ ''ਚ ਵਿਕਿਆ ਪੰਜਾਬ ਦਾ ਇਹ ਖਿਡਾਰੀ, ਪੜ੍ਹੋ ''ਜਗ ਬਾਣੀ'' ਨਾਲ ਵਿਸ਼ੇਸ਼ ਗੱਲਬਾਤ

Tuesday, Jan 30, 2018 - 01:22 PM (IST)

IPL : ਕਰੋੜਾਂ ''ਚ ਵਿਕਿਆ ਪੰਜਾਬ ਦਾ ਇਹ ਖਿਡਾਰੀ, ਪੜ੍ਹੋ ''ਜਗ ਬਾਣੀ'' ਨਾਲ ਵਿਸ਼ੇਸ਼ ਗੱਲਬਾਤ

ਜਲੰਧਰ (ਜਗ ਬਾਣੀ ਸਪੋਰਸ ਡੈਸਕ)— ਆਈ. ਪੀ. ਐੈੱਲ. 'ਚ ਸਨਰਾਈਜ਼ਰਜ਼ ਹੈਦਰਾਬਾਦ ਲਈ 3 ਕਰੋੜ ਰੁਪਏ 'ਚ ਖਰੀਦਿਆ ਗਿਆ ਸ਼ਾਹੀ ਸ਼ਹਿਰ ਦਾ ਸੰਦੀਪ ਸ਼ਰਮਾ ਨਵੀਂ ਟੀਮ ਲਈ ਖੇਡਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਮਲਟੀਪਰਪਜ਼ ਸਕੂਲ ਤੋਂ ਕ੍ਰਿਕਟ ਖੇਡ ਕੇ ਕੋਚ ਕੰਵਲਜੀਤ ਤੋਂ ਟ੍ਰੇਨਿੰਗ ਲੈਂਦਿਆਂ ਸੰਦੀਪ ਨੇ ਇਕ ਵੱਡਾ ਮੁਕਾਮ ਹਾਸਲ ਕੀਤਾ ਹੈ।
ਇਕ ਗਰੀਬ ਪਰਿਵਾਰ ਦੇ ਇਸ ਲੜਕੇ ਨੇ ਦੂਜਿਆਂ ਨੂੰ ਵੀ ਪ੍ਰੇਰਣਾ ਦਿੱਤੀ ਹੈ। ਅੱਜ ਉਹ ਇਸ ਮੁਕਾਮ 'ਤੇ ਪਹੁੰਚ ਚੁੱਕਾ ਹੈ ਕਿ ਯੁਵਰਾਜ ਸਿੰਘ ਤੇ ਹਰਭਜਨ ਸਿੰਘ ਭੱਜੀ ਤੋਂ ਜ਼ਿਆਦਾ ਬੋਲੀ ਉਸ ਦੀ ਲੱਗੀ ਹੈ। ਇਸ ਨੂੰ ਇਕ ਜ਼ਿੰਮੇਵਾਰੀ ਸਮਝਦੇ ਹੋਏ ਉਹ ਇਸ ਵਾਰ ਆਈ. ਪੀ. ਐੈੱਲ. ਨੂੰ ਇੰਜੁਆਏ ਕਰਨਾ ਚਾਹੁੰਦਾ ਹੈ, ਹਾਲਾਂਕਿ ਆਪਣੀ ਟੀਮ ਕਿੰਗਜ਼ ਇਲੈਵਨ ਪੰਜਾਬ ਵੱਲੋਂ ਉਸ ਨੂੰ ਨਜ਼ਰਅੰਦਾਜ਼ ਕੀਤੇ ਜਾਣ 'ਤੇ ਉਹ ਕਾਫੀ ਨਿਰਾਸ਼ ਹੈ ਪਰ ਉਸ ਦੇ ਮਨ ਵਿਚ ਕਿਸੇ ਤਰ੍ਹਾਂ ਦੀਆਂ ਹਾਰਡ ਫੀਲਿੰਗਜ਼ ਨਹੀਂ ਹਨ। ਇਹ ਗੱਲਾਂ ਖੁਦ ਸੰਦੀਪ ਸ਼ਰਮਾ ਨੇ ਆਈ. ਪੀ. ਐੱਲ. ਨਿਲਾਮੀ ਤੋਂ ਬਾਅਦ 'ਜਗ ਬਾਣੀ' ਦਫ਼ਤਰ ਵਿਚ ਆ ਕੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸੀਆਂ। ਉਹ ਕਹਿੰਦਾ ਹੈ ਕਿ ਪੁਰਾਣੀ ਟੀਮ ਨਾਲ ਇਕ ਕੰਫਰਟ ਜ਼ੋਨ ਹੋ ਜਾਂਦਾ ਹੈ, ਇਸ ਲਈ ਉਸ ਨੂੰ ਦੁੱਖ ਹੈ ਕਿ ਉਸ ਨੂੰ ਨਹੀਂ ਖਰੀਦਿਆ ਗਿਆ।

