IPL 2019 : ਹੈਦਰਾਬਾਦ ਨਾਲ ਹਿਸਾਬ ਬਰਾਬਰ ਕਰੇਗੀ ਚੇਨਈ!

04/23/2019 2:25:02 AM

ਚੇਨਈ— ਆਈ. ਪੀ. ਐੱਲ. ਦੀ ਚੋਟੀ ਦੀ ਟੀਮ ਚੇਨਈ ਸੁਪਰ ਕਿੰਗਜ਼ ਆਪਣੇ ਆਖਰੀ ਦੋ ਮੁਕਾਬਲਿਆਂ 'ਚ ਉਲਟਫੇਰ ਦਾ ਸ਼ਿਕਾਰ ਹੋਣ ਤੋਂ ਬਾਅਦ ਵਾਪਸ ਜਿੱਤ ਦੀ ਪਟੜੀ 'ਤੇ ਪਰਤਣ ਦੀ ਕੋਸ਼ਿਸ਼ 'ਚ ਰੁੱਝ ਗਈ ਹੈ ਤੇ ਮੰਗਲਵਾਰ ਨੂੰ ਆਪਣੇ ਘਰੇਲੂ ਮੈਦਾਨ 'ਤੇ ਉਹ ਸਨਰਾਈਜ਼ਰਜ਼ ਹੈਦਰਾਬਾਦ ਤੋਂ ਮਿਲੀ ਪਿਛਲੀ ਹਾਰ ਦਾ ਬਦਲਾ ਲੈਣ ਤੋਂ ਇਲਾਵਾ ਪਲੇਅ ਆਫ 'ਚ ਜਗ੍ਹਾ ਪੱਕੀ ਕਰਨ ਦੇ ਅਹਿਮ ਟੀਚੇ ਨਾਲ ਉਤਰੇਗੀ। 
ਚੇਨਈ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਰੋਮਾਂਚਕ ਮੁਕਾਬਲੇ 'ਚ ਐਤਵਾਰ 1 ਦੌੜ ਨਾਲ ਹਰਾ ਦਿੱਤਾ ਸੀ, ਜਦਕਿ ਇਸ ਤੋਂ ਪਿਛਲੇ ਮੈਚ 'ਚ ਉਹ ਹੈਦਰਾਬਾਦ ਹੱਥੋਂ ਉਸ ਦੇ ਘਰੇਲੂ ਮੈਦਾਨ 'ਤੇ 6 ਵਿਕਟਾਂ ਨਾਲ ਹਾਰ ਗਈ ਸੀ। ਆਈ. ਪੀ. ਐੱਲ. ਅੰਕ ਸੂਚੀ 'ਚ ਮਹਿੰਦਰ ਸਿੰਘ ਧੋਨੀ ਦੀ ਟੀਮ 10 ਵਿਚੋਂ 7 ਮੈਚ ਜਿੱਤ ਕੇ ਤੇ 3 ਹਾਰ ਜਾਣ ਤੋਂ ਬਾਅਦ 14 ਅੰਕਾਂ ਨਾਲ ਚੋਟੀ 'ਤੇ ਹੈ ਪਰ ਪਿਛਲੇ ਦੋ ਮੈਚਾਂ ਵਿਚ ਲਗਾਤਾਰ ਹਾਰ ਜਾਣ ਨਾਲ ਉਸਦੀਆਂ ਪਲੇਅ ਆਫ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ।
ਦੂਜੇ ਪਾਸੇ ਹੈਦਰਾਬਾਦ ਅਜੇ 9 ਮੈਚਾਂ ਵਿਚੋਂ 10 ਅੰਕਾਂ ਨਾਲ ਚੌਥੇ ਨੰਬਰ 'ਤੇ ਹੈ ਤੇ ਟਾਪ-4 ਵਿਚ ਬਣੇ ਰਹਿਣ ਲਈ ਉਸ ਨੂੰ ਹਰ ਹਾਲ ਵਿਚ ਅਗਲੇ ਮੈਚਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਦੀ ਲੋੜ ਹੈ। ਉਸ ਤੋਂ ਅੱਗੇ ਮੁੰਬਈ 12 ਅੰਕਾਂ ਤੇ ਦਿੱਲੀ 12 ਅੰਕਾਂ ਨਾਲ ਦੂਜੇ ਤੇ ਤੀਜੇ ਨੰਬਰ 'ਤੇ ਹਨ। ਹੈਦਰਾਬਾਦ ਨੇ ਚੇਨਈ ਨੂੰ ਹਰਾਉਣ ਤੋਂ ਬਾਅਦ ਕੋਲਕਾਤਾ ਨੂੰ 9 ਵਿਕਟਾਂ ਨਾਲ ਹਰਾਇਆ ਸੀ, ਜਿਸ ਨਾਲ ਉਸ ਦੇ ਹੌਸਲੇ ਬੁਲੰਦ ਹੋਏ ਹਨ, ਜਦਕਿ ਚੇਨਈ ਪਿਛਲੇ ਦੋ ਮੈਚ ਲਗਾਤਾਰ ਹਾਰ ਜਾਣ ਤੋਂ ਬਾਅਦ ਨਿਸ਼ਚਿਤ ਹੀ ਦਬਾਅ 'ਚ ਹੋਵੇਗੀ। ਧੋਨੀ ਹਾਲਾਂਕਿ ਟੀਮ ਦਾ ਸਟਾਰ ਖਿਡਾਰੀ ਹੈ, ਜਿਹੜਾ ਆਰ. ਸੀ. ਬੀ. ਵਿਰੁੱਧ ਇਕੱਲੇ ਆਪਣੇ ਦਮ 'ਤੇ ਟੀਮ ਨੂੰ ਜਿੱਤ ਦੇ ਨੇੜੇ ਲੈ ਗਿਆ ਸੀ ਤੇ ਇਕ ਵਾਰ ਫਿਰ ਉਸ ਦੇ ਪ੍ਰਦਰਸ਼ਨ 'ਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਰਹਿਣਗੀਆਂ। ਚੇਨਈ ਦੇ ਕਪਤਾਨ ਨੇ ਪਿਛਲੇ ਮੈਚ ਵਿਚ 48 ਗੇਂਦਾਂ ਵਿਚ 5 ਚੌਕੇ ਤੇ 7 ਛੱਕੇ ਲਾ ਕੇ ਅਜੇਤੂ 84 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ।


Gurdeep Singh

Content Editor

Related News