IPL 2024: ਤਾਂ RCB ਇੰਝ ਕਰੇਗੀ ਪਲੇਆਫ਼ ਲਈ ਕੁਆਲੀਫਾਈ.... '18' ਦਾ ਰੱਖਣਾ ਪਵੇਗਾ ਖ਼ਾਸ ਧਿਆਨ
Saturday, May 18, 2024 - 02:33 AM (IST)
ਸਪੋਰਟਸ ਡੈਸਕ- ਆਈ.ਪੀ.ਐੱਲ. ਦਾ ਰੋਮਾਂਚ ਆਪਣੇ ਸਿਖ਼ਰ 'ਤੇ ਹੈ ਤੇ ਇਸ ਦੀ ਲੀਗ ਸਟੇਜ ਆਪਣੇ ਆਖ਼ਰੀ ਪੜਾਅ 'ਚ ਹੈ। ਇਸ ਦੌਰਾਨ ਹੁਣ ਤੱਕ ਸਾਰੀਆਂ ਟੀਮਾਂ ਨੇ ਭਰਪੂਰ ਜ਼ੋਰ ਲਗਾਇਆ ਹੈ ਤਾਂ ਜੋ ਉਹ ਆਪਣੇ ਪ੍ਰਦਰਸ਼ਨ ਨਾਲ ਪੁਆਇੰਟ ਟੇਬਲ 'ਚ ਉੱਪਰ ਆ ਸਕਣ ਤੇ ਪਲੇਆਫ਼ ਲਈ ਕੁਆਲੀਫਾਈ ਕਰ ਸਕਣ।
ਪਰ ਇਸ ਸਟੇਜ ਦੌਰਾਨ ਕਈ ਟੀਮਾਂ ਸ਼ਾਨਦਾਰ ਪ੍ਰਦਰਸ਼ਨ ਨਾਲ ਅਜਿਹਾ ਕਰਨ 'ਚ ਸਫ਼ਲ ਹੋ ਗਈਆਂ, ਜਦਕਿ ਕਈਆਂ ਨੂੰ ਆਪਣਾ ਸਫ਼ਰ ਨਿਰਾਸ਼ਾਜਨਕ ਤਰੀਕੇ ਨਾਲ ਖ਼ਤਮ ਕਰਨਾ ਪਿਆ। ਹੁਣ ਜਦੋਂ ਲੀਗ ਸਟੇਜ ਦੇ ਕੁਝ ਕੁ ਮੁਕਾਬਲੇ ਹੀ ਬਚੇ ਹਨ, ਤਾਂ ਪਲੇਆਫ਼ ਦਾ ਰਾਹ ਕਾਫ਼ੀ ਸਾਫ਼ ਦਿਖਾਈ ਦੇ ਰਿਹਾ ਹੈ।
ਟੂਰਨਾਮੈਂਟ ਦੀਆਂ ਸਭ ਤੋਂ ਸਫ਼ਲ ਟੀਮਾਂ 'ਚੋਂ ਇਕ ਮੁੰਬਈ ਇੰਡੀਅਨਜ਼ ਨੂੰ ਸ਼ਾਇਦ ਨਵੇਂ ਕਪਤਾਨ ਹਾਰਦਿਕ ਪੰਡਯਾ ਦੀ ਕਪਤਾਨੀ ਰਾਸ ਨਹੀਂ ਆਈ ਤੇ ਟੀਮ ਪਲੇਆਫ਼ ਦੀ ਰੇਸ 'ਚੋਂ ਬਾਹਰ ਹੋਣ ਵਾਲੀ ਸਭ ਤੋਂ ਪਹਿਲੀਆਂ ਟੀਮਾਂ 'ਚੋਂ ਇਕ ਸੀ। ਇਸ ਤੋਂ ਇਲਾਵਾ ਪੰਜਾਬ ਕਿੰਗਜ਼, ਦਿੱਲੀ ਕੈਪੀਟਲਸ, ਲਖਨਊ ਸੁਪਰਜਾਇੰਟਸ ਤੇ ਗੁਜਰਾਤ ਟਾਈਟਨਸ ਵੀ ਪਲੇਆਫ਼ ਦੀ ਦੌੜ 'ਚੋਂ ਬਾਹਰ ਹੋ ਚੁੱਕੀਆਂ ਹਨ।
