IOA ਨੇ ਕੀਤੀ ਭਾਰਤੀ ਕਰਾਟੇ ਸੰਘ ਦੀ ਮਾਨਤਾ ਰੱਦ

01/07/2020 6:09:19 PM

ਨਵੀਂ ਦਿੱਲੀ : ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਸੰਵਿਧਾਨ ਤੇ ਦਿਸਾ-ਨਿਰਦੇਸ਼ਾਂ ਦੀ ਉਲੰਘਣਾ ਲਈ ਭਾਰਤੀ ਕਰਾਟੇ ਸੰਘ (ਕੇ. ਏ. ਆਈ.) ਦੀ ਮਾਨਤਾ ਰੱਦ ਕਰ ਦਿਤੀ। ਆਈ. ਓ. ਏ. ਨੇ 30 ਦਸੰਬਰ ਨੂੰ ਸਾਲਾਨਾ ਆਮ ਮੀਟਿੰਗ (ਏ. ਜੀ. ਐੱਮ.) ਦੌਰਾਨ ਇਹ ਫੈਸਲਾ ਕੀਤਾ ਪਰ ਵਿਸ਼ਵ ਕਰਾਟੇ ਸੰਘ (ਡਬਲਯੂ. ਕੇ. ਐੱਫ.) ਨੂੰ ਸੋਮਵਾਰ ਨੂੰ ਇਸ ਸੰਬੰਧ ਵਿਚ ਰਸਮੀ ਪੱਤਰ ਭੇਜਿਆ ਗਿਆ। ਆਈ. ਓ. ਏ. ਨੇ ਚਿੱਠੀ ਵਿਚ ਲਿਖਿਆ ਕਿ ਆਈ. ਓ. ਏ. ਦੀ ਏ. ਜੀ. ਐੱਮ. ਵਿਚ ਭਾਰਤ ਵਿਚ ਕਰਾਟੇ ਦੇ ਸੰਚਾਲਨ ਸਬੰਧੀ ਮਾਮਲੇ 'ਤੇ ਚਰਚਾ ਕੀਤੀ ਗਈ ਹੈ। ਆਈ. ਓ. ਏ. ਨੇ ਕੇ. ਏ. ਆਈ. ਨੂੰ 8 ਅਗਸਤ 2017 ਨੂੰ ਕਾਰਜਕਾਰੀ ਪਰੀਸ਼ਦ/ਆਮ ਸਭਾ ਨਾਲ ਮੰਜ਼ੂਰੀ ਦੀ ਸ਼ਰਤ 'ਤੇ ਮਾਨਤਾ ਦਿੱਤੀ ਸੀ। ਕੇ. ਏ. ਆਈ.  ਦੀ ਮਾਨਤਾ ਨੂੰ ਮੰਜ਼ੂਰੀ ਅਜੇ ਵੀ ਨਿਲੰਬਤ ਸੀ। ਕਿਉਂਕਿ ਪਿਛਲੇ 2 ਸਾਲਾਂ ਤੋਂ ਉਸ ਦੇ ਵਿਰੁੱਧ ਕਈ ਸ਼ਿਕਾਇਤਾਂ ਮਿਲੀਆਂ ਹਨ।

ਡਬਲਿਊ. ਕੇ. ਐੱਫ. ਦੀ ਸੀ. ਈ. ਓ. ਸਾਰਾ ਵੋਲਫ ਨੂੰ ਭੇਜੇ ਗਈ ਚਿੱਠੀ ਵਿਚ ਕਿਹਾ ਗਿਆ ਹੈ ਕਿ ਏ. ਜੀ. ਐੱਮ. ਦੇ ਦੌਰਾਨ ਇਸ 'ਤੇ ਸਹਿਮਤੀ ਜਤਾਈ ਗਈ ਕਿ ਸੰਵਿਧਾਨ ਦੇ ਸਿਧਾਂਤਾ ਅਤੇ ਉਸ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਰਾਸ਼ਟਰੀ ਮਹਾਸੰਘ ਨੂੰ ਭਾਰਤ ਵਿਚ ਓਲੰਪਿਕ ਮੁਹਿੰਮ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਹੈ। ਆਈ. ਓ. ਏ. ਨੇ ਸਰਬਸੰਮਤੀ ਨਾਲ ਕੇ. ਏ. ਆਈ. ਦੀ ਮਾਨਤਾ ਖਤਮ ਕਰਨ ਅਤੇ ਉਸ ਨਾਲ ਨਾਤਾ ਤੋੜਨ ਦਾ ਫੈਸਲਾ ਕੀਤਾ ਹੈ।


Related News