IPL 2019 : ਰਾਜਸਥਾਨ ਤੇ ਬੈਂਗਲੁਰੂ ''ਚੋਂ ਕਿਸੇ ਇਕ ਦਾ ਜਿੱਤ ਨਾਲ ਖੁੱਲ੍ਹੇਗਾ ਖਾਤਾ

Tuesday, Apr 02, 2019 - 12:25 AM (IST)

IPL 2019 : ਰਾਜਸਥਾਨ ਤੇ ਬੈਂਗਲੁਰੂ ''ਚੋਂ ਕਿਸੇ ਇਕ ਦਾ ਜਿੱਤ ਨਾਲ ਖੁੱਲ੍ਹੇਗਾ ਖਾਤਾ

ਜੈਪੁਰ- ਆਈ. ਪੀ. ਐੱਲ.-12 ਵਿਚ ਆਪਣੇ ਪਹਿਲੇ ਤਿੰਨੋਂ ਮੈਚ ਗੁਆ ਚੁੱਕੀਆਂ ਰਾਜਸਥਾਨ ਰਾਇਲਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੀਆਂ ਟੀਮਾਂ ਮੰਗਲਵਾਰ ਨੂੰ ਜਦੋਂ ਆਹਮੋ-ਸਾਹਮਣੇ ਹੋਣਗੀਆਂ ਤਾਂ ਇਕ ਟੀਮ ਦਾ ਖਾਤਾ ਖੁੱਲ੍ਹਣਾ ਤੈਅ ਹੈ। ਰਾਜਸਥਾਨ ਤੇ ਬੈਂਗਲੁਰੂ ਇਸ ਸਮੇਂ ਆਈ. ਪੀ. ਐੱਲ.-12 ਦੀਆਂ ਫਾਡੀ ਟੀਮਾਂ ਹਨ। ਰਾਜਸਥਾਨ 7ਵੇਂ ਤੇ ਬੈਂਗਲੁਰੂ 8ਵੇਂ ਸਥਾਨ 'ਤੇ ਹੈ। ਕੱਲ ਦੋਵਾਂ ਟੀਮਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰਾਜਸਥਾਨ ਨੂੰ ਅਜੇ ਤਕ ਕਿੰਗਜ਼ ਇਲੈਵਨ ਪੰਜਾਬ ਹੱਥੋਂ 14 ਦੌੜਾਂ ਨਾਲ, ਸਨਰਾਈਜ਼ਰਜ਼ ਹੈਦਰਾਬਾਦ ਤੋਂ 5 ਵਿਕਟਾਂ ਨਾਲ ਤੇ ਚੇਨਈ ਸੁਪਰ ਕਿੰਗਜ਼ ਹੱਥੋਂ 8 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਬੈਂਗਲੁਰੂ ਨੂੰ ਚੇਨਈ ਹੱਥੋਂ 7 ਵਿਕਟਾਂ ਨਾਲ, ਮੁੰਬਈ ਇੰਡੀਅਨਜ਼ ਹੱਥੋਂ 6 ਵਿਕਟਾਂ ਨਾਲ ਤੇ ਹੈਦਰਾਬਾਦ ਕੋਲੋਂ 118 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ।  ਦੋਵਾਂ ਹੀ ਟੀਮਾਂ ਨਾਲ ਸਮੱਸਿਆ ਇਹ ਹੈ ਕਿ ਉਨ੍ਹਾਂ ਦੀ ਗੇਂਦਬਾਜ਼ੀ ਤੇ ਬੱਲੇਬਾਜ਼ੀ ਦੋਵੇਂ ਹੀ ਨਿਰਾਸ਼ ਕਰ ਰਹੀਆਂ ਹਨ ਤੇ ਦੋਵਾਂ ਕੋਲ ਸਟਾਰ ਖਿਡਾਰੀਆਂ ਦੀ ਕਮੀ ਨਹੀਂ ਹੈ। ਭਾਰਤੀ ਕਪਤਾਨ ਤੇ ਦੁਨੀਆ ਦਾ ਸਰਵਸ੍ਰੇਸ਼ਠ ਬੱਲੇਬਾਜ਼ ਵਿਰਾਟ ਕੋਹਲੀ ਬੈਂਗਲੁਰੂ ਟੀਮ ਦਾ ਕਪਤਾਨ ਹੈ ਪਰ ਉਹ ਵੀ ਆਪਣੀ ਟੀਮ ਨੂੰ ਉਤਸ਼ਾਹਿਤ ਨਹੀਂ ਕਰ ਪਾ ਰਿਹਾ ਹੈ।
