ਪੰਜਾਬ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਨੇ ਆਲਰਾਊਂਡਰਾਂ ''ਤੇ ਖ਼ਰਚ ਕੀਤੀ ਵੱਡੀ ਰਕਮ
Sunday, Feb 13, 2022 - 06:14 PM (IST)
ਬੈਂਗਲੁਰੂ (ਵਾਰਤਾ)- 2014 ਸੀਜ਼ਨ ਦੀ ਉਪ-ਜੇਤੂ ਪੰਜਾਬ ਕਿੰਗਜ਼ ਅਤੇ ਨਵੀਂ ਆਈ.ਪੀ.ਐੱਲ. ਫਰੈਂਚਾਈਜ਼ੀ ਲਖਨਊ ਸੁਪਰ ਜਾਇੰਟਸ ਨੇ 2022 ਦੀ ਆਈ.ਪੀ.ਐੱਲ. ਦੀ ਮੇਗਾ ਨਿਲਾਮੀ ਵਿਚ ਆਲਰਾਉਂਡਰ ਖਿਡਾਰੀਆਂ 'ਤੇ ਵੱਡੀ ਰਕਮ ਖ਼ਰਚ ਕੀਤੀ ਹੈ। ਸ਼ਨੀਵਾਰ ਨੂੰ ਨਿਲਾਮੀ ਦੇ ਪਹਿਲੇ ਦਿਨ ਭਾਰਤੀ ਅਨਕੈਪਡ ਆਲਰਾਉਂਡਰ ਸ਼ਾਹਰੁਖ ਖਾਨ ਅਤੇ ਹਰਪ੍ਰੀਤ ਬਰਾੜ ਨੂੰ ਕ੍ਰਮਵਾਰ 9 ਕਰੋੜ ਅਤੇ 3.80 ਕਰੋੜ ਰੁਪਏ ਵਿਚ ਖਰੀਦਣ ਤੋਂ ਬਾਅਦ, ਪੰਜਾਬ ਕਿੰਗਜ਼ ਨੇ ਐਤਵਾਰ ਨੂੰ ਤਿੰਨ ਹੋਰ ਆਲਰਾਊਂਡਰਾਂ ਨੂੰ ਖਰੀਦਿਆ, ਜਿਨ੍ਹਾਂ 'ਤੇ ਉਸ ਨੇ 19.50 ਕਰੋੜ ਰੁਪਏ ਖਰਚ ਕੀਤੇ। ਪੰਜਾਬ ਨੇ ਅੱਜ ਇੰਗਲੈਂਡ ਦੇ ਸਟਾਰ ਆਲਰਾਊਂਡਰ ਲਿਆਮ ਲਿਵਿੰਗਸਟੋਨ ਨੂੰ ਸਭ ਤੋਂ ਮਹਿੰਗੀ 11.50 ਕਰੋੜ ਰੁਪਏ ਦੀ ਬੋਲੀ ਲਗਾ ਕੇ ਟੀਮ ਵਿਚ ਸ਼ਾਮਲ ਕੀਤਾ।
ਇਹ ਵੀ ਪੜ੍ਹੋ: ਸਿਰਫ਼ 15 ਮਿੰਟਾਂ 'ਚ IPL ਨਿਲਾਮੀ ਦੀ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਹੋ ਗਏ ਸਨ ਚਾਰੂ ਸ਼ਰਮਾ
