ਰਾਜਸਥਾਨ ਰਾਇਲਸ ਨੂੰ ਲੱਗਾ ਵੱਡਾ ਝਟਕਾ, ਜੋਫਰਾ ਆਰਚਰ ਟੀਮ 'ਚੋਂ ਹੋਏ ਬਾਹਰ
Thursday, Feb 06, 2020 - 05:01 PM (IST)

ਸਪੋਰਟਸ ਡੈਸਕ— ਕ੍ਰਿਕਟ ਪ੍ਰਸ਼ੰਸਕ ਇੰਡੀਅਨ ਪ੍ਰੀਮੀਅਰ ਲੀਗ 2020 (ਆਈ. ਪੀ. ਐੱਲ.) ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਜੋ ਕਿ ਮਾਰਚ ਦੇ ਆਖ਼ਰ 'ਚ ਹੋਣਾ ਹੈ। ਪਰ ਇਸ ਤੋਂ ਪਹਿਲਾਂ ਰਾਜਸਥਾਨ ਰਾਇਲਸ ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਰਾਜਸਥਾਨ ਦੀ ਟੀਮ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਪੂਰੇ ਆਈ. ਪੀ. ਐੱਲ. ਤੋਂ ਬਾਹਰ ਹੋ ਗਏ। ਇੰਗਲੈਂਡ ਦੀ ਟੀਮ ਲਈ ਵੀ ਇਹ ਵੱਡਾ ਝਟਕਾ ਹੈ, ਕਿਉਂਕਿ ਉਹ ਸ਼੍ਰੀਲੰਕਾ ਦੇ ਦੌਰੇ 'ਤੇ ਟੀਮ 'ਚੋਂ ਵੀ ਬਾਹਰ ਹੋ ਗਏ।
ਦਰਅਸਲ ਇੰਗਲੈਂਡ ਦੇ ਆਲਰਾਊਂਡਰ ਜੋਫਰਾ ਆਰਚਰ ਨੂੰ ਹਾਲ ਹੀ 'ਚ ਦੱਖਣੀ ਅਫਰੀਕਾ ਦੇ ਦੌਰੇ 'ਤੇ ਸੱਟ ਲੱਗੀ ਸੀ ਜਿਸ ਕਾਰਨ ਉਹ ਵਨ-ਡੇ ਸੀਰੀਜ਼ ਤੋਂ ਬਾਹਰ ਹੋ ਗਏ ਸਨ। ਉਹ ਹੁਣ ਤਿੰਨ ਮਹੀਨਿਆਂ ਤੱਕ ਕ੍ਰਿਕਟ ਨਹੀਂ ਖੇਡ ਸਕਣਗੇ। ਇੰਗਲੈਂਡ ਦੇ 24 ਸਾਲਾ ਆਲਰਾਊਂਡਰ ਆਰਚਰ ਦੀ ਸੱਟ 'ਤੇ ਇੰਗਲੈਂਡ ਕ੍ਰਿਕਟ ਬੋਰਡ ਨੇ ਬਿਆਨ ਦਿੱਤਾ ਹੈ ਕਿ ਉਨ੍ਹਾਂ ਨੂੰ ਸੱਟ ਦੇ ਚਲਦੇ ਤਿੰਨ ਮਹੀਨਿਆਂ ਲਈ ਆਰਾਮ ਦਿੱਤਾ ਗਿਆ ਹੈ। ਈ. ਸੀ. ਬੀ. ਦੀ ਮੈਡੀਕਲ ਟੀਮ ਆਰਚਰ ਦੀ ਦੇਖਭਾਲ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਮੈਡੀਕਲ ਟੀਮ ਦੀ ਨਿਗਰਾਨੀ 'ਚ ਰਖਿਆ ਗਿਆ ਹੈ। ਆਰਚਰ ਆਈ. ਪੀ. ਐੱਲ. 'ਚ ਰਾਜਸਥਾਨ ਰਾਇਲਸ ਦੀ ਟੀਮ ਵੱਲੋਂ ਖੇਡਦੇ ਹਨ ਅਤੇ ਉਹ ਰਾਜਸਥਾਨ ਟੀਮ ਦੇ ਮੁੱਖ ਖਿਡਾਰੀ ਵੀ ਹਨ ਅਤੇ ਰਾਜਸਥਾਨ ਦੀ ਟੀਮ ਨੇ ਆਰਚਰ ਨੂੰ ਰਿਟੇਨ ਵੀ ਕੀਤਾ ਹੈ।