ਜੇਕਰ ਗੱਲ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਦੀ ਕੀਤੀ ਜਾਵੇ, ਤਾਂ ਕੋਲਕਾਤਾ ਨਾਈਟ ਰਾਈਡਰਜ਼ ਪਲੇਆਫ਼ 'ਚ ਕੁਆਲੀਫਾਈ ਕਰਨ ਵਾਲੀ ਸੀਜ਼ਨ ਦੀ ਪਹਿਲੀ ਟੀਮ ਬਣੀ ਸੀ। ਉਸ ਤੋਂ ਬਾਅਦ ਰਾਜਸਥਾਨ ਰਾਇਲਜ਼, ਜੋ ਕਿ ਲਗਾਤਾਰ 4 ਮੁਕਾਬਲੇ ਹਾਰ ਚੁੱਕੀ ਹੈ, ਫ਼ਿਰ ਵੀ ਉਹ ਕੁਆਲੀਫਾਈ ਕਰਨ 'ਚ ਸਫ਼ਲ ਰਹੀ ਹੈ।
ਉੱਥੇ ਹੀ ਬੀਤੇ ਦਿਨੀਂ ਸਨਰਾਈਜ਼ਰਜ਼ ਹੈਦਰਾਬਾਦ ਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਣ ਵਾਲਾ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ, ਜਿਸ ਕਾਰਨ ਹੈਦਰਾਬਾਦ ਵੀ ਇਸ ਇਕ ਅੰਕ ਨਾਲ ਪਲੇਆਫ਼ 'ਚ ਕੁਆਲੀਫਾਈ ਕਰਨ ਵਾਲੀ ਤੀਜੀ ਟੀਮ ਬਣ ਗਈ ਹੈ।
ਹੁਣ ਪੇਚ ਫਸਿਆ ਹੈ ਤਾਂ ਉਹ ਹੈ ਪਲੇਆਫ਼ ਦੀ ਚੌਥੀ ਟੀਮ ਲਈ, ਜਿੱਥੇ ਜਗ੍ਹਾ 1 ਹੈ ਤੇ ਉਮੀਦਵਾਰ 2- ਚੇਨਈ ਸੁਪਰਕਿੰਗਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ। ਧੋਨੀ ਦੇ ਨਾਂ ਤੋਂ ਜਾਣੀ ਜਾਂਦੀ ਚੇਨਈ ਦੀ ਟੀਮ ਟੂਰਨਾਮੈਂਟ ਦੀ ਸਭ ਤੋਂ ਸਫ਼ਲ ਟੀਮ ਹੈ, ਜੋ ਹੁਣ ਤੱਕ 5 ਵਾਰ ਚੈਂਪੀਅਨ ਬਣ ਚੁੱਕੀ ਹੈ। ਉੱਥੇ ਹੀ ਕੋਹਲੀ ਦੀ ਆਰ.ਸੀ.ਬੀ. ਨੂੰ ਹਾਲੇ ਆਪਣੀ ਪਹਿਲੀ ਟਰਾੱਫੀ ਦਾ ਇੰਤਜ਼ਾਰ ਹੈ।
ਇਸ ਸੀਜ਼ਨ ਦੀ ਸ਼ੁਰੂਆਤ ਇਨ੍ਹਾਂ ਦੋਵਾਂ ਦੇ ਮੁਕਾਬਲੇ ਨਾਲ ਹੀ ਹੋਈ ਸੀ, ਜਿੱਥੇ ਚੇਨਈ ਨੇ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਸੀ। ਹੁਣ ਇਨ੍ਹਾਂ ਦੋਵਾਂ ਵਿਚਾਲੇ ਇਕ ਹੋਰ ਮੁਕਾਬਲਾ ਅੱਜ ਖੇਡਿਆ ਜਾਵੇਗਾ, ਜਿਸ ਤੋਂ ਬਾਅਦ ਪਲੇਆਫ਼ 'ਚ ਪਹੁੰਚਣ ਵਾਲੀ ਚੌਥੀ ਟੀਮ ਬਾਰੇ ਸਥਿਤੀ ਸਪੱਸ਼ਟ ਹੋ ਸਕੇਗੀ।
ਇਸ ਮੈਚ ਦੇ ਮਾਇਨੇ ਬਹੁਤ ਜ਼ਿਆਦਾ ਡੂੰਘੇ ਹਨ। ਧੋਨੀ ਦਾ ਸ਼ਾਇਦ ਇਹ ਆਖ਼ਰੀ ਸੀਜ਼ਨ ਹੈ। ਚੇਨਈ ਜਿੱਥੇ ਇਹ ਟੂਰਨਾਮੈਂਟ ਜਿੱਤ ਕੇ ਧੋਨੀ ਨੂੰ ਜੇਤੂ ਅਲਵਿਦਾ ਦੇਣ ਦੀ ਕੋਸ਼ਿਸ਼ ਕਰੇਗੀ, ਉੱਥੇ ਹੀ ਆਰਸੀਬੀ ਆਪਣੇ ਪਹਿਲੀ ਵਾਰ ਚੈਂਪੀਅਨ ਬਣਨ ਦੇ ਸੁਪਨੇ ਨਾਲ ਖੇਡੇਗੀ।
ਪਰ ਇਸ ਵਾਰ ਪਲੇਆਫ਼ ਦੀ ਰਾਹ ਇੰਨੀ ਆਸਾਨ ਨਹੀਂ ਹੈ। ਇਹ ਮੁਕਾਬਲਾ ਵੀ ਇਨ੍ਹਾਂ ਦੋਵਾਂ ਟੀਮਾਂ ਲਈ ਇਸੇ ਤਰ੍ਹਾਂ ਦਾ ਹੈ, ਜਿੱਥੇ ਦੋਵਾਂ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪਵੇਗਾ, ਤਾਂ ਜੋ ਉਹ ਪਲੇਆਫ਼ 'ਚ ਪਹੁੰਚ ਸਕਣ-
CSK ਇੰਝ ਕਰੇਗੀ ਕੁਆਲੀਫਾਈ
ਜੇਕਰ ਚੇਨਈ ਭਲਕੇ ਖੇਡੇ ਜਾਣ ਵਾਲੇ ਮੁਕਾਬਲੇ 'ਚ ਬੈਂਗਲੁਰੂ ਨੂੰ ਕਿਸੇ ਵੀ ਤਰ੍ਹਾਂ ਹਰਾ ਦੇਵੇ ਤਾਂ ਉਹ ਪਲੇਆਫ਼ ਲਈ ਕੁਆਲੀਫਾਈ ਕਰ ਜਾਵੇਗੀ। ਜੇਕਰ ਮੈਚ ਮੀਂਹ ਜਾਂ ਕਿਸੇ ਹੋਰ ਕਾਰਨ ਰੱਦ ਵੀ ਹੋ ਜਾਂਦਾ ਹੈ ਤਾਂ ਵੀ ਚੇਨਈ ਕੁਆਲੀਫਾਈ ਕਰ ਜਾਵੇਗੀ, ਕਿਉਂਕਿ ਉਸ ਦੇ ਕੋਲ 13 'ਚੋਂ 7 ਮੁਕਾਬਲੇ ਜਿੱਤ ਕੇ 14 ਅੰਕ ਹਨ। ਉੱਥੇ ਹੀ ਬੈਂਗਲੁਰੂ ਦੇ 13 'ਚੋਂ 6 ਮੁਕਾਬਲੇ ਜਿੱਤ ਕੇ 12 ਅੰਕ ਹਨ। ਇਹ ਮੁਕਾਬਲਾ ਹਾਰਨ ਨਾਲ ਚੇਨਈ ਲਈ ਮੁਸ਼ਕਲਾਂ ਵਧ ਸਕਦੀਆਂ ਹਨ, ਕਿਉਂਕਿ ਫਿਰ ਉਸ ਨੂੰ ਨੈੱਟ-ਰਨਰੇਟ 'ਤੇ ਨਿਰਭਰ ਹੋਣਾ ਪਵੇਗਾ।
RCB ਲਈ ਬੇਹੱਦ ਅਹਿਮ ਹੈ '18' ਦਾ ਅੰਕੜਾ
ਚੇਨਈ ਲਈ ਜਿੱਥੇ ਸਿਰਫ਼ ਇਹ ਮੁਕਾਬਲਾ ਜਿੱਤਣਾ ਕਾਫ਼ੀ ਹੋਵੇਗਾ, ਉੱਥੇ ਹੀ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਇਹ ਮੁਕਾਬਲਾ ਜਿੱਤਣ ਦੇ ਨਾਲ-ਨਾਲ ਹੋਰ ਵੀ ਕਈ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਉਨ੍ਹਾਂ ਲਈ ਇਹ ਮੁਕਾਬਲਾ ਜਿੱਤਣਾ ਤਾਂ 'ਕਰੋ ਜਾਂ ਮਰੋ' ਵਾਲਾ ਹੈ ਹੀ, ਉੱਥੇ ਹੀ ਉਨ੍ਹਾਂ ਨੂੰ ਆਪਣੀ ਨੈੱਟ ਰਨ-ਰੇਟ ਦਾ ਵੀ ਖਿਆਲ ਰੱਖਣਾ ਪਵੇਗਾ। ਉਨ੍ਹਾਂ ਦੀ ਰਨ ਰੇਟ ਚੇਨਈ ਤੋਂ ਘੱਟ ਹੈ ਤੇ ਮੁਕਾਬਲਾ ਜਿੱਤਣ ਤੋਂ ਬਾਅਦ ਵੀ ਉਨ੍ਹਾਂ ਨੂੰ ਰਨ-ਰੇਟ ਦਾ ਖਿਆਲ ਰੱਖਣਾ ਪਵੇਗਾ।
ਸਮੀਕਰਨਾਂ ਮੁਤਾਬਕ ਬੈਂਗਲੁਰੂ ਨੂੰ ਇਹ ਮੁਕਾਬਲਾ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 18 ਦੌੜਾਂ ਨਾਲ ਜਿੱਤਣਾ ਪਵੇਗਾ, ਜਦਕਿ ਚੇਜ਼ ਕਰਦੇ ਹੋਏ 18 ਓਵਰਾਂ ਦੇ ਅੰਦਰ ਜਿੱਤਣਾ ਪਵੇਗਾ। ਇਹੀ ਇਕ ਤਰੀਕਾ ਹੈ, ਜਿਸ ਨਾਲ ਆਰਸੀਬੀ ਪਲੇਆਫ਼ ਲਈ ਕੁਆਲੀਫਾਈ ਕਰ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਮੈਚ ਮੀਂਹ ਕਾਰਨ ਰੱਦ ਹੋ ਜਾਂਦਾ ਹੈ, ਜਾਂ ਉਹ 18 ਓਵਰਾਂ 'ਚ ਮੁਕਾਬਲਾ ਨਾ ਜਿੱਤ ਸਕੇ ਤਾਂ ਉਨ੍ਹਾਂ ਲਈ ਪਲੇਆਫ਼ ਦਾ ਰਾਹ ਬੰਦ ਹੋ ਜਾਵੇਗਾ। ਦਿਲਚਸਪ ਗੱਲ ਇਹ ਹੈ ਕਿ ਬੈਂਗਲੁਰੂ ਦਾ ਸਭ ਤੋਂ ਮਹੱਤਵਪੂਰਨ ਖਿਡਾਰੀ ਵਿਰਾਟ ਕੋਹਲੀ ਹੈ ਤੇ ਉਸ ਦਾ ਜਰਸੀ ਨੰਬਰ ਵੀ 18 ਹੀ ਤੇ ਇਹ ਮੁਕਾਬਲਾ ਜਿਸ ਦਿਨ ਹੋਣਾ ਹੈ, ਉਸ ਦਿਨ ਤਰੀਕ ਵੀ 18 ਹੀ ਹੈ।
ਹੁਣ ਇਹ ਸਭ ਅੱਜ ਮੁਕਾਬਲੇ ਤੋਂ ਬਾਅਦ ਸਾਫ਼ ਹੋ ਜਾਵੇਗਾ ਕਿ ਚੇਨਈ ਤੇ ਬੈਂਗਲੁਰੂ 'ਚੋਂ ਕੌਣ ਬਾਜ਼ੀ ਮਾਰਦਾ ਹੈ ਤੇ ਕੋਲਕਾਤਾ, ਰਾਜਸਥਾਨ ਤੇ ਹੈਦਰਾਬਾਦ ਨੂੰ ਪਲੇਆਫ਼ 'ਚ ਟੱਕਰ ਦਿੰਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e