ਹੈਦਰਾਬਾਦ ਹੱਥੋਂ 118 ਦੌੜਾਂ ਦੀ ਹਾਰ ਤੋਂ ਬਾਅਦ ਵਿਰਾਟ ਨੇ ਕਿਹਾ ਸੀ, ''ਇਹ ਸਾਡੀ ਹੁਣ ਤਕ ਦੀ ਸਭ ਤੋਂ ਖਰਾਬ ਹਾਰ ਹੈ। ਅਸੀਂ ਸਾਰੇ ਵਿਭਾਗਾਂ 'ਚ ਕਾਫੀ ਖਰਾਬ ਪ੍ਰਦਰਸ਼ਨ ਕੀਤਾ ਹੈ। ਇਸ ਦੇ ਬਾਵਜੂਦ ਅਸੀਂ ਨਿਰਾਸ਼ ਨਹੀਂ ਹਾਂ। ਅਜੇ ਸਾਡੇ ਕੋਲ 11 ਮੈਚ ਬਾਕੀ ਹਨ ਤੇ ਅਸੀਂ ਚੀਜ਼ਾਂ ਨੂੰ ਬਦਲ ਸਕਦੇ ਹਾਂ। ਸਾਨੂੰ ਰਾਜਸਥਾਨ ਵਿਰੁੱਧ ਅਗਲੇ ਮੈਚ ਵਿਚ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ। ਜਦੋਂ ਚੀਜ਼ਾਂ ਸਾਡੇ ਅਨੁਕੂਲ ਨਾ ਜਾ ਰਹੀਆਂ ਹੋਣ ਤਾਂ ਸਾਨੂੰ ਜੇਤੂ ਲੈਅ ਹਾਸਲ ਕਰਨ ਦੇ ਤਰੀਕੇ ਲੱਭਣੇ ਪੈਣਗੇ। ਅਗਲਾ ਮੈਚ ਸਾਡੇ ਲਈ ਬਹੁਤ ਮਹੱਤਵਪੂਰਨ ਹੋਵੇਗਾ।''
ਵਿਰਾਟ ਵਰਗੀ ਸਥਿਤੀ 'ਚ ਰਾਜਸਥਾਨ ਦਾ ਕਪਤਾਨ ਅਜਿੰਕਯ ਰਹਾਨੇ ਵੀ ਹੈ ਤੇ ਉਸ ਦੇ ਲਈ ਵੀ ਅਗਲਾ ਮੈਚ ਬਹੁਤ ਮਹੱਤਵਪੂਰਨ ਹੈ। ਰਹਾਨੇ ਨੇ ਕਿਹਾ, ''ਮੈਂ ਬਹੁਤ ਨਿਰਾਸ਼ ਹਾਂ। ਅਸੀਂ ਚੇਨਈ ਵਿਰੁੱਧ ਚੰਗੀ ਸ਼ੁਰੂਆਤ ਕੀਤੀ ਸੀ ਪਰ ਗੇਂਦ ਨਾਲ ਆਖਰੀ ਪੰਜ ਓਵਰਾਂ 'ਚ ਮੈਚ ਸਾਡੇ ਹੱਥੋਂ ਨਿਕਲ ਗਿਆ। ਸਾਨੂੰ ਮੈਚਾਂ 'ਚ ਛੋਟੇ-ਛੋਟੇ ਪਲ ਜਿੱਤਣੇ ਪੈਣਗੇ। ਅਸੀਂ ਚੰਗੀ ਕ੍ਰਿਕਟ ਖੇਡ ਰਹੇ ਹਾਂ ਤੇ ਥੋੜ੍ਹੀ ਕਿਸਮਤ ਨਾਲ ਸਾਡਾ ਭਵਿੱਖ ਬਦਲ ਸਕਦਾ ਹੈ।'' ਰਾਜਸਥਾਨ ਕੋਲ ਰਹਾਨੇ, ਜੋਸ ਬਟਲਰ, ਟੂਰਨਾਮੈਂਟ 'ਚ ਪਹਿਲਾ ਸੈਂਕੜਾ ਲਾ ਚੁੱਕਾ ਸੰਜੂ ਸੈਮਸਨ, ਸਟੀਵ ਸਮਿਥ ਤੇ ਬੇਨ ਸਟੋਕਸ ਵਰਗੇ ਸ਼ਾਨਦਾਰ ਖਿਡਾਰੀ ਹਨ, ਜਦਕਿ ਬੈਂਗਲੁਰੂ ਕੋਲ ਵਿਰਾਟ, ਏ. ਬੀ. ਡਿਵਿਲੀਅਰਸ, ਮੋਇਨ ਅਲੀ, ਉਮੇਸ਼ ਯਾਦਵ ਤੇ ਯੁਜਵੇਂਦਰ ਚਾਹਲ ਵਰਗੇ ਕਈ ਬਿਹਤਰੀਨ ਖਿਡਾਰੀ ਹਨ। ਇਸ ਮੁਕਾਬਲੇ ਵਿਚ ਆਖਰੀ ਨਤੀਜਾ ਕੁਝ ਵੀ ਰਹੇ ਪਰ ਇੰਨਾ ਤਾਂ ਤੈਅ ਹੈ ਕਿ ਇਕ ਟੀਮ ਦੇ ਖਾਤੇ 'ਚ ਦੋ ਅੰਕ ਤਾਂ ਜੁੜ ਹੀ ਜਾਣਗੇ।


author

Gurdeep Singh

Content Editor

Related News