IPL 2019 : ਜਿੱਤ ਲਈ ਜਾਨ ਲਾਉਣਗੇ ਪੰਜਾਬ ਤੇ ਹੈਦਰਾਬਾਦ

04/29/2019 1:10:02 AM

ਹੈਦਰਾਬਾਦ— ਕਿੰਗਜ਼ ਇਲੈਵਨ ਪੰਜਾਬ ਤੇ ਸਨਰਾਈਜ਼ਰਜ਼ ਹੈਦਰਾਬਾਦ ਆਈ. ਪੀ. ਐੱਲ.-12 'ਚ ਸੋਮਵਾਰ ਨੂੰ ਇਥੇ ਹੋਣ ਵਾਲੇ ਮੁਕਾਬਲੇ ਵਿਚ ਪਲੇਅ ਆਫ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਲਈ ਜੀਅ-ਜਾਨ ਲਾ ਦੇਣਗੇ।
ਹੈਦਰਾਬਾਦ ਇਸ ਸਮੇਂ 11 ਮੈਚਾਂ ਵਿਚੋਂ 5 ਜਿੱਤਾਂ ਤੇ 10 ਅੰਕਾਂ ਨਾਲ ਅੰਕ ਸੂਚੀ ਵਿਚ ਚੌਥੇ ਸਥਾਨ 'ਤੇ ਹੈ, ਜਦਕਿ ਪੰਜਾਬ 11 ਮੈਚਾਂ ਵਿਚੋਂ 5 ਜਿੱਤਾਂ ਤੇ 10 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹੈ। ਦੋਵਾਂ ਦੇ ਅੰਕ ਬਰਾਬਰ ਹਨ ਪਰ ਹੈਦਰਾਬਾਦ ਦੀ ਨੈੱਟ ਰਨ ਰੇਟ ਬਿਹਤਰ ਹੈ। ਇਹ ਮੁਕਾਬਲਾ ਦੋਵਾਂ ਟੀਮਾਂ ਲਈ ਇਕ ਤਰ੍ਹਾਂ ਨਾਲ 'ਕਰੋ ਜਾਂ ਮਰੋ' ਦਾ ਮੁਕਾਬਲਾ ਹੈ। ਇਸ ਮੈਚ ਨੂੰ ਜਿੱਤਣ ਵਾਲੀ ਟੀਮ ਲਈ ਪਲੇਅ ਆਫ ਦੀਆਂ ਉਮੀਦਾਂ ਵਧ ਜਾਣਗੀਆਂ, ਜਦਕਿ ਹਾਰ ਜਾਣ ਵਾਲੀ ਟੀਮ 'ਤੇ ਸੰਕਟ ਡੂੰਘਾ ਹੋ ਜਾਵੇਗਾ। ਇਸ ਮੈਚ ਨੂੰ ਜਿੱਤਣ ਵਾਲੀ ਟੀਮ ਨੂੰ ਜਿੱਤ ਦੇ ਬਾਵਜੂਦ ਆਪਣੇ ਅਗਲੇ ਦੋਵੇਂ ਮੈਚ ਜਿੱਤਣੇ ਹੀ ਪੈਣਗੇ, ਉਦੋਂ ਉਸ ਦਾ ਪਲੇਅ ਆਫ ਵਿਚ ਸਥਾਨ ਪੱਕਾ ਹੋ ਜਾਵੇਗਾ। ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਪਲੇਅ ਆਫ ਵਿਚ ਆਪਣਾ ਸਥਾਨ ਲਗਭਗ ਪੱਕਾ ਕਰ ਚੁੱਕੀ ਹੈ ਤੇ ਹੁਣ ਲੜਾਈ ਬਾਕੀ ਤਿੰਨ ਸਥਾਨਾਂ ਲਈ ਹੈ।
ਹੈਦਰਾਬਾਦ ਨੂੰ ਕੱਲ ਰਾਜਸਥਾਨ ਰਾਇਲਜ਼ ਹੱਥੋਂ ਜੈਪੁਰ ਵਿਚ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨਾਲ ਉਸਦੀਆਂ ਮੁਸ਼ਕਿਲਾਂ ਕੁਝ ਵਧ ਗਈਆਂ ਹਨ। ਹੈਦਰਾਬਾਦ ਨੇ 8 ਵਿਕਟਾਂ 'ਤੇ 160 ਦੌੜਾਂ ਦਾ ਸਕੋਰ ਬਣਾਇਆ ਸੀ, ਜਦਕਿ ਰਾਜਸਥਾਨ ਨੇ 5 ਗੇਂਦਾਂ ਬਾਕੀ ਰਹਿੰਦਿਆਂ 3 ਵਿਕਟਾਂ 'ਤੇ 161 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ ਸੀ।


Gurdeep Singh

Content Editor

Related News