ਬਚਪਨ ਦੇ ਦੋਸਤਾਂ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ 'ਚ ਜਾਣ ਦੀ ਸੀ ਇੱਛਾ
ਉਂਝ ਤਾਂ ਨਵੀਂ ਟੀਮ ਵਿਚ ਚੁਣੇ ਜਾਣ ਤੋਂ ਬਾਅਦ ਉਹ ਕਾਫੀ ਖੁਸ਼ ਹੈ ਪਰ ਉਸ ਨੂੰ ਲੱਗਦਾ ਹੈ ਕਿ ਆਪਣੇ ਬਚਪਨ ਦੇ ਦੋਸਤਾਂ ਮਨਦੀਪ ਸਿੰਘ ਤੇ ਮਨਨ ਵੋਹਰਾ ਦੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਚੁਣਿਆ ਜਾਂਦਾ ਤਾਂ ਪੰਜਾਬ ਦੀ ਇਹ ਤਿਕੜੀ ਧਮਾਲ ਪਾ ਦਿੰਦੀ। ਉਹ ਕਹਿੰਦਾ ਹੈ ਕਿ ਮਨਦੀਪ, ਮਨਨ ਨਾਲ ਉਸ ਦੀ ਬਹੁਤ ਵਧੀਆ ਬਾਂਡਿੰਗ ਹੈ।

ਆਪਣੇ ਗੇਂਦਬਾਜ਼ੀ ਸਟਾਈਲ ਨੂੰ ਹਰ ਵਾਰ ਚੇਂਜ ਕਰਨਾ ਪੈਂਦੈ
ਗੇਂਦਬਾਜ਼ੀ ਸਟਾਈਲ 'ਚ ਬਦਲਾਅ ਨੂੰ ਲੈ ਕੇ ਸੰਦੀਪ ਕਹਿੰਦਾ ਹੈ ਕਿ ਹਰ ਸਾਲ ਆਈ. ਪੀ. ਐੱਲ. ਵਿਚ ਇਸ ਸਟਾਈਲ ਨੂੰ ਚੇਂਜ ਕਰਨਾ ਪੈਂਦਾ ਹੈ ਕਿਉਂਕਿ ਫਿਰ ਬੱਲੇਬਾਜ਼ਾਂ ਲਈ ਉਹ ਐਕਸ਼ਨ ਪ੍ਰਡਿਕਟੇਬਲ ਹੋ ਜਾਂਦਾ ਹੈ, ਜਦਕਿ ਗੇਂਦਬਾਜ਼ ਕਦੋਂ ਕਿਹੜੀ ਗੇਂਦ ਪਾ ਦਵੇ, ਇਸ ਬਾਰੇ ਤਾਂ ਪਤਾ ਲੱਗਣਾ ਹੀ ਨਹੀਂ ਚਾਹੀਦਾ। ਪਹਿਲਾਂ ਸਵਿੰਗ ਕਰਦਾ ਸੀ, ਫਿਰ ਯਾਰਕਰ ਕੀਤੀ ਅਤੇ ਹੁਣ ਸਲੋਅ ਬਾਊਂਸਰ ਤੇ ਸਲੋਅ ਬਾਲ 'ਤੇ ਧਿਆਨ ਦੇ ਰਿਹਾ ਹਾਂ। ਮੈਦਾਨ ਵਿਚ ਉਹ ਹਰ ਵੱਡੇ ਖਿਡਾਰੀ ਤੋਂ ਸਿੱਖਦਾ ਹੈ, ਭਾਵੇਂ ਉਹ ਧੋਨੀ ਦਾ ਕੂਲ ਸਟਾਈਲ ਹੋਵੇ ਜਾਂ ਵਿਰਾਟ ਕੋਹਲੀ ਦਾ ਅਗਰੈਸ਼ਨ ਵਾਲਾ।

