ਸੱਟਾਂ ਨਾਲ ਜੂਝ ਰਹੀ ਸਾਇਨਾ ਨੇਹਵਾਲ ਨੇ ਵਿਸ਼ਵ ਚੈਂਪੀਅਨਸ਼ਿਪ ਤੋਂ ਨਾਮ ਲਿਆ ਵਾਪਸ

Wednesday, Dec 01, 2021 - 04:40 PM (IST)

ਸੱਟਾਂ ਨਾਲ ਜੂਝ ਰਹੀ ਸਾਇਨਾ ਨੇਹਵਾਲ ਨੇ ਵਿਸ਼ਵ ਚੈਂਪੀਅਨਸ਼ਿਪ ਤੋਂ ਨਾਮ ਲਿਆ ਵਾਪਸ

ਨਵੀਂ ਦਿੱਲੀ(ਭਾਸ਼ਾ) : ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਸਾਇਨਾ ਨੇਹਵਾਲ ਆਪਣੇ ਅੰਤਰਰਾਸ਼ਟਰੀ ਕਰੀਅਰ ਵਿਚ ਪਹਿਲੀ ਵਾਰ ਸੱਟਾਂ ਕਾਰਨ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਹਿੱਸਾ ਨਹੀਂ ਲਵੇਗੀ। ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਈਨਾ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਇਕ ਚਾਂਦੀ ਅਤੇ ਇਕ ਕਾਂਸੀ ਦਾ ਤਮਗਾ ਜਿੱਤਿਆ ਹੈ, ਜਦੋਂ ਕਿ 8 ਵਾਰ ਕੁਆਟਰ ਫਾਈਨਲ ਵਿਚ ਪਹੁੰਚੀ। ਉਹ ਕਮਰ ਅਤੇ ਗੋਡੇ ਦੀ ਸੱਟ ਨਾਲ ਜੂਝ ਰਹੀ ਹੈ। ਵਿਸ਼ਵ ਚੈਂਪੀਅਨਸ਼ਿਪ ