IPL 2019: ਵਿਰਾਟ ਕੋਲ ਵਾਪਸੀ ਦਾ ਆਖਰੀ ਮੌਕਾ, ਮੁਕਾਬਲਾ ਪੰਜਾਬ ਨਾਲ

Saturday, Apr 13, 2019 - 01:02 AM (IST)

ਮੋਹਾਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਕੋਲ ਸ਼ਨੀਵਾਰ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਹੋਣ ਵਾਲੇ ਆਈ. ਪੀ. ਐੱਲ.-12 ਮੁਕਾਬਲੇ ਰਾਹੀਂ ਟੂਰਨਾਮੈਂਟ ਵਿਚ ਵਾਪਸੀ ਕਰਨ ਦਾ ਆਖਰੀ ਮੌਕਾ ਹੋਵੇਗਾ। ਬੈਂਗਲੁਰੂ ਦੀ ਟੀਮ ਹੁਣ ਤਕ ਆਪਣੇ ਸਾਰੇ 6 ਮੈਚ ਹਾਰ ਚੁੱਕੀ ਹੈ ਤੇ ਉਸ ਨੇ 2013 ਵਿਚ ਦਿੱਲੀ ਦੇ ਸੈਸ਼ਨ ਦੀ ਸ਼ੁਰੂਆਤ ਤੋਂ ਲਗਾਤਾਰ 6 ਮੈਚ ਹਾਰ ਜਾਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਬੈਂਗਲੁਰੂ ਨੇ ਜੇਕਰ ਟੂਰਨਾਮੈਂਟ ਵਿਚ ਬਣੇ ਰਹਿਣਾ ਹੈ ਤਾਂ ਉਸ ਨੂੰ ਪੰਜਾਬ ਵਿਰੁੱਧ ਮੁਕਾਬਲਾ ਹਰ ਹਾਲ ਵਿਚ ਜਿੱਤਣਾ ਪਵੇਗਾ। ਵਿਰਾਟ ਜੇਕਰ 7ਵਾਂ ਮੈਚ ਵੀ ਹਾਰ ਜਾਂਦਾ ਹੈ ਤਾਂ ਉਸ ਦੀ ਟੀਮ ਪਲੇਅ ਆਫ ਤੋਂ ਲਗਭਗ ਬਾਹਰ ਹੋ ਜਾਵੇਗੀ ਕਿਉਂਕਿ ਇਸ ਤੋਂ ਬਾਅਦ ਲਗਾਤਾਰ 7 ਮੈਚ ਜਿੱਤਣੇ ਟੀਮ ਦੇ ਵੱਸੋਂ ਬਾਹਰ ਹੋਣਗੇ।
ਦੂਜੇ ਪਾਸੇ ਪੰਜਾਬ ਨੇ ਹੁਣ ਤਕ 7 ਮੈਚਾਂ ਵਿਚੋਂ 4 ਜਿੱਤੇ ਹਨ ਤੇ ਉਹ 8 ਅੰਕਾਂ ਨਾਲ ਅੰਕ ਸੂਚੀ ਵਿਚ ਚੌਥੇ ਨੰਬਰ 'ਤੇ ਹੈ। ਪੰਜਾਬ ਨੇ ਮੁੰਬਈ ਇੰਡੀਅਨਜ਼ ਕੋਲੋਂ ਆਪਣਾ ਪਿਛਲਾ ਮੁਕਾਬਲਾ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ 3 ਵਿਕਟਾਂ ਨਾਲ ਗੁਆਇਆ ਸੀ। ਪੰਜਾਬ ਨੇ 4 ਵਿਕਟਾਂ 'ਤੇ 197 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ ਤੇ ਉਸ ਕੋਲ ਮੈਚ ਜਿੱਤਣ ਦਾ ਸੁਨਹਿਰੀ ਮੌਕਾ ਸੀ ਪਰ ਕੀਰੋਨ ਪੋਲਾਰਡ ਨੇ 10 ਛੱਕਿਆਂ ਨਾਲ ਸਜੀ 83 ਦੌੜਾਂ ਦੀ ਪਾਰੀ ਖੇਡ ਕੇ ਪੰਜਾਬ ਤੋਂ ਜਿੱਤ ਖੋਹ ਲਈ ਸੀ। 
ਇਸ ਹਾਰ ਤੋਂ ਬਾਅਦ ਪੰਜਾਬ ਦੇ ਕਪਤਾਨ ਆਰ. ਅਸ਼ਵਿਨ ਨੇ ਮੰਨਿਆ ਸੀ ਕਿ ਟੀਮ ਦਾ ਫੀਲਡਿੰਗ ਪੱਧਰ ਚੰਗਾ ਨਹੀਂ ਸੀ, ਜਿਹੜਾ ਉਸ ਦੀ ਹਾਰ ਦਾ ਇਕ ਵੱਡਾ ਕਾਰਨ ਬਣਿਆ ਸੀ। ਮੁੰਬਈ ਨੂੰ ਆਖਰੀ ਗੇਂਦ 'ਤੇ ਜਿੱਤ ਲਈ 2 ਦੌੜਾਂ ਚਾਹੀਦੀਆਂ ਸਨ ਤੇ ਪੰਜਾਬ ਦੀ ਟੀਮ ਮੁੰਬਈ ਨੂੰ ਅਜਿਹਾ ਕਰਨ ਤੋਂ ਰੋਕ ਨਹੀਂ ਸਕੀ। ਪੰਜਾਬ ਲਈ ਇਸ ਹਾਰ ਤੋਂ ਚੰਗੀ ਗੱਲ ਇਹ ਰਹੀ ਕਿ ਉਸ ਦੇ ਓਪਨਰ ਲੋਕੇਸ਼ ਰਾਹੁਲ ਨੇ ਆਪਣੇ ਕਰੀਅਰ ਦਾ ਪਹਿਲਾ ਟੀ-20 ਸੈਂਕੜਾ ਬਣਾਇਆ ਤੇ ਓਪਨਰ ਕ੍ਰਿਸ ਗੇਲ ਨੇ ਵੀ 63 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ। ਜਿਥੇ ਟੀਮ ਲਈ ਇਹ ਚੰਗੀ ਗੱਲ ਰਹੀ, ਉਥੇ ਹੀ ਟੀਮ ਦੀ ਗੇਂਦਬਾਜ਼ੀ ਇਕ ਮਜ਼ਬੂਤ ਸਕੋਰ ਦਾ ਬਚਾਅ ਨਹੀਂ ਕਰ ਸਕੀ।


Gurdeep Singh

Content Editor

Related News