IPL 2024 : ''ਬੈਸਟ ਫਿਨਿਸ਼ਰ'' ਵੀ ਚੇਨਈ ਨੂੰ ਨਹੀਂ ਦਿਵਾ ਸਕਿਆ ਜਿੱਤ, ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਜਿੱਤੀ ਦਿੱਲੀ
Monday, Apr 01, 2024 - 04:36 AM (IST)
ਸਪੋਰਟਸ ਡੈਸਕ- ਆਈ.ਪੀ.ਐੱਲ. ਦੇ ਦਿੱਲੀ ਕੈਪੀਟਲਸ ਅਤੇ ਚੇਨਈ ਸੁਪਰਕਿੰਗਜ਼ ਵਿਚਾਲੇ ਖੇਡੇ ਗਏ ਮੁਕਾਬਲੇ 'ਚ ਦਿੱਲੀ ਨੇ ਚੇਨਈ ਨੂੰ 20 ਦੌੜਾਂ ਨਾਲ ਹਰਾ ਕੇ ਸੀਜ਼ਨ ਦੀ ਪਹਿਲੀ ਜਿੱਤ ਹਾਸਲ ਕਰ ਲਈ ਹੈ। ਦਿੱਲੀ ਦੀ ਇਹ 3 ਮੈਚਾਂ 'ਚ ਪਹਿਲੀ ਜਿੱਤ ਹੈ, ਜਦਕਿ ਚੇਨਈ ਦੀ ਇੰਨੇ ਹੀ ਮੈਚਾਂ 'ਚ ਇਹ ਪਹਿਲੀ ਹਾਰ ਹੈ।
ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਡੇਵਿਡ ਵਾਰਨਰ (52), ਕਪਤਾਨ ਰਿਸ਼ਭ ਪੰਤ (51) ਅਤੇ ਪ੍ਰਿਥਵੀ ਸ਼ਾਹ (43) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 5 ਵਿਕਟਾਂ ਗੁਆ ਕੇ 191 ਦੌੜਾਂ ਬਣਾਈਆਂ।
192 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਕਪਤਾਨ ਗਾਇਕਵਾੜ (1) ਅਤੇ ਰਚਿਨ ਰਵਿੰਦਰਾ (2) ਸਸਤੇ 'ਚ ਪੈਵੇਲੀਅਨ ਪਰਤ ਗਏ। ਇਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਅਜਿੰਕਿਆ ਰਹਾਣੇ ਨੇ 30 ਗੇਂਦਾਂ 'ਚ 5 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 45 ਦੌੜਾਂ ਦੀ ਪਾਰੀ ਖੇਡੀ।
ਇਸ ਤੋਂ ਬਾਅਦ ਡੈਰਿਲ ਮਿਚੇਲ ਨੇ ਵੀ ਕੁਝ ਸ਼ਾਨਦਾਰ ਸ਼ਾਟ ਖੇਡੇ ਤੇ 26 ਗੇਂਦਾਂ 'ਚ 34 ਦੌੜਾਂ ਬਣਾ ਕੇ ਆਊਟ ਹੋ ਗਿਆ। ਸ਼ਿਵਮ ਦੁਬੇ ਨੇ 17 ਗੇਂਦਾਂ 'ਚ 18 ਦੌੜਾਂ ਦੀ ਧੀਮੀ ਪਾਰੀ ਖੇਡੀ। ਸਮੀਰ ਰਿਜ਼ਵੀ ਵੀ ਪਹਿਲੀ ਹੀ ਗੇਂਦ 'ਤੇ ਕੈਚ ਆਊਟ ਹੋ ਗਿਆ।
ਇਸ ਤੋਂ ਬਾਅਦ ਟੀਮ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਰਵਿੰਦਰ ਜਡੇਜਾ ਅਤੇ ਇਸ ਸੀਜ਼ਨ ਪਹਿਲੀ ਵਾਰ ਬੱਲੇਬਾਜ਼ੀ ਕਰਨ ਮੈਦਾਨ 'ਤੇ ਉਤਰੇ ਮਹਿੰਦਰ ਸਿੰਘ ਧੋਨੀ ਦੇ ਸਿਰ 'ਤੇ ਸੀ। ਧੋਨੀ ਨੇ ਪਹਿਲੀ ਹੀ ਗੇਂਦ 'ਤੇ ਚੌਕਾ ਅਤੇ ਫਿਰ ਖਲੀਲ ਅਹਿਮਦ ਦੀ ਗੇਂਦ 'ਤੇ ਛੱਕਾ ਲਗਾ ਕੇ ਆਪਣੇ ਤੇਵਰ ਦਿਖਾਏ।
ਧੋਨੀ ਤੇ ਜਡੇਜਾ ਨੇ ਆਖ਼ਰੀ ਓਵਰਾਂ 'ਚ ਤੇਜ਼ੀ ਨਾਲ ਦੌੜਾਂ ਬਣਾਈਆਂ। ਧੋਨੀ ਨੇ ਆਖ਼ਰੀ ਪਲਾਂ 'ਚ ਸ਼ਾਨਦਾਰ ਚੌਕੇ-ਛੱਕੇ ਲਗਾਏ, ਪਰ ਟੀਮ ਟੀਚੇ ਤੋਂ ਬਹੁਤ ਦੂਰ ਰਹਿ ਗਈ ਤੇ ਦਿੱਲੀ ਹੱਥੋਂ ਚੇਨਈ ਨੂੰ 20 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਚੇਨਈ ਨੂੰ ਹਾਰ ਦਾ ਸਵਾਦ ਚਖਣਾ ਪਿਆ ਹੈ, ਪਰ ਮੈਚ 'ਚ ਦਰਸ਼ਕਾਂ ਨੂੰ ਹਾਰ ਚੇਨਈ ਦੀ ਹਾਰ ਨਾਲੋਂ ਧੋਨੀ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਜ਼ਿਆਦਾ ਖੁਸ਼ੀ ਹੈ। ਮੈਚ ਹਾਰਨ ਤੋਂ ਬਾਅਦ ਵੀ ਸਟੇਡੀਅਮ 'ਚ ਪ੍ਰਸ਼ੰਸਕਾਂ ਵੱਲੋਂ ਧੋਨੀ-ਧੋਨੀ ਦੇ ਨਾਅਰੇ ਲਗਾਏ ਗਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e