KKR vs KXIP : ਕੋਲਕਾਤਾ 'ਤੇ ਪੰਜਾਬ ਦੀ ਸ਼ਾਨਦਾਰ ਜਿੱਤ, 8 ਵਿਕਟਾਂ ਨਾਲ ਹਰਾਇਆ

Monday, Oct 26, 2020 - 10:55 PM (IST)

KKR vs KXIP : ਕੋਲਕਾਤਾ 'ਤੇ ਪੰਜਾਬ ਦੀ ਸ਼ਾਨਦਾਰ ਜਿੱਤ, 8 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ : ਕੋਲਕਾਤਾ ਨਾਈਟ ਰਾਈਡਰਸ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਆਈ. ਪੀ. ਐਲ. ਦਾ 46ਵਾਂ ਮੈਚ ਅੱਜ ਸ਼ਾਰਜਾਹ ਦੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜੋ ਕਿ ਪੰਜਾਬ ਲਈ ਸਹੀ ਸਾਬਤ ਹੋਇਆ ਅਤੇ ਪੰਜਾਬ ਨੇ ਦੂਜੇ ਨੰਬਰ 'ਤੇ ਬੱਲੇਬਾਜ਼ੀ ਕਰਕੇ ਕੋਲਕਾਤਾ ਨੂੰ 8 ਵਿਕਟਾਂ ਨਾਲ ਹਰਾ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ  ਕੋਲਕਾਤਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਸਾਹਮਣੇ 149 ਦੌੜਾਂ ਦਾ ਟੀਚਾ ਰੱਖਿਆ ਸੀ।

PunjabKesari
 

ਪੰਜਾਬ ਵਲੋਂ ਮਨਦੀਪ ਸਿੰਘ ਤੇ ਕ੍ਰਿਸ ਗੇਲ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਆਪਣੀ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ। ਮਨਦੀਪ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਟੀਮ ਨੂੰ ਜਿੱਤ ਦਿਵਾਉਣ 'ਚ ਆਪਣਾ ਯੋਗਦਾਨ ਪਾਇਆ। ਉਥੇ ਹੀ ਕ੍ਰਿਸ ਗੇਲ ਨੇ ਵੀ ਇਸ ਮੈਚ 'ਚ ਅਰਧ ਸੈਂਕੜਾ ਪੂਰਾ ਕੀਤਾ। ਇਨ੍ਹਾਂ ਤੋਂ ਇਲਾਵਾ ਓਪਨਿੰਗ 'ਤੇ ਆਏ ਕੇ. ਐਲ. ਰਾਹੁਲ ਨੇ 25 ਗੇਂਦਾਂ 'ਚ 28 ਦੌੜਾਂ ਬਣਾਈਆਂ ਅਤੇ ਫਿਰ ਐਲ. ਬੀ. ਡਬਲਯੂ ਆਊਟ ਹੋ ਗਏ।  ਪੰਜਾਬ ਨੇ ਵਧੀਆ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ 'ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।

