IPL 2020 : ਮਲਿੰਗਾ ਦੇ ਇਸ ਰਿਕਾਰਡ ਨੂੰ ਤੋੜ ਸਕਦੇ ਹਨ ਅਮਿਤ ਮਿਸ਼ਰਾ

09/16/2020 7:52:42 PM

ਦੁਬਈ: ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਫਰੈਂਚਾਇਜ਼ੀ ਟੀਮ ਦਿੱਲੀ ਕੈਪੀਟਲਸ ਦੇ ਤਜ਼ਰਬੇਕਾਰ ਲੈੱਗ ਸਪਿਨਰ ਅਮਿਤ ਮਿਸ਼ਰਾ ਇਸ ਟੂਰਨਾਮੈਂਟ ਵਿਚ ਮੁੰਬਈ ਇੰਡੀਅਨਜ਼ ਦੇ ਲਸਿਥ ਮਲਿੰਗਾ ਦੇ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਦੇ ਰਿਕਾਰਡ ਨੂੰ ਤੋੜ ਸਕਦੇ ਹਨ। ਮੁੰਬਈ ਇੰਡੀਅਨਜ਼ ਦਾ ਸ਼੍ਰੀਲੰਕਾਈ ਤੇਜ਼ ਗੇਂਦਬਾਜ਼ ਮਲਿੰਗਾ ਨਿੱਜੀ ਕਾਰਨਾਂ ਕਰਕੇ ਇਸ ਵਾਰ ਟੂਰਨਾਮੈਂਟ ਤੋਂ ਪਿੱਛੇ ਹਟ ਗਿਆ ਹੈ। ਮਲਿੰਗਾ ਨੇ ਆਈ. ਪੀ. ਐੱਲ. ਦੇ 122 ਮੈਚਾਂ 'ਚ 170 ਵਿਕਟਾਂ ਹਾਸਲ ਕੀਤੀਆਂ ਹਨ ਜੋ ਟੂਰਨਾਮੈਂਟ ਵਿਚ ਸਭ ਤੋਂ ਜ਼ਿਆਦਾ ਹਨ।

PunjabKesari
ਦਿੱਲੀ ਕੈਪੀਟਲਸ ਦੇ ਮਿਸ਼ਰਾ ਨੇ 147 ਮੈਚਾਂ ਵਿਚ 157 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਮਲਿੰਗਾ ਦੇ ਰਿਕਾਰਡ ਨੂੰ ਤੋੜਨ ਲਈ 14 ਵਿਕਟਾਂ ਦੀ ਜ਼ਰੂਰਤ ਹੈ। ਮਿਸ਼ਰਾ ਤੋਂ ਇਲਾਵਾ ਚੇਨਈ ਸੁਪਰ ਕਿੰਗਜ਼ ਦੀ ਟੀਮ ਦੇ ਆਫ ਸਪਿਨਰ ਹਰਭਜਨ ਸਿੰਘ ਅਤੇ ਲੈੱਗ ਸਪਿੰਨਰ ਪਿਯੂਸ਼ ਚਾਵਲਾ ਵੀ ਮਲਿੰਗਾ ਦੇ ਰਿਕਾਰਡ ਨੂੰ ਤੋੜਨ ਦੀ ਦੌੜ 'ਚ ਸ਼ਾਮਲ ਸਨ ਪਰ ਹਰਭਜਨ ਨੇ ਨਿੱਜੀ ਕਾਰਨਾਂ ਕਰਕੇ ਆਈ. ਪੀ. ਐੱਲ. ਤੋਂ ਹਟਣ ਦਾ ਫੈਸਲਾ ਕੀਤਾ, ਜਿਸ ਲਈ ਹੁਣ ਮਲਿੰਗਾ ਦਾ ਰਿਕਾਰਡ ਤੋੜਣ ਦੇ ਦੂਜੇ ਦਾਅਵੇਦਾਰ ਚਾਵਲਾ ਹੀ ਰਹਿ ਗਏ ਹਨ।

PunjabKesari
ਚਾਵਲਾ ਨੇ ਹੁਣ ਤੱਕ 157 ਮੈਚਾਂ ਵਿਚ 150 ਵਿਕਟਾਂ ਹਾਸਲ ਕੀਤੀਆਂ ਹਨ। ਚੇਨਈ ਸੁਪਰਕਿੰਗਜ਼ ਨੇ ਪਿਛਲੇ ਦਸੰਬਰ ਵਿਚ ਆਈ. ਪੀ. ਐੱਲ -2020 ਦੀ ਨਿਲਾਮੀ ਵਿਚ ਚਾਵਲਾ ਨੂੰ ਖਰੀਦਣ 'ਤੇ 6.75 ਕਰੋੜ ਰੁਪਏ ਖਰਚ ਕੀਤੇ ਸਨ। ਮਲਿੰਗਾ ਦਾ ਰਿਕਾਰਡ ਤੋੜਣ ਲਈ ਚਾਵਲਾ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨਾ ਪਵੇਗਾ ਅਤੇ 21 ਵਿਕਟਾਂ ਹਾਸਲ ਕਰਨੀਆਂ ਹੋਣਗੀਆਂ। ਸੀ. ਐੱਸ. ਕੇ. ਦੇ ਤੇਜ਼ ਗੇਂਦਬਾਜ਼ ਡਵੇਨ ਬ੍ਰਾਵੋ ਨੇ 134 ਮੈਚਾਂ ਵਿਚ 147 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਉਹ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਵਾਲੇ ਗੇਂਦਬਾਜ਼ਾਂ ਦੀ ਸੂਚੀ 'ਚ ਪੰਜਵੇਂ ਨੰਬਰ 'ਤੇ ਹਨ।


Gurdeep Singh

Content Editor

Related News