ਟੀਮ ਇੰਡੀਆ 'ਚ ਚੁਣੇ ਜਾਣ ਲਈ ਵਧੀਆ ਪ੍ਰਦਰਸ਼ਨ ਕਰਨਾ ਹੀ ਪਵੇਗਾ
ਇਸ ਤੋਂ ਪਹਿਲਾਂ ਟੀਮ ਇੰਡੀਆ ਲਈ ਖੇਡ ਚੁੱਕੇ ਸੰਦੀਪ ਨੇ ਕਿਹਾ ਕਿ ਹੁਣ ਮੁੜ ਟੀਮ 'ਚ ਜਗ੍ਹਾ ਬਣਾਉਣ ਲਈ ਉਸ ਨੂੰ ਇਕ-ਦੋ ਸੈਸ਼ਨ ਖੇਡ ਕੇ ਵਧੀਆ ਪ੍ਰਦਰਸ਼ਨ ਕਰਨਾ ਪਵੇਗਾ ਕਿਉਂਕਿ 2015 'ਚ ਉਸ ਦੇ ਮੋਢੇ 'ਤੇ ਸੱਟ ਲੱਗ ਗਈ ਸੀ। ਇਸ ਤੋਂ ਬਾਅਦ ਉਸ ਨੂੰ ਸਰਜਰੀ ਕਰਵਾਉਣੀ ਪਈ। ਉਸ ਦੀ ਰਿਕਵਰੀ 'ਚ ਡੇਢ ਸਾਲ ਲੱਗ ਗਿਆ, ਇਸ ਲਈ ਟੀਮ ਵਿਚ ਜਗ੍ਹਾ ਨਹੀਂ ਬਣ ਸਕੀ। ਹੁਣ ਟੀਮ 'ਚ ਆਉਣ ਲਈ ਫਿਰ ਤੋਂ ਪ੍ਰਦਰਸ਼ਨ 'ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ।

ਸੱਟ ਲੱਗਣ ਦਾ ਕਾਰਨ ਜ਼ਿਆਦਾ ਕ੍ਰਿਕਟ ਖੇਡਣਾ
ਨਾ ਸਿਰਫ ਖੁਦ ਸੰਦੀਪ ਸ਼ਰਮਾ ਸਗੋਂ ਭਾਰਤੀ ਟੀਮ ਦੇ ਅਹਿਮ ਖਿਡਾਰੀਆਂ ਨੂੰ ਸੱਟਾਂ ਲੱਗਣ ਦੀ ਗੱਲ 'ਤੇ ਸੰਦੀਪ ਨੇ ਕਿਹਾ ਕਿ ਇਸ ਦਾ ਵੱਡਾ ਕਾਰਨ ਬਹੁਤ ਜ਼ਿਆਦਾ ਕ੍ਰਿਕਟ ਖੇਡਣਾ ਹੈ। ਪੂਰੇ ਸਾਲ 'ਚ ਸਿਰਫ ਇਕ ਮਹੀਨਾ ਹੀ ਘਰੇਲੂ ਕ੍ਰਿਕਟ ਖੇਡਣ ਨੂੰ ਮਿਲਦੀ ਹੈ। ਅਜਿਹੀ ਹਾਲਤ 'ਚ ਰਿਕਵਰੀ ਦਾ ਸਮਾਂ ਹੀ ਨਹੀਂ ਮਿਲਦਾ।