PunjabKesari

ਦੱਸਣਯੋਗ ਹੈ ਕਿ ਪੰਜਾਬ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਉਨ੍ਹਾਂ ਦਾ ਇਹ ਫੈਸਲਾ ਉਸ ਸਮੇਂ ਸਹੀ ਹੁੰਦਾ ਨਜ਼ਰ ਆਇਆ ਜਦੋਂ ਪਹਿਲੇ 2 ਓਵਰਾਂ 'ਚ ਹੀ ਪੰਜਾਬ ਦੇ ਗੇਂਦਬਾਜ਼ਾਂ ਨੇ ਕੋਲਕਾਤਾ ਦੀਆਂ 2 ਵਿਕਟਾਂ ਡਿਗਾ ਦਿੱਤੀਆਂ। ਪੰਜਾਬ ਨੇ ਗੇਂਦਬਾਜ਼ੀ 'ਚ ਫਿਰ ਤੋਂ ਬਦਲਾਅ ਕਰਦੇ ਹੋਏ ਸਪਿਨਰ ਗਲੇਨ ਮੈਕਸਵੇਲ ਤੋਂ ਗੇਂਦਬਾਜ਼ੀ ਕਰਵਾਈ ਸੀ। ਮੈਕਸਵੇਲ ਨੇ ਪਹਿਲੇ ਓਵਰ ਦੀ ਦੂਜੀ ਹੀ ਗੇਂਦ 'ਤੇ ਨਿਤੀਸ਼ ਰਾਣਾ ਨੂੰ ਗੇਲ ਦੇ ਹੱਥਾਂ 'ਚ ਕੈਚ ਆਊਟ ਕਰਵਾ ਦਿੱਤਾ ਅਤੇ ਨਿਤੀਸ਼ ਰਾਣਾ ਖਾਤਾ ਵੀ ਨਹੀਂ ਖੋਲ ਸਕੇ। ਇਸ ਦੇ ਬਾਅਦ ਕ੍ਰੀਜ਼ 'ਤੇ ਆਏ ਰਾਹੁਲ ਤ੍ਰਿਪਾਠੀ ਨੇ ਕੁੱਝ ਦਮ ਦਿਖਾਇਆ ਪਰ ਸ਼ੰਮੀ ਦੇ ਓਵਰ 'ਚ ਉਨ੍ਹਾਂ ਦੇ ਬੱਲੇ ਦਾ  ਕਿਨਾਰਾ ਲੱਗ ਗੇਂਦ ਪੰਜਾਬ ਦੇ ਵਿਕਟਕੀਪਰ ਕਪਤਾਨ ਕੇ. ਐਲ. ਰਾਹੁਲ ਦੇ ਹੱਥਾਂ 'ਚ ਚਲੀ ਗਈ ਅਤੇ ਉਹ 7 ਦੌੜਾਂ ਹੀ ਬਣਾ ਸਕੇ।
PunjabKesari

ਕ੍ਰੀਜ਼ 'ਤੇ ਫਿਰ ਕੋਲਕਾਤਾ ਦੇ ਦਿਨੇਸ਼ ਕਾਰਤਿਕ ਰਹੇ ਪਰ ਉਹ ਵੀ ਪਹਿਲੀ ਗੇਂਦ 'ਤੇ ਹੀ ਕੈਚ ਆਊਟ ਹੋ ਗਏ। ਹਾਲਾਂਕਿ ਉਕਤ ਫੈਸਲੇ 'ਤੇ ਕਾਰਤਿਕ ਨੇ ਡੀ. ਆਰ. ਐਸ. ਦਾ ਵੀ ਸਹਾਰਾ ਲਿਆ ਸੀ ਪਰ ਇਹ ਉਨ੍ਹਾਂ ਦੇ ਕੰਮ ਨਹੀਂ ਆਇਆ। ਹਾਲਾਂਕਿ ਇਸ ਦੇ ਬਾਅਦ ਕਪਤਾਨ ਇਯੋਨ ਮਾਰਗਨ ਅਤੇ ਸ਼ੁਭਮਨ ਗਿੱਲ ਨੇ ਪਾਰੀ ਨੂੰ ਸੰਭਾਲਿਆ। ਮਾਰਗਨ ਇਸ ਦੌਰਾਨ ਹਮਲਾਵਰ ਮੂਡ 'ਚ ਦਿਸੇ। ਉਨ੍ਹਾਂ ਨੇ ਵੱਡੇ ਸ਼ਾਟ ਲਗਾ ਕੇ ਕੋਲਕਾਤਾ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ।
ਕਪਤਾਨ ਮਾਰਗਨ ਇਸ ਦੌਰਾਨ ਬਹੁਤ ਚੰਗਾ ਖੇਡੇ। ਪੰਜਾਬ ਦੇ ਸਪਿਨਰ ਰਵੀ ਬਿਸ਼ਨੋਈ ਦੀ ਗੇਂਦ 'ਤੇ ਅਸ਼ਵਿਨ ਨੂੰ ਕੈਚ ਥਮਾਉਣ ਤੋਂ ਪਹਿਲਾਂ ਉਨ੍ਹਾਂ ਨੇ 25 ਗੇਂਦਾਂ 'ਚ 5 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 40 ਦੌੜਾਂ ਬਣਾਈਆਂ। ਮਾਰਗਨ ਦਾ ਜਦੋਂ ਵਿਕਟ ਡਿਗਿਆ ਤਾਂ ਕੋਲਕਾਤਾ ਦਾ ਸਕੋਰ 91 ਦੌੜਾਂ ਸੀ। ਉਸ ਸਮੇਂ ਕ੍ਰੀਜ਼ 'ਤੇ ਸੁਨੀਲ ਨੇਰੇਨ ਆਏ ਜੋ ਕਿ ਆਪਣੇ ਪਿਛਲੇ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਚੁਕੇ ਸੀ ਪਰ ਉਹ ਇਸ ਵਾਰ ਵੱਡੀ ਪਾਰੀ ਨਹੀਂ ਖੇਡ ਸਕੇ, ਕ੍ਰਿਸ  ਜਾਰਡਨ ਨੇ ਉਨ੍ਹਾਂ ਨੂੰ 6 ਦੌੜਾਂ ਬਣਾਉਣ ਤੋਂ ਬਾਅਦ ਬੋਲਡ ਕਰ ਦਿੱਤਾ। ਇਸ ਤਰ੍ਹਾਂ ਪੂਰੀ ਟੀਮ ਦੇ ਸਹਿਯੋਗ ਨਾਲ ਕੋਲਕਾਤਾ ਨੇ 149 ਦੌੜਾਂ ਬਣਾਈਆਂ।

