IPL 2020: ਰਾਇਲ ਚੈਲੇਂਜਰਸ ਬੈਂਗਲੁਰੂ ਤੋਂ ਹਾਰ ਦਾ ਬਦਲਾ ਲੈਣ ਲਈ ਉਤਰੇਗੀ ਕੋਲਕਾਤਾ ਨਾਈਟ ਰਾਈਡਰਜ਼

10/21/2020 10:24:42 AM

ਅਬੂਧਾਬੀ (ਭਾਸ਼ਾ) : ਤੂਫਾਨੀ ਤੇਜ਼ ਗੇਂਦਬਾਜ ਲਾਕੀ ਫਰਗਿਉਸਨ ਨੂੰ ਦੇਰ ਨਾਲ ਮੌਕਾ ਦੇਣ ਦੇ ਬਾਅਦ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਦੀ ਟੀਮ ਨੇ ਲੈਅ ਹਾਸਲ ਕਰ ਲਈ ਹੈ ਅਤੇ ਬੁੱਧਵਾਰ ਯਾਨੀ ਅੱਜ ਇੱਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ ਮੁਕਾਬਲੇ ਵਿਚ ਸਿਤਾਰਿਆਂ ਨਾਲ ਸਜੀ ਰਾਇਲ ਚੈਲੇਂਜਰਸ ਬੈਂਗਲੁਰੂ (ਆਰ.ਸੀ.ਬੀ.) ਖ਼ਿਲਾਫ਼ ਪਹਿਲੇ ਪੜਾਅ ਵਿਚ ਮਿਲੀ ਹਾਰ ਦਾ ਬਦਲਾ ਚੁਕਾਉਣ ਉਤਰੇਗੀ। ਵਿਸ਼ਵ ਕੱਪ ਦੇ ਉਪ-ਜੇਤੂ ਨਿਊਜ਼ੀਲੈਂਡ ਦੇ ਸਟਾਰ ਤੇਜ਼ ਗੇਂਦਬਾਜ਼ ਫਰਗਿਉਸਨ ਦੀ ਸਮਰੱਥਾ ਨੂੰ ਜਾਣਨ ਲਈ ਨਾਈਟ ਰਾਈਡਰਜ਼ ਨੂੰ 9 ਮੈਚ ਅਤੇ ਕਪਤਾਨੀ ਵਿਚ ਬਦਲਾਅ ਦੀ ਜ਼ਰੂਰਤ ਪਈ। ਇਓਨ ਮੋਰਗਨ ਨੇ ਆਖ਼ਰੀ ਸਮੇਂ ਵਿਚ ਫਰਗਿਉਸਨ ਨੂੰ ਮੌਕਾ ਦਿੱਤਾ ਅਤੇ ਉਨ੍ਹਾਂ ਨੇ ਆਪਣੀ ਤੇਜੀ ਅਤੇ ਵਿਭਿੰਨਤਾ ਨਾਲ  ਸਨਰਾਇਜ਼ਰਸ ਹੈਦਰਾਬਾਦ ਨੂੰ ਹਰਾ ਦਿੱਤਾ।

