ਭਾਰਤ ’ਚ IPL ਖੇਡਣ ਦਾ ਤਜਰਬਾ ਕੰਮ ਆਇਆ : ਟਿਮ ਡੇਵਿਡ
Friday, Sep 23, 2022 - 01:20 PM (IST)

ਨਾਗਪੁਰ (ਭਾਸ਼ਾ)- ਸਿੰਗਾਪੁਰ ’ਚ ਜੰਮੇ ਆਸਟਰੇਲੀਆਈ ਖਿਡਾਰੀ ਟਿਮ ਡੇਵਿਡ ਨੇ ਕਿਹਾ ਕਿ ਆਈ. ਪੀ. ਐੱਲ. ਦੌਰਾਨ ਭਾਰਤੀ ਹਾਲਾਤਾਂ ’ਚ ਖੇਡਣ ਦੇ ਤਜਰਬੇ ਨਾਲ ਉਸ ਨੂੰ ਪਹਿਲੇ ਟੀ-20 ਮੈਚ ’ਚ ਦਬਾਅ ’ਚ ਸੰਜਮ ਬਣਾਈ ਰੱਖਣ ’ਚ ਮਦਦ ਮਿਲੀ। ਡੇਵਿਡ ਨੇ ਪਿਛਲੇ ਸਾਲ ਚੇਨਈ ਸੁਪਰ ਕਿੰਗਜ਼ ਖਿਲਾਫ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਆਈ. ਪੀ. ਐੱਲ. ’ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਮੁੰਬਈ ਇੰਡੀਅਨਜ਼ ਨੇ ਖਰੀਦਿਆ, ਜਿਸ ਲਈ ਉਸ ਨੇ ਇਸ ਸਾਲ 8 ਮੈਚ ਖੇਡੇ। ਡੇਵਿਡ ਨੇ ਵਰਚੁਅਲ ਪ੍ਰੈੱਸ ਕਾਨਫਰੰਸ 'ਚ ਕਿਹਾ, 'ਮੈਨੂੰ ਲੱਗਦਾ ਹੈ ਕਿ ਭਾਰਤ 'ਚ ਪਹਿਲਾਂ ਖੇਡਣ ਦਾ ਤਜਰਬਾ ਬਹੁਤ ਕੰਮ ਆਇਆ। ਮੈਨੂੰ ਪਤਾ ਸੀ ਕਿ ਅਸੀਂ ਉਹ ਦੌੜ ਬਣਾ ਲਵਾਂਗੇ।'
ਡੇਵਿਡ ਨੇ ਆਪਣੇ ਪਹਿਲੇ ਮੈਚ ’ਚ 14 ਗੇਂਦਾਂ ’ਚ 18 ਦੌੜਾਂ ਬਣਾਈਆਂ ਤੇ ਮੈਥਿਊ ਵੇਡ (45) ਨਾਲ 62 ਦੌੜਾਂ ਦੀ ਸਾਂਝੇਦਾਰੀ ਕਰ ਕੇ ਆਸਟਰੇਲੀਆ ਨੂੰ 4 ਵਿਕਟਾਂ ਨਾਲ ਜਿੱਤ ਦਿਵਾਈ। ਉਸ ਨੇ ਕਿਹਾ ਕਿ ਭਾਰਤ ਵਿੱਚ ਖੇਡਣ ਦੇ ਤਜਰਬੇ ਨੇ ਸਾਨੂੰ ਪਿੱਚਾਂ ਅਤੇ ਦਬਾਅ ਬਾਰੇ ਚੰਗੀ ਜਾਣਕਾਰੀ ਦਿੱਤੀ। ਭਾਰਤੀ ਹਾਲਾਤ 'ਚ ਟੀਚੇ ਦਾ ਪਿੱਛਾ ਕਰਨਾ ਫਾਇਦੇਮੰਦ ਹੁੰਦਾ ਹੈ। ਆਸਟ੍ਰੇਲੀਅਨ ਟੀਮ 'ਚ ਆਪਣੀ ਭੂਮਿਕਾ ਦੇ ਬਾਰੇ 'ਚ ਉਸ ਨੇ ਕਿਹਾ, 'ਮੇਰਾ ਕੰਮ ਮੱਧਕ੍ਰਮ 'ਚ ਬੱਲੇਬਾਜ਼ੀ ਕਰਨਾ ਹੈ, ਯਾਨੀ ਮੈਂ ਜ਼ਿਆਦਾ ਗੇਂਦਾਂ ਦਾ ਸਾਹਮਣਾ ਕਰਨ ਨਹੀਂ ਜਾ ਰਿਹਾ। ਮੇਰੀ ਜ਼ਿੰਮੇਵਾਰੀ ਫਿਨਿਸ਼ਰ ਦੀ ਹੈ ਅਤੇ ਮੈਂ ਆਪਣੇ ਕੁਦਰਤੀ ਸ਼ਾਟ ਖੇਡਾਂਗਾ।'