ਅਹਿਮਦਾਬਾਦ ''ਚ ਹੋਵੇਗਾ IPL ਦਾ ਫਾਈਨਲ, ਪੁਣੇ ''ਚ ਖੇਡਿਆ ਜਾਵੇਗਾ ਮਹਿਲਾ ਟੀ20 ਚੈਲੇਂਜ

Wednesday, May 04, 2022 - 11:33 AM (IST)

ਅਹਿਮਦਾਬਾਦ ''ਚ ਹੋਵੇਗਾ IPL ਦਾ ਫਾਈਨਲ, ਪੁਣੇ ''ਚ ਖੇਡਿਆ ਜਾਵੇਗਾ ਮਹਿਲਾ ਟੀ20 ਚੈਲੇਂਜ

ਨਵੀਂ ਦਿੱਲੀ (ਏਜੰਸੀ)- ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) ਦਾ ਫਾਈਨਲ 29 ਮਈ ਨੂੰ ਅਹਿਮਦਾਬਾਦ ਵਿਚ ਖੇਡਿਆ ਜਾਵੇਗਾ, ਜਦੋਂਕਿ ਮਹਿਲਾ ਟੀ20 ਚੈਲੇਂਜ ਦੇ ਮੈਚ 23 ਮਈ ਤੋਂ 28 ਮਈ ਤੱਕ ਪੁਣੇ ਵਿਚ ਆਯੋਜਿਤ ਕੀਤੇ ਜਾਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਪਿਛਲੇ ਮਹੀਨੇ ਜਿਵੇਂ ਕਿ ਪੀਟੀਆਈ ਨੇ ਰਿਪੋਰਟ ਦਿੱਤੀ ਸੀ, ਆਈ.ਪੀ.ਐੱਲ. ਦਾ ਪਹਿਲਾ ਕੁਆਲੀਫਾਇਰ ਅਤੇ ਐਲੀਮੀਨੇਟਰ ਕ੍ਰਮਵਾਰ 24 ਅਤੇ 25 ਮਈ ਨੂੰ ਕੋਲਕਾਤਾ ਵਿਚ, ਜਦੋਂਕਿ ਦੂਜਾ ਕੁਆਲੀਫਾਇਰ ਅਤੇ ਫਾਈਨਲ ਕ੍ਰਮਵਾਰ 27 ਮਈ ਅਤੇ 29 ਮਈ ਨੂੰ ਅਹਿਮਦਾਬਾਦ ਵਿਚ ਖੇਡੇ ਜਾਣਗੇ।

ਬੀ.ਸੀ.ਸੀ.ਆਈ. ਨੇ ਇੱਥੇ ਜਾਰੀ ਬਿਆਨ ਵਿਚ ਕਿਹਾ, 'ਪਹਿਲਾ ਕੁਆਲੀਫਾਇਰ 24 ਮਈ ਨੂੰ ਕੋਲਕਾਤਾ ਦੇ ਈਡਨ ਗਾਰਡਨ ਵਿਚ ਖੇਡਿਆ ਜਾਵੇਗਾ, ਜਿਸ ਤੋਂ ਬਾਅਦ 25 ਮਈ ਨੂੰ ਇਸੇ ਮੈਦਾਨ 'ਤੇ ਐਲੀਮੀਨੇਟਰ ਹੋਵੇਗਾ। ਅਹਿਮਦਾਬਾਦ ਦਾ ਨਰਿੰਦਰ ਮੋਦੀ ਸਟੇਡੀਅਮ ਕ੍ਰਮਵਾਰ 27 ਅਤੇ 29 ਮਈ ਨੂੰ ਦੂਜੇ ਕੁਆਲੀਫਾਇਰ ਅਤੇ ਆਈ.ਪੀ.ਐੱਲ. ਫਾਈਨਲ ਦੀ ਮੇਜ਼ਬਾਨੀ ਕਰੇਗਾ।'

ਪਿਛਲੇ ਮਹੀਨੇ ਬੀ.ਸੀ.ਸੀ.ਆਈ. ਦੀ ਸਿਖਰ ਕੌਂਸਲ ਦੀ ਬੈਠਕ ਦੇ ਬਾਅਦ ਬੋਰਡ ਪ੍ਰਧਾਨ ਸੌਰਵ ਗਾਂਗੁਲੀ ਨੇ ਿਕਹਾ ਸੀ ਕਿ ਮਹਿਲਾ ਟੀ20 ਚੈਲੇਂਜ ਲਖਨਊ ਵਿਚ ਖੇਡਿਆ ਜਾਵੇਗਾ ਪਰ ਹੁਣ ਇਸ ਨੂੰ ਪੁਣੇ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਦੇ ਮੈਚ 23, 24 ਅਤੇ 26 ਮਈ ਨੂੰ ਜਦੋਂਕਿ ਫਾਈਨਲ 28 ਮਈ ਨੂੰ ਖੇਡਿਆ ਜਾਵੇਗਾ। ਮਹਿਲਾ ਟੀ20 ਚੈਲੇਂਜ ਵਿਚ ਤਿੰਨ ਟੀਮਾਂ ਹਿੱਸਾ ਲੈਂਦੀਆਂ ਹਨ। ਪਿਛਲੇ ਸਾਲ ਇਸ ਦਾ ਆਯੋਜਨ ਨਹੀਂ ਹੋਇਆ ਸੀ। ਬੀ.ਸੀ.ਸੀ.ਆਈ. 2023 ਤੋਂ ਮਹਿਲਾ ਆਈ.ਪੀ.ਐੱਲ. ਦੀ ਯੋਜਨਾ ਬਣਾ ਰਿਹਾ ਹੈ, ਜਿਸ ਵਿਚ 5 ਜਾਂ 6 ਟੀਮਾਂ ਹਿੱਸਾ ਲੈਣਗੀਆਂ।
 


author

cherry

Content Editor

Related News