PunjabKesari

ਦੋਵੇਂ ਟੀਮਾਂ ਦੇ ਖਿਡਾਰੀ
ਕੋਲਕਾਤਾ ਨਾਈਟ ਰਾਈਡਰਸ : ਸ਼ੁਭਮਨ ਗਿਲ,ਨਿਤੀਸ਼ ਰਾਣਾ, ਰਾਹੁਲ ਤ੍ਰਿਪਾਠੀ, ਦਿਨੇਸ਼ ਕਾਰਤਿਕ (ਵਿਕਟਕੀਪਰ), ਸੁਨੀਲ ਨਾਰਾਇਣ, ਇਯੋਨ ਮੋਰਗਨ (ਕਪਤਾਨ), ਪੈਟ ਕਮਿੰਸ, ਸ਼ਿਵਮ ਮਾਵੀ/ਕਮਲੇਸ਼ ਨਾਗਰਕੋਟੀ, ਲਾਕਰ ਫ੍ਰਗਯੂਸਨ, ਪ੍ਰਿਸਿਧ ਕ੍ਰਿਸ਼ਨਾ, ਵਰੁਣਾ ਚਕਰਵਰਤੀ।
ਕਿੰਗਜ਼ ਇਲੈਵਨ ਪੰਜਾਬ : ਕੇ. ਐਲ. ਰਾਹੁਲ (ਕਪਤਾਨ, ਵਿਕਟਕੀਪਰ), ਮਯੰਕ ਅਗਰਵਾਲ/ਮਨਦੀਪ ਸਿੰਘ, ਕ੍ਰਿਸ ਗੇਲ, ਨਿਕੋਲਸ ਪੂਰਨ, ਗਲੇਨ ਮੈਕਸਵੇਲ, ਜੇਮਸ ਨੀਸ਼ਮ, ਦੀਪਕ ਹੁੱਡਾ, ਕ੍ਰਿਸ ਜਾਰਡਨ, ਐਮ. ਅਸ਼ਵਿਨ, ਰਵੀ ਬਿਸ਼ਨੋਈ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ।


author

Deepak Kumar

Content Editor

Related News