ਸੱਟ ਦਾ ਸ਼ਿਕਾਰ ਰਵਿੰਦਰ ਜਡੇਜਾ ਦੇ ਗੋਡੇ ਦੀ ਸਰਜਰੀ ਸਫਲ, ਕਿਹਾ- ਛੇਤੀ ਕਰਾਂਗਾ ਵਾਪਸੀ
Wednesday, Sep 07, 2022 - 05:13 PM (IST)
ਨਵੀਂ ਦਿੱਲੀ- ਸੱਟ ਦਾ ਸ਼ਿਕਾਰ ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਗੋਡੇ ਦੀ ਸਰਜਰੀ ਸਫਲਤਾਪੂਰਵਕ ਹੋ ਗਈ ਹੈ। ਉਹ ਜਲਦ ਹੀ ਰਿਹੈਬਿਲਿਟੇਸ਼ਨ ਸ਼ੁਰੂ ਕਰਨਗੇ। 33 ਸਾਲਾ ਆਲਰਾਊਂਡਰ ਨੂੰ ਗੋਡੇ ਵਿਚ ਗੰਭੀਰ ਸੱਟ ਕਾਰਨ ਯੂ. ਏ. ਈ. (ਸੰਯੁਕਤ ਅਰਬ ਅਮੀਰਾਤ) ਵਿਚ ਜਾਰੀ ਏਸ਼ੀਆ ਕੱਪ ਟੂਰਨਾਮੈਂਟ ਨੂੰ ਵਿਚਾਲੇ ਹੀ ਛੱਡਣਾ ਪਿਆ ਸੀ।
ਜਡੇਜਾ ਨੇ ਹਸਪਤਾਲ ਵਿਚ ਆਪਣੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਸਰਜਰੀ ਕਾਮਯਾਬ ਰਹੀ ਹੈ ਤੇ ਮੈਂ ਛੇਤੀ ਹੀ ਆਪਣਾ ਰਿਹੈਬ ਸ਼ੁਰੂ ਕਰਾਂਗਾ ਤੇ ਜਲਦ ਤੋਂ ਜਲਦ ਵਾਪਸੀ ਕਰਨ ਦੀ ਕੋਸ਼ਿਸ਼ ਕਰਾਂਗਾ। ਕਈ ਲੋਕ ਹਨ ਜਿਨ੍ਹਾਂ ਦਾ ਮੈਂ ਸਮਰਥਨ ਕਰਨ ਲਈ ਧੰਨਵਾਦ ਕਰਨਾ ਹੈ ਜਿਨ੍ਹਾਂ ਵਿਚੋਂ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ), ਟੀਮ ਦੇ ਮੇਰੇ ਸਾਥੀ, ਸਹਾਇਕ ਸਟਾਫ, ਫਿਜ਼ੀਓ, ਡਾਕਟਰ ਤੇ ਪ੍ਰਸ਼ੰਸਕ ਸ਼ਾਮਲ ਹਨ। ਤੁਹਾਡੇ ਸਾਰਿਆਂ ਦੀਆਂ ਸ਼ੁੱਭ ਕਾਮਨਾਵਾਂ ਲਈ ਧੰਨਵਾਦ। ਜ਼ਿਕਰਯੋਗ ਹੈ ਕਿ ਗੋਡੇ ਦੀ ਸੱਟ ਕਾਰਨ ਜਡੇਜਾ ਜੁਲਾਈ 'ਚ ਵੈਸਟਇੰਡੀਜ਼ ਦੌਰੇ 'ਤੇ ਗਈ ਟੀਮ 'ਚ ਵੀ ਸ਼ਾਮਲ ਨਹੀਂ ਹੋ ਸਕੇ ਸਨ।