ਇਸ ਤੋਂ ਬਾਅਦ ਫ੍ਰੈਂਚਾਇਜ਼ੀ ਨੇ ਵੈਸਟਇੰਡੀਜ਼ ਦੇ ਆਲਰਾਊਂਡਰ ਓਡਿਨ ਸਮਿਥ, ਜੋ ਮੌਜੂਦਾ ਸਮੇਂ 'ਚ ਸ਼ਾਨਦਾਰ ਫਾਰਮ 'ਚ ਚੱਲ ਰਹੇ ਹਨ, ਨੂੰ 6 ਕਰੋੜ ਰੁਪਏ 'ਚ ਖਰੀਦਿਆ। ਪੰਜਾਬ ਕਿੰਗਜ਼ ਨੇ ਅੰਤ ਵਿਚ ਆਈ.ਸੀ.ਸੀ. ਅੰਡਰ-19 ਕ੍ਰਿਕਟ ਵਿਸ਼ਵ ਕੱਪ 2022 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰਾਜ ਬਾਵਾ ਨੂੰ 2 ਕਰੋੜ ਰੁਪਏ ਖ਼ਰਚ ਕੇ ਟੀਮ ਵਿਚ ਸ਼ਾਮਲ ਕੀਤਾ। ਪੰਜਾਬ ਕਿੰਗਜ਼ ਨੇ ਹੁਣ ਤੱਕ 7 ਆਲਰਾਊਂਡਰਾਂ ਸਮੇਤ 18 ਖਿਡਾਰੀ ਖ਼ਰੀਦੇ ਹਨ। ਹੁਣ ਉਸ ਦੇ ਪਰਸ ਵਿਚ 5.90 ਕਰੋੜ ਰੁਪਏ ਬਚੇ ਹਨ।
ਲਖਨਊ ਦੀ ਗੱਲ ਕਰੀਏ ਤਾਂ ਉਸ ਨੇ ਨਿਲਾਮੀ ਦੇ ਪਹਿਲੇ ਦਿਨ ਅਨੁਭਵੀ ਆਲਰਾਊਂਡਰ ਜੇਸਨ ਹੋਲਡਰ ਸਮੇਤ 3 ਆਲਰਾਊਂਡਰਾਂ ਨੂੰ ਖਰੀਦਿਆ। ਬਾਕੀ 2 ਆਲਰਾਊਂਡਰ ਕਰੁਣਾਲ ਪੰਡਯਾ ਅਤੇ ਦੀਪਕ ਹੁੱਡਾ ਹਨ। ਲਖਨਊ ਨੇ ਹੋਲਡਰ ਨੂੰ 8.75 ਕਰੋੜ, ਕਰੁਣਾਲ ਨੂੰ 8.25 ਅਤੇ ਹੁੱਡਾ ਨੂੰ 5.75 ਕਰੋੜ ਰੁਪਏ ਵਿਚ ਖ਼ਰੀਦਿਆ। ਆਸਟ੍ਰੇਲੀਆ ਦੇ ਸਟਾਰ ਆਲਰਾਊਂਡਰ ਮਾਰਕਸ ਸਟੋਇਨਿਸ ਪਹਿਲਾਂ ਹੀ ਟੀਮ 'ਚ ਮੌਜੂਦ ਹਨ, ਜਿਨ੍ਹਾਂ ਨੂੰ ਲਖਨਊ ਨੇ ਨਿਲਾਮੀ ਤੋਂ ਪਹਿਲਾਂ ਹੀ 9.20 ਕਰੋੜ ਰੁਪਏ 'ਚ ਖਰੀਦਿਆ ਸੀ। ਕੁੱਲ ਮਿਲਾ ਕੇ ਲਖਨਊ ਨੇ ਆਲਰਾਊਂਡਰਾਂ 'ਤੇ 31.95 ਕਰੋੜ ਰੁਪਏ ਖ਼ਰਚ ਕੀਤੇ ਹਨ, ਜਦਕਿ ਪੰਜਾਬ ਨੇ ਇਸ ਵਾਰ 4 ਕਰੋੜ ਰੁਪਏ 'ਚ ਰਿਟੇਨ ਕੀਤੇ ਗਏ ਅਰਸ਼ਦੀਪ ਸਿੰਘ ਸਮੇਤ ਆਲਰਾਊਂਡਰਾਂ 'ਤੇ ਕੁੱਲ 35.05 ਕਰੋੜ ਰੁਪਏ ਖ਼ਰਚ ਕੀਤੇ ਹਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।