IPL 2023: ਰਸਲ ਤੇ ਰਿੰਕੂ ਸਿੰਘ ਦੀ ਹਨੇਰੀ ਨੇ ਢਹਿ-ਢੇਰੀ ਕੀਤੀਆਂ ਪੰਜਾਬ ਦੀਆਂ ਉਮੀਦਾਂ, KKR ਦੀ 5 ਵਿਕਟਾਂ ਨਾਲ ਜਿੱਤ

Monday, May 08, 2023 - 11:31 PM (IST)

IPL 2023: ਰਸਲ ਤੇ ਰਿੰਕੂ ਸਿੰਘ ਦੀ ਹਨੇਰੀ ਨੇ ਢਹਿ-ਢੇਰੀ ਕੀਤੀਆਂ ਪੰਜਾਬ ਦੀਆਂ ਉਮੀਦਾਂ, KKR ਦੀ 5 ਵਿਕਟਾਂ ਨਾਲ ਜਿੱਤ

ਸਪੋਰਟਸ ਡੈਸਕ: ਆਈ.ਪੀ.ਐੱਲ. ਵਿਚ ਅੱਜ ਪੰਜਾਬ ਕਿੰਗਜ਼ ਦਾ ਮੁਕਾਬਲਾ ਕਲਕੱਤਾ ਨਾਈਟ ਰਾਈਡਰਜ਼ ਦੇ ਨਾਲ ਸੀ। ਇਸ ਰੋਮਾਂਚਕ ਮੁਕਾਬਲੇ ਵਿਚ ਰਿੰਕੂ ਸਿੰਘ ਨੇ ਅਖ਼ੀਰਲੀ ਗੇਂਦ 'ਤੇ ਚੌਕਾ ਮਾਰ ਕੇ ਜਿੱਤ ਕਲਕੱਤਾ ਦੀ ਝੋਲੀ ਵਿਚ ਪਾਈ। ਪੰਜਾਬ ਨੇ ਕਲਕੱਤਾ ਨੂੰ 180 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਕਲਕੱਤਾ ਨੇ 5 ਵਿਕਟਾਂ ਹੱਥ ਵਿਚ ਰੱਖਦਿਆਂ ਹਾਸਲ ਕਰ ਲਿਆ।

ਇਹ ਖ਼ਬਰ ਵੀ ਪੜ੍ਹੋ - ਭਾਰਤ-ਪਾਕਿ ਕ੍ਰਿਕਟ ਮੈਚ ਦੀ ਉਡੀਕ 'ਚ ਬੈਠੇ ਫੈਨਜ਼ ਦੀਆਂ ਉਮੀਦਾਂ ਨੂੰ ਝਟਕਾ! ਏਸ਼ੀਆ ਕੱਪ ਨੂੰ ਲੈ ਕੇ ਹੋਇਆ ਇਹ ਫ਼ੈਸਲਾ

ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਕਪਤਾਨ ਸ਼ਿਖਰ ਧਵਨ ਦੇ ਅਰਧ ਸੈਂਕੜੇ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਅਖ਼ੀਰ ਵਿਚ ਸ਼ਾਹਰੁਖ ਖ਼ਾਨ ਤੇ ਹਰਪ੍ਰੀਤ ਬਰਾੜ ਦੀਆਂ ਸ਼ਾਨਦਾਰ ਪਾਰੀਆਂ ਸਦਕਾ ਪੰਜਾਬ ਕਿੰਗਜ਼ ਨੇ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 179 ਦੌੜਾਂ ਬਣਾਈਆਂ। ਵਰੁਣ ਚੱਕਰਵਰਤੀ ਨੇ 4 ਓਵਰਾਂ ਵਿਚ 26 ਦੌੜਾਂ ਦੇ ਕੇ 3 ਵਿਕਟਾਂ ਅਤੇ ਹਰਸ਼ਿਤ ਰਾਣਾ ਨੇ 2 ਵਿਕਟਾਂ ਆਪਣੇ ਨਾਂ ਕੀਤੀਆਂ। 

ਇਹ ਖ਼ਬਰ ਵੀ ਪੜ੍ਹੋ - ਹੁਣ ਫੇਰ ਵੱਡੇ ਪਰਦੇ 'ਤੇ ਦਿਸਣਗੇ ਸੁਸ਼ਾਂਤ ਸਿੰਘ ਰਾਜਪੂਤ, MS Dhoni ਦੀ ਫ਼ਿਲਮ ਮੁੜ ਹੋਵੇਗੀ ਰਿਲੀਜ਼

180 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕਲਕੱਤਾ ਦੀ ਟੀਮ ਨੂੰ ਜੇਸਨ ਰਾਏ ਅਤੇ ਗੁਰਬਾਜ਼ ਨੇ ਚੰਗੀ ਸ਼ੁਰੂਆਤ ਦੁਆਈ। ਉਸ ਤੋਂ ਬਾਅਦ ਕਪਤਾਨ ਨਿਤੀਸ਼ ਰਾਣਾ ਨੇ ਅਰਧ ਸੈਂਕੜੇ ਨਾਲ ਟੀਮ ਨੂੰ ਜਿੱਤ ਦੇ ਹੋਰ ਨੇੜੇ ਪਹੁੰਚਾਇਆ। ਅਖ਼ੀਰ ਵਿਚ ਆਂਦਰੇ ਰਸਲ ਅਤੇ ਰਿੰਕੂ ਸਿੰਘ ਨੇ ਤੂਫ਼ਾਨੀ ਪਾਰੀਆਂ ਖੇਡੀਆਂ। ਹਾਲਾਂਕਿ ਜਦੋਂ ਦੋਵੇਂ ਬੱਲੇਬਾਜ਼ ਦੌੜਾਂ ਦੀ ਹਨੇਰੀ ਲਿਆ ਰਹੇ ਸਨ, ਉਸ ਵੇਲੇ ਅਰਸ਼ਦੀਪ ਸਿੰਘ ਨੇ ਅਖ਼ੀਰਲੀ ਗੇਂਦ ਤਕ ਟੀਮ ਦੀਆਂ ਉਮੀਦਾਂ ਨੂੰ ਜਿਉਂਦਾ ਰੱਖਿਆ। ਅਖ਼ੀਰਲੇ ਓਵਰ ਵਿਚ 6 ਗੇਂਦਾਂ ਵਿਚ ਮਹਿਜ਼ 6 ਦੌੜਾਂ ਚਾਹੀਦੀਆਂ ਸਨ। ਇਸ ਦੇ ਬਾਵਜੂਦ ਅਰਸ਼ਦੀਪ ਸਿੰਘ ਨੇ ਆਂਦਰੇ ਰਸਲ ਨੂੰ ਰਨ ਆਊਟ ਕੀਤਾ ਤੇ ਮੁਕਾਬਲੇ ਨੂੰ ਅਖ਼ੀਰਲੀ ਗੇਂਦ ਤਕ ਲੈ ਕੇ ਗਿਆ। ਕਲਕੱਤਾ ਨੂੰ ਅਖ਼ੀਰਲੀ ਗੇਂਦ 'ਤੇ 2 ਦੌੜਾਂ ਦੀ ਲੋੜ ਸੀ ਜਿਸ 'ਤੇ ਰਿੰਕੂ ਸਿੰਘ ਨੇ 4 ਚੌਕਾ ਜੜ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News