ਹੁਣ ਆਪਣੇ ਸਕੂਲ ਵੀ ਜਾਵਾਂਗਾ
ਮਲਟੀਪਰਪਜ਼ ਸਰਕਾਰੀ ਸਕੂਲ ਤੋਂ ਕ੍ਰਿਕਟਰ ਬਣ ਕੇ ਅਤੇ ਪੜ੍ਹ ਕੇ ਨਿਕਲਿਆ ਸੰਦੀਪ ਬਹੁਤ ਸਾਲਾਂ ਤੋਂ ਆਪਣੇ ਸਕੂਲ ਨਹੀਂ ਗਿਆ। ਇਸ ਗੱਲ 'ਤੇ ਉਸ ਨੂੰ ਵੀ ਅਫਸੋਸ ਹੈ। ਉਸ ਨੇ ਕਿਹਾ ਕਿ ਮੈਂ ਵੀ ਆਪਣੇ ਸਕੂਲ ਜਾਵਾਂਗਾ ਅਤੇ ਜਿਹੜੇ ਜ਼ਰੂਰਤਮੰਦ ਖਿਡਾਰੀ ਹਨ, ਉਨ੍ਹਾਂ ਦੀ ਮਦਦ ਕਰਾਂਗਾ।

ਵਿਆਹ ਬਾਰੇ ਅਜੇ ਕੋਈ ਖਿਆਲ ਨਹੀਂ
ਨਿੱਜੀ ਜ਼ਿੰਦਗੀ ਦੇ ਸਵਾਲ 'ਤੇ ਉਸ ਨੇ ਕਿਹਾ ਕਿ ਵਿਆਹ ਦਾ ਅਜੇ ਕੋਈ ਖਿਆਲ ਵੀ ਨਹੀਂ ਹੈ। ਅਜੇ ਸਿਰਫ 24 ਸਾਲ ਦਾ ਹਾਂ। ਮੇਰੇ ਤੋਂ ਵੱਡੇ 2 ਭਰਾ ਹਨ, ਉਨ੍ਹਾਂ 'ਚੋਂ ਇਕ ਦਾ ਵਿਆਹ ਹੋਇਆ ਹੈ ਤੇ ਦੂਜਾ ਅਜੇ ਕੁਆਰਾ ਹੈ। ਮੇਰਾ ਨੰਬਰ ਤਾਂ ਬਹੁਤ ਬਾਅਦ 'ਚ ਆਏਗਾ। ਉਂਝ ਵੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਨੂੰ ਮੈਂ ਵੱਖ ਰੱਖਦਾ ਹਾਂ।

ਕ੍ਰਿਕਟ ਹੀ ਕ੍ਰਿਕਟਰਾਂ ਨੂੰ ਅਮੀਰ ਬਣਾ ਰਿਹਾ
ਗਰੀਬ ਪਰਿਵਾਰ 'ਚੋਂ ਨਿਕਲ ਕੇ ਵੱਡੇ ਕ੍ਰਿਕਟਰਾਂ 'ਚ ਆਪਣਾ ਨਾਂ ਸ਼ਾਮਲ ਕਰਾਉਣ ਵਾਲਾ ਸੰਦੀਪ ਕਹਿੰਦਾ ਹੈ ਕਿ ਕ੍ਰਿਕਟ ਹੀ ਕ੍ਰਿਕਟਰਾਂ ਨੂੰ ਅਮੀਰ ਬਣਾ ਰਹੀ ਹੈ। ਕ੍ਰਿਕਟ 'ਚ ਮਨੀ ਫੈਕਟਰ ਹੋਣ ਕਾਰਨ ਹੀ ਅੱਜ ਹਰ ਕੋਈ ਕ੍ਰਿਕਟ 'ਚ ਆ ਰਿਹਾ ਹੈ। ਕ੍ਰਿਕਟ ਦੀ ਬਲਾਈਂਡ ਟੀਮ ਵਰਲਡ ਕੱਪ ਜਿੱਤ ਰਹੀ ਹੈ। ਕ੍ਰਿਕਟ 'ਚ ਲੜਕੀਆਂ ਵੀ ਧਮਾਲ ਪਾ ਰਹੀਆਂ ਹਨ।


Related News