ਫਰਗਿਉਸਨ ਨੇ ਕੇ.ਕੇ.ਆਰ. ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ । ਉਨ੍ਹਾਂ ਨੇ ਚਾਰ ਓਵਰਾਂ ਵਿਚ 15 ਦੌੜਾਂ 'ਤੇ 3 ਵਿਕਟਾਂ ਲੈਣ ਦੇ ਬਾਅਦ ਸੁਪਰ ਓਵਰ ਵਿਚ 2 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਪਿਛਲੇ ਸੀਜ਼ਨ ਵਿਚ ਕੇ.ਕੇ.ਆਰ. ਵੱਲੋਂ 5 ਮੈਚਾਂ ਵਿਚ ਸਿਰਫ਼ 2 ਵਿਕਟਾਂ ਲੈਣ ਵਾਲੇ ਫਰਗਿਉਸਨ ਨੇ ਸਤਰ ਦੀ ਆਪਣੀ ਪਹਿਲੀ ਹੀ ਗੇਂਦ 'ਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਆਊਟ ਕੀਤਾ ਅਤੇ ਫਿਰ ਆਪਣੀ ਤੇਜ਼ ਅਤੇ ਹੌਲੀ ਗੇਂਦਾਂ ਦੇ ਮਿਸ਼ਰਣ ਨਾਲ ਸਾਰੇ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ। ਮੋਰਗਨ ਦੀ ਅਗਵਾਈ ਵਾਲੀ ਕੇ.ਕੇ.ਆਰ. ਦੀ ਟੀਮ 10 ਅੰਕ ਨਾਲ ਚੌਥੇ ਸਥਾਨ 'ਤੇ ਹੈ, ਜਦੋਂ ਕਿ 5 ਮੈਚ ਬਚੇ ਹਨ। ਆਸਟਰੇਲੀਆ ਦੇ ਪੈਟ ਕਮਿੰਸ (ਨੌਂ ਮੈਚਾਂ ਵਿਚ 3 ਵਿਕਟਾਂ) ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕਦੇ ਹਨ ਅਤੇ ਅਜਿਹੇ ਵਿਚ ਟੀਮ ਨੂੰ ਹੁਣ ਫਰਗਿਉਸਨ ਤੋਂ ਕਾਫ਼ੀ ਉਮੀਦਾਂ ਹਨ।

ਇਹ ਵੀ ਪੜ੍ਹੋ: ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, EPFO ਨੇ ਬੀਮਾ ਰਾਸ਼ੀ 'ਚ ਵਾਧੇ ਸਮੇਤ ਕੀਤੇ ਕਈ ਅਹਿਮ ਬਦਲਾਅ

ਟੀਮ ਦੇ ਜੇਹਨ ਵਿਚ ਹਾਲਾਂਕਿ ਪਹਿਲੇ ਪੜਾਅ ਦੇ ਮੈਚ ਵਿਚ ਆਰ.ਸੀਬੀ. ਖ਼ਿਲਾਫ਼ 82 ਦੌੜਾਂ ਦੀ ਹਾਰ ਦੀ ਯਾਦ ਤਾਜ਼ਾ ਹੋਵੇਗੀ, ਜਿਸ ਵਿਚ ਏਬੀ ਡਿਵਿਲਿਅਰਸ ਨੇ 33 ਗੇਂਦਾਂ ਵਿਚ ਨਾਬਾਦ 73 ਦੌੜਾਂ ਦੀ ਪਾਰੀ ਖੇਡੀ। ਇਹ ਵੇਖਣਾ ਰੋਮਾਂਚਕ ਹੋਵੇਗਾ ਕਿ ਡਿਵਿਲਿਅਰਸ, ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਅਤੇ ਸਲਾਮੀ ਬੱਲੇਬਾਜ਼ ਆਰੋਨ ਫਿੰਚ ਵਰਗੇ ਬੱਲੇਬਾਜ਼ਾਂ ਖਿਲਾਫ ਮੋਰਗਨ ਫਰਗਿਉਸਨ ਦਾ ਇਸਤੇਮਾਲ ਕਿਸ ਤਰ੍ਹਾਂ ਕਰਦੇ ਹਨ। ਕੇ.ਕੇ.ਆਰ. ਹਾਲਾਂਕਿ ਹੁਣ ਵੀ ਸਟਾਰ ਆਲਰਾਊਂਡਰ ਆਂਦਰੇ ਰਸੇਲ ਦੀ ਖ਼ਰਾਬ ਫ਼ਾਰਮ ਨੂੰ ਲੈ ਕੇ ਪਰੇਸ਼ਾਨ ਹੈ, ਜੋ ਹੁਣ ਤੱਕ ਬੱਲੇ ਨਾਲ ਪ੍ਰਭਾਵੀ ਪ੍ਰਦਰਸ਼ਨ ਕਰਣ ਵਿਚ ਨਾਕਾਮ ਰਹੇ ਹਨ। ਪਿਛਲੇ ਸੀਜ਼ਨ ਵਿਚ ਟੀਮ ਲਈ ਸ਼ਾਨਦਾਰ ਪ੍ਰਦਰਸ਼ਲ ਕਰਣ ਵਾਲੇ ਰਸੇਲ ਮੌਜੂਦਾ ਸੀਜ਼ਨ ਵਿਚ 9 ਮੈਚਾਂ ਵਿਚ 11 . 50 ਦੀ ਔਸਤ ਨਾਲ ਸਿਰਫ਼ 92 ਦੌੜਾਂ ਬਣਾ ਪਾਏ ਹਨ।

ਜਮੈਕਾ ਦਾ ਇਹ ਆਲਰਾਊਂਡਰ ਫੀਲਡਿੰਗ ਵਿਚ ਵੀ ਸੰਘਰਸ਼ ਕਰਦਾ ਵਿਖਿਆ ਹੈ ਅਤੇ ਉਨ੍ਹਾਂ ਨੂੰ ਕੁੱਝ ਮੈਚਾਂ ਦਾ ਬ੍ਰੇਕ ਦੇਣਾ ਮਾੜਾ ਵਿਚਾਰ ਨਹੀਂ ਹੋਵੇਗਾ। ਸਪਿਨ ਵਿਭਾਗ ਵਿਚ ਵੇਖਣਾ ਹੋਵੇਗਾ ਕਿ ਸੁਨੀਲ ਨਰਾਇਣ ਨੂੰ ਮੌਕਾ ਮਿਲਦਾ ਹੈ ਜਾਂ ਨਹੀਂ ਜਿਨ੍ਹਾਂ ਦੇ ਗੇਂਦਬਾਜ਼ੀ ਐਕਸ਼ਨ ਨੂੰ ਮਨਜ਼ੂਰੀ ਮਿਲ ਗਈ ਹੈ। ਹੈਦਰਾਬਾਦ ਖ਼ਿਲਾਫ਼ ਖੇਡਣ ਵਾਲੇ ਲੈਗ ਸਪਿਨਰ ਕੁਲਦੀਪ ਯਾਦਵ ਨੇ ਸਪਿਨਰ ਵਰੂਨ ਚੱਕਰਵਰਤੀ ਨਾਲ ਮਿਲ ਕੇ ਉਪਯੋਗੀ ਪ੍ਰਦਰਸ਼ਨ ਕੀਤਾ ਸੀ। ਦੂਜੇ ਪਾਸੇ ਆਰ.ਸੀ.ਬੀ. ਦੀ ਟੀਮ ਕੇ.ਕੇ.ਆਰ. ਤੋਂ 2 ਅੰਕ ਅੱਗੇ ਹੈ ਅਤੇ ਰਾਜਸਥਾਨ ਰਾਇਲਜ਼ ਨੂੰ 7 ਵਿਕਟਾਂ ਨਾਲ ਹਰਾਉਣ ਤੋਂ ਬਾਅਦ ਅੰਕ ਸੂਚੀ ਵਿਚ ਤੀਜੇ ਸਥਾਨ 'ਤੇ ਚੱਲ ਰਹੀ ਹੈ।  

ਡਿਵਿਲਿਅਰਸ ਸ਼ਾਨਦਾਰ ਫ਼ਾਰਮ ਵਿਚ ਚੱਲ ਰਹੇ ਹਨ ਅਤੇ ਰਾਇਲਜ਼ ਦੇ ਖ਼ਿਲਾਫ਼ 22 ਗੇਂਦਾਂ ਵਿਚ ਨਾਬਾਦ 55 ਦੌੜਾਂ ਦੀ ਪਾਰੀ ਖੇਡ ਕੇ ਉਨ੍ਹਾਂ ਨੇ ਇਕੱਲੇ ਦਮ 'ਤੇ ਟੀਮ ਨੂੰ ਜਿੱਤ ਦਿਵਾਈ। ਕਪਤਾਨ ਕੋਹਲੀ ਵੀ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿਚ ਬਦਲਣਾ ਚਾਹੁੰਣਗੇ, ਜਿਸ ਨਾਲ ਟੀਮ ਦੀ ਪਲੇਅ ਆਫ ਵਿਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਵਧਣਗੀਆਂ।


cherry

Content Editor cherry