IPL 2019 : ਚੇਨਈ ਨੂੰ ਅੱਜ ਚੁਣੌਤੀ ਦੇਵੇਗੀ ਮੁੰਬਈ

04/26/2019 5:05:24 AM

ਚੇਨਈ- ਆਈ. ਪੀ. ਐੱਲ. ਦੀਆਂ ਦੋ ਮਜ਼ਬੂਤ ਟੀਮਾਂ ਚੇਨਈ ਸੁਪਰ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਸ਼ੁੱਕਰਵਾਰ ਨੂੰ ਐੱਮ. ਏ. ਚਿਦਾਂਬਰਮ ਸਟੇਡੀਅਮ ਵਿਚ ਇਕ-ਦੂਜੇ ਨੂੰ ਸਖਤ ਚੁਣੌਤੀ ਦੇਣ ਉਤਰਨਗੀਆਂ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਚੇਨਈ 11 ਮੈਚਾਂ ਵਿਚ 8 ਜਿੱਤਾਂ ਤੇ 3 ਹਾਰ ਤੋਂ ਬਾਅਦ 16 ਅੰਕ ਲੈ ਕੇ ਚੋਟੀ 'ਤੇ ਹੈ ਤੇ ਪਲੇਅ ਆਫ ਵਿਚ ਉਸਦਾ ਦਾਅਵਾ ਲਗਭਗ ਪੱਕਾ ਹੋ ਗਿਆ ਹੈ। ਉਥੇ ਹੀ ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਮੁੰਬਈ 10 ਮੈਚਾਂ ਵਿਚੋਂ 6 ਜਿੱਤਾਂ ਤੇ 4 ਹਾਰ ਤੋਂ ਬਾਅਦ 12 ਅੰਕ ਲੈ ਕੇ ਤੀਜੇ ਸਥਾਨ 'ਤੇ ਹੈ। ਉਸ ਤੋਂ ਅੱਗੇ ਦਿੱਲੀ ਕੈਪੀਟਲਸ 14 ਅੰਕ ਲੈ ਕੇ ਦੂਜੇ ਨੰਬਰ 'ਤੇ ਹੈ। 
ਟੂਰਨਾਮੈਂਟ ਵਿਚ ਹੁਣ ਸਾਰੀਆਂ ਟੀਮਾਂ ਦੀਆਂ ਨਜ਼ਰਾਂ ਪਲੇਅ ਆਫ ਵਿਚ ਸਥਾਨ ਪੱਕਾ ਕਰਨ 'ਤੇ ਲੱਗੀਆਂ ਹਨ ਤੇ ਮੁੰਬਈ ਦੀ ਕੋਸ਼ਿਸ਼ ਰਹੇਗੀ ਕਿ ਉਹ ਆਪਣੀ ਸਥਿਤੀ ਅੰਕ ਸੂਚੀ ਵਿਚ ਮਜ਼ਬੂਤ ਕਰ ਲਵੇ। 3 ਵਾਰ ਦੀ ਚੈਂਪੀਅਨ ਮੁੰਬਈ ਅਤੇ ਸਾਬਕਾ ਚੈਂਪੀਅਨ ਤੇ ਤਿੰਨ ਵਾਰ ਖਿਤਾਬ ਹਾਸਲ ਕਰ ਚੁੱਕੀ ਚੇਨਈ ਦੋਵੇਂ ਹੀ ਮਜ਼ਬੂਤ ਟੀਮਾਂ ਹਨ ਤੇ ਇਸ ਸੈਸ਼ਨ ਵਿਚ ਦੂਜੀ ਵਾਰ ਇਕ-ਦੂਜੇ ਦਾ ਸਾਹਮਣਾ ਕਰਨ ਉਤਰਨਗੀਆਂ। ਚੇਨਈ ਨੂੰ 1 ਅਪ੍ਰੈਲ ਨੂੰ ਹੋਏ ਪਿਛਲੇ ਮੈਚ ਵਿਚ ਮੁੰਬਈ ਨੇ ਆਪਣੇ ਵਾਨਖੇੜੇ ਮੈਦਾਨ 'ਤੇ 37 ਦੌੜਾਂ ਨਾਲ ਹਰਾਇਆ ਸੀ ਤੇ ਇਸ ਵਾਰ ਚੇਨਈ ਆਪਣੇ ਮੈਦਾਨ 'ਤੇ ਮੁੰਬਈ ਦੀ ਮੇਜ਼ਬਾਨੀ ਇਸ ਹਾਰ ਦਾ ਬਦਲਾ ਲੈਣ ਦੇ ਨਾਲ ਕਰਨਾ ਚਾਹੇਗੀ। 
ਚੇਨਈ ਬੈਂਗਲੁਰੂ ਤੇ ਹੈਦਰਾਬਾਦ ਤੋਂ ਲਗਾਤਾਰ ਦੋ ਮੈਚ ਹਾਰ ਜਾਣ ਤੋਂ ਬਾਅਦ ਇਕ ਵਾਰ ਫਿਰ ਪਟੜੀ 'ਤੇ ਪਰਤ ਆਈ ਹੈ ਤੇ ਇਸ ਟੀਮ ਦੀ ਇਹ ਹੀ ਖਾਸੀਅਤ ਹੈ ਕਿ ਉਹ ਆਪਣੀ ਲੈਅ ਆਸਾਨੀ ਨਾਲ ਨਹੀਂ ਗੁਆਉਂਦੀ ਤੇ ਗਲਤੀਆਂ ਤੋਂ ਸਿੱਖਦੀ ਹੈ। ਟੀਮ ਦਾ ਕਪਤਾਨ ਧੋਨੀ ਵਧੀਆ ਫਾਰਮ ਵਿਚ ਹੈ ਤੇ ਹੁਣ ਤਕ 10 ਮੈਚਾਂ ਵਿਚ 104.66 ਦੀ ਬਿਹਤਰੀਨ ਔਸਤ ਨਾਲ 314 ਦੌੜਾਂ ਬਣਾ ਕੇ ਟੀਮ ਦਾ ਟਾਪ ਸਕੋਰਰ ਹੈ। ਆਲਰਾਊਂਡਰ ਸੁਰੇਸ਼ ਰੈਨਾ ਤੇ ਸਲਾਮੀ ਬੱਲੇਬਾਜ਼ ਸ਼ੇਨ ਵਾਟਸਨ ਉਸ ਤੋਂ ਬਾਅਦ ਟੀਮ ਦੇ ਟਾਪ ਸਕੋਰਰ ਹਨ। ਹੈਦਰਾਬਾਦ ਵਿਰੁੱਧ ਸਲਾਮੀ ਬੱਲੇਬਾਜ਼ ਵਾਟਸਨ ਨੇ 96 ਦੌੜਾਂ ਦੀ ਪਾਰੀ ਖੇਡੀ ਸੀ ਤੇ ਮੈਨ ਆਫ ਦਿ ਮੈਚ ਰਿਹਾ ਸੀ।
ਟੀਮ ਦੇ ਬੱਲੇਬਾਜ਼ੀ ਕ੍ਰਮ ਦੀ ਤਰ੍ਹਾਂ ਉਸਦੇ ਕੋਲ ਚੰਗਾ ਗੇਂਦਬਾਜ਼ੀ ਸੰਯੋਜਨ ਹੈ, ਜਿਸ ਵਿਚ ਰਵਿੰਦਰ ਜਡੇਜਾ, ਦੀਪਕ ਚਾਹਰ, ਤਜਰਬੇਕਾਰ ਆਫ ਸਪਿਨਰ ਹਰਭਜਨ ਸਿੰਘ, ਡਵੇਨ ਬ੍ਰਾਵੋ ਤੇ ਇਰਮਾਨ ਤਾਹਿਰ ਸ਼ਾਮਲ ਹਨ। ਮੁੰਬਈ ਵਿਰੁੱਧ ਉਸਦੇ ਸਾਬਕਾ ਖਿਡਾਰੀ ਭੱਜੀ ਅਹਿਮ ਸਾਬਤ ਹੋ ਸਕਦਾ ਹੈ, ਜਿਸ ਨੇ ਹੁਣ ਤਕ 5 ਮੈਚਾਂ ਵਿਚ 9 ਵਿਕਟਾਂ ਲਈਆਂ ਹਨ। ਉਮੀਦ ਹੈ ਕਿ ਉਸ ਨੂੰ ਇਕ ਵਾਰ ਫਿਰ ਸ਼ਾਰਦੁਲ ਠਾਕੁਰ ਦੀ ਜਗ੍ਹਾ 'ਤੇ ਤਰਜੀਹ ਮਿਲੇਗੀ। ਕਪਤਾਨ ਧੋਨੀ ਮੁੰਬਈ ਨੂੰ ਰੋਕਣ ਲਈ ਇਸੇ ਇਲੈਵਨ ਨਾਲ ਉਤਰ ਸਕਦਾ ਹੈ।
ਦੂਜੇ ਪਾਸੇ ਮੁੰਬਈ ਅਹਿਮ ਪੜਾਅ 'ਤੇ ਆ ਕੇ ਲਗਾਤਾਰ ਦੂਜੀ ਹਾਰ ਤੋਂ ਬਚਣਾ ਚਾਹੇਗੀ। ਰਾਇਲਜ਼ ਵਿਰੁੱਧ ਟੀਮ ਦੀ ਗੇਂਦਬਾਜ਼ੀ ਸਬਰਯੋਗ ਨਹੀਂ ਰਹੀ ਸੀ, ਜਿਸ ਵਿਚ ਸੁਧਾਰ ਦੀ ਲੋੜ ਰਹੇਗੀ। ਉਥੇ ਹੀ ਕਪਤਾਨ ਰੋਹਿਤ ਵੀ ਆਪਣੀ ਬੱਲੇਬਾਜ਼ੀ ਵਿਚ ਸੁਧਾਰ ਕਰਨਾ ਚਾਹੇਗਾ, ਜਿਹੜਾ ਪਿਛਲੇ ਮੈਚ ਵਿਚ 5 ਦੌੜਾਂ ਹੀ ਬਣਾ ਸਕਿਆ ਸੀ। ਟੀਮ ਦਾ ਟਾਪ ਸਕੋਰਰ ਕਵਿੰਟਨ ਡੀ ਕੌਕ ਹੈ, ਜਿਸ ਨੇ 10 ਮੈਚਾਂ ਵਿਚ 378 ਦੌੜਾਂ ਬਣਾਈਆਂ ਹਨ। ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਕੀਰੋਨ ਪੋਲਾਰਡ ਵੱਡੇ ਸਕੋਰਰ ਹਨ, ਉਥੇ ਹੀ ਗੇਂਦਬਾਜ਼ਾਂ ਵਿਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਰਾਹੁਲ ਚਾਹਰ, ਹਾਰਦਿਕ ਤੇ ਲਸਿਥ ਮਲਿੰਗਾ ਨੂੰ ਚੇਨਈ ਦੀ ਮਜ਼ਬੂਤ ਟੀਮ ਨੂੰ ਰੋਕਣ ਲਈ ਕਿਤੇ ਬਿਹਤਰ ਖੇਡ ਦਿਖਾਉਣੀ ਪਵੇਗੀ।


Gurdeep Singh

Content Editor

Related News