IPL 13: ਅਮਿਤ ਮਿਸ਼ਰਾ ਤੋਂ ਬਾਅਦ ਹੁਣ ਪਿਯੂਸ਼ ਚਾਵਲਾ ਤੋੜ ਸਕਦੇ ਹਨ ਮਲਿੰਗਾ ਦਾ ਇਹ ਵੱਡਾ ਰਿਕਾਰਡ

10/6/2020 8:03:22 PM

ਦੁਬਈ : ਦਿੱਲੀ ਕੈਪੀਟਲਸ ਦੇ ਅਨੁਭਵੀ ਲੈੱਗ ਸਪਿਨਰ ਅਮਿਤ ਮਿਸ਼ਰਾ ਦੇ ਸੱਟ ਕਾਰਨ ਆਈ.ਪੀ.ਐੱਲ. 13 ਤੋਂ ਬਾਹਰ ਹੋ ਜਾਣ ਨਾਲ ਹੁਣ ਇਸ ਟੂਰਨਾਮੈਂਟ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮੁੰਬਈ ਇੰਡੀਅਨਜ਼ ਦੇ ਮਲਿੰਗਾ ਦੇ ਰਿਕਾਰਡ ਨੂੰ ਚੇਨਈ ਸੁਪਰਕਿੰਗਜ਼ ਦੇ ਲੈੱਗ ਸਪਿਨਰ ਪਿਯੂਸ਼ ਚਾਵਲਾ ਵਲੋਂ ਹੀ ਖ਼ਤਰਾ ਰਹਿ ਗਿਆ ਹੈ। ਮੁੰਬਈ ਇੰਡੀਅਨਜ਼ ਦੇ ਸ਼੍ਰੀਲੰਕਾਈ ਤੇਜ਼ ਗੇਂਦਬਾਜ਼ ਮਲਿੰਗਾ ਨਿੱਜੀ ਕਾਰਨਾਂ ਕਾਰਨ ਇਸ ਵਾਰ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੱਟ ਗਏ ਸਨ। 

ਮਲਿੰਗਾ ਨੇ ਆਈ.ਪੀ.ਐੱਲ. ਦੇ 122 ਮੈਚਾਂ 'ਚ 170 ਵਿਕਟਾਂ ਲਈਆਂ ਸਨ ਜੋ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਹਨ। ਦਿੱਲੀ ਕੈਪੀਟਲਜ਼ ਦੇ ਮਿਸ਼ਰਾ ਨੇ ਇਸ ਸੈਸ਼ਨ 'ਚ ਆਪਣੀਆਂ ਵਿਕਟਾਂ ਦੀ ਗਿਣਤੀ 150 ਮੈਚਾਂ 'ਚ 160 ਵਿਕਟ ਪਹੁੰਚਾ ਦਿੱਤੀ ਸੀ ਲੇਕਿਨ ਪਰ ਮਿਸ਼ਰਾ ਊਂਗਲੀ ਦੀ ਸੱਟ ਕਾਰਨ ਬਾਕੀ ਸੈਸ਼ਨ ਤੋਂ ਬਾਹਰ ਹੋ ਗਏ।  ਸ਼ੁੱਕਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਮੈਚ 'ਚ ਨੀਤੀਸ਼ ਰਾਣੇ ਦੇ ਇੱਕ ਸ਼ਾਟ 'ਤੇ ਗੇਂਦ ਫੜਨ ਦੇ ਚੱਕਰ 'ਚ ਮਿਸ਼ਰਾ ਦੀ ਉਂਗਲ 'ਚ ਸੱਟ ਆ ਗਈ ਸੀ। ਹਾਲਾਂਕਿ ਉਨ੍ਹਾਂ ਨੇ ਇਸ ਤੋਂ ਬਾਅਦ ਵੀ ਗੇਂਦਬਾਜ਼ੀ ਜਾਰੀ ਰੱਖੀ ਅਤੇ ਸ਼ੁਭਮਨ ਗਿੱਲ ਦਾ ਵਿਕਟ ਲਿਆ।
 
ਸ਼ਾਰਜਾਹ 'ਚ ਖੇਡੇ ਗਏ ਇਸ ਮੈਚ 'ਚ ਉਨ੍ਹਾਂ ਨੇ 14 ਦੌੜਾਂ ਦੇ ਕੇ ਇੱਕ ਵਿਕਟ ਲਿਆ ਸੀ ਪਰ ਇਸ ਸੱਟ ਕਾਰਨ ਉਨ੍ਹਾਂ ਨੂੰ ਆਈ.ਪੀ.ਐੱਲ. ਤੋਂ ਬਾਹਰ ਹੋਣਾ ਪਿਆ ਹੈ। ਮਿਸ਼ਰਾ ਹੁਣ ਇਸ ਸੱਟ ਦੇ ਸੰਬੰਧ 'ਚ ਮਾਹਰ ਨਾਲ ਸਲਾਹ ਕਰਨਗੇ। ਮਲਿੰਗਾ ਦਾ ਰਿਕਾਰਡ ਤੋੜਨ ਦੀ ਹੋੜ 'ਚ ਇਸ ਵਾਰ ਮਿਸ਼ਰਾ ਤੋਂ ਇਲਾਵਾ ਚੇਨਈ ਦੇ ਆਫ ਸਪਿਨਰ ਹਰਭਜਨ ਸਿੰਘ ਅਤੇ ਚਾਵਲਾ ਵੀ ਸ਼ਾਮਲ ਸਨ ਪਰ ਹਰਭਜਨ ਨਿੱਜੀ ਕਾਰਨਾਂ ਕਾਰਨ ਆਈ.ਪੀ.ਐੱਲ. ਸ਼ੁਰੂ ਹੋਣ ਤੋਂ ਪਹਿਲਾਂ ਹੀ ਹੱਟ ਗਏ ਸਨ ਜਦੋਂ ਕਿ ਮਿਸ਼ਰਾ ਸੱਟ ਕਾਰਨ ਬਾਹਰ ਹੋ ਗਏ।

ਹੁਣ ਮਲਿੰਗਾ ਦਾ ਰਿਕਾਰਡ ਤੋੜਨ ਦਾ ਮੌਕਾ ਚਾਵਲਾ ਦੇ ਕੋਲ ਰਹਿ ਗਿਆ ਹੈ ਜਿਨ੍ਹਾਂ ਨੂੰ ਆਪਣੀ ਟੀਮ ਦੇ ਅਗਲੀ ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ। ਚਾਵਲਾ ਨੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ 157 ਮੈਚਾਂ 'ਚ 150 ਵਿਕਟਾਂ ਲਈਆਂ ਸਨ ਅਤੇ ਇਸ ਸੈਸ਼ਨ 'ਚ ਪੰਜ ਮੈਚਾਂ 'ਚ ਉਹ ਛੇ ਵਿਕਟਾਂ ਲੈ ਚੁੱਕੇ ਹਨ। ਚਾਵਲਾ 162 ਮੈਚਾਂ 'ਚ 156 ਵਿਕਟਾਂ ਹਾਸਲ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਮਲਿੰਗਾ ਦਾ ਰਿਕਾਰਡ ਤੋੜਨ ਲਈ 15 ਵਿਕਟਾਂ ਦੀ ਜ਼ਰੂਰਤ ਹੈ ਜੋ ਕਦੇ ਵੀ ਅਸੰਭਵ ਨਹੀਂ ਹੈ।


Inder Prajapati

Content Editor Inder Prajapati