IPL 2026: ਲਗਾਤਾਰ ਤੀਜੀ ਹਾਰ ਤੋਂ ਬਾਅਦ ਹਾਰਦਿਕ ਪੰਡਯਾ ਨੇ ਟੀਮ ਨੂੰ ਦਿੱਤੀ ਸਖਤ ਚੇਤਾਵਨੀ
Monday, Apr 13, 2026 - 06:06 PM (IST)
ਮੁੰਬਈ : ਆਈ.ਪੀ.ਐੱਲ. 2026 ਵਿੱਚ ਮੁੰਬਈ ਇੰਡੀਅਨਜ਼ (MI) ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਵਾਨਖੇੜੇ ਸਟੇਡੀਅਮ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਵਿਰੁੱਧ ਮਿਲੀ 18 ਦੌੜਾਂ ਦੀ ਹਾਰ ਤੋਂ ਬਾਅਦ ਕਪਤਾਨ ਹਾਰਦਿਕ ਪੰਡਯਾ ਬੇਹੱਦ ਨਿਰਾਸ਼ ਨਜ਼ਰ ਆਏ। ਇਹ ਮੁੰਬਈ ਦੀ ਇਸ ਸੀਜ਼ਨ ਵਿੱਚ ਲਗਾਤਾਰ ਤੀਜੀ ਹਾਰ ਹੈ, ਜਿਸ ਤੋਂ ਬਾਅਦ ਪੰਡਯਾ ਨੇ ਡਰੈਸਿੰਗ ਰੂਮ ਵਿੱਚ ਟੀਮ ਨੂੰ ਇਕਜੁੱਟ ਹੋਣ ਦਾ ਸਖ਼ਤ ਸੁਨੇਹਾ ਦਿੱਤਾ ਹੈ।
ਡਰੈਸਿੰਗ ਰੂਮ ਵਿੱਚ ਪੰਡਯਾ ਦੀ ਗਰਜ
ਹਾਰ ਤੋਂ ਤੁਰੰਤ ਬਾਅਦ ਡਰੈਸਿੰਗ ਰੂਮ ਵਿੱਚ ਟੀਮ ਨੂੰ ਸੰਬੋਧਨ ਕਰਦਿਆਂ ਹਾਰਦਿਕ ਪੰਡਯਾ ਨੇ ਕਿਹਾ, "ਸਾਡੇ ਕੋਲ ਹੁਣ ਸਿਰਫ਼ ਦੋ ਹੀ ਰਸਤੇ ਹਨ—ਜਾਂ ਤਾਂ ਅਸੀਂ ਆਪਣੇ-ਆਪਣੇ ਕਮਰੇ ਵਿੱਚ ਜਾ ਕੇ ਵੱਖਰੇ ਤੌਰ 'ਤੇ ਸੋਚੀਏ, ਜਾਂ ਫਿਰ ਸਾਰੇ ਮਿਲ ਕੇ ਇਸ ਸਥਿਤੀ ਦਾ ਸਾਹਮਣਾ ਕਰੀਏ"। ਉਨ੍ਹਾਂ ਨੇ ਖਿਡਾਰੀਆਂ ਨੂੰ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਹਾਰਨਾ ਕੋਈ ਵਿਕਲਪ ਨਹੀਂ ਹੈ ਅਤੇ ਟੀਮ ਦਾ ਮੰਤਰ ਸਿਰਫ਼ 'ਜਿੱਤਣਾ ਅਤੇ ਸਿੱਖਣਾ' ਹੋਣਾ ਚਾਹੀਦਾ ਹੈ। ਪੰਡਯਾ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਸਾਰਿਆਂ ਨੂੰ ਇਕੱਠੇ ਬੈਠ ਕੇ ਇਸ ਸਮੱਸਿਆ ਦਾ ਹੱਲ ਕੱਢਣਾ ਹੋਵੇਗਾ।
RCB ਦਾ ਧਮਾਕਾ ਅਤੇ ਮੁੰਬਈ ਦੀ ਨਾਕਾਮੀ
ਮੈਚ ਦੀ ਗੱਲ ਕਰੀਏ ਤਾਂ RCB ਦੇ ਬੱਲੇਬਾਜ਼ਾਂ ਨੇ ਮੁੰਬਈ ਦੇ ਗੇਂਦਬਾਜ਼ਾਂ 'ਤੇ ਜ਼ਬਰਦਸਤ ਹਮਲਾ ਬੋਲਿਆ। ਫਿਲ ਸਾਲਟ, ਵਿਰਾਟ ਕੋਹਲੀ ਅਤੇ ਰਜਤ ਪਾਟੀਦਾਰ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ RCB ਨੇ 240 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਵੱਲੋਂ ਸ਼ੇਰਫੇਨ ਰਦਰਫੋਰਡ ਨੇ ਅਗਰੈਸਿਵ ਬੱਲੇਬਾਜ਼ੀ ਕਰਕੇ ਉਮੀਦ ਜ਼ਰੂਰ ਜਗਾਈ, ਪਰ ਬਾਕੀ ਬੱਲੇਬਾਜ਼ਾਂ ਦੇ ਫਲਾਪ ਰਹਿਣ ਕਾਰਨ ਮੁੰਬਈ ਦੀ ਟੀਮ ਕਦੇ ਵੀ ਮੈਚ 'ਤੇ ਪਕੜ ਨਹੀਂ ਬਣਾ ਸਕੀ।
ਰਣਨੀਤੀ ਵਿੱਚ ਬਦਲਾਅ ਦੇ ਸੰਕੇਤ
ਕਪਤਾਨ ਪੰਡਯਾ ਨੇ ਟੀਮ ਦੀ ਗੇਂਦਬਾਜ਼ੀ ਅਤੇ ਰਣਨੀਤੀ 'ਤੇ ਗੰਭੀਰ ਸਵਾਲ ਉਠਾਏ ਹਨ। ਉਨ੍ਹਾਂ ਕਿਹਾ, "ਅਸੀਂ ਬਹੁਤ ਜ਼ਿਆਦਾ ਦੌੜਾਂ ਲੁਟਾਈਆਂ ਹਨ ਅਤੇ ਪਿਛਲੇ ਕੁਝ ਮੈਚਾਂ ਵਿੱਚ ਅਸੀਂ ਮੈਚ ਨੂੰ ਲੀਡ ਕਰਨ ਦੀ ਬਜਾਏ ਪਿੱਛਾ ਕਰ ਰਹੇ ਹਾਂ"। ਪੰਡਯਾ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਮੈਚਾਂ ਵਿੱਚ ਬੱਲੇਬਾਜ਼ੀ-ਬੌਲਿੰਗ ਕੰਬੀਨੇਸ਼ਨ ਅਤੇ ਰਣਨੀਤੀ ਵਿੱਚ ਵੱਡੇ ਬਦਲਾਅ ਕੀਤੇ ਜਾ ਸਕਦੇ ਹਨ ਕਿਉਂਕਿ ਟੀਮ ਨੂੰ ਟੂਰਨਾਮੈਂਟ ਵਿੱਚ ਬਣੇ ਰਹਿਣ ਲਈ ਹੁਣ ਤੁਰੰਤ ਵਾਪਸੀ ਦੀ ਲੋੜ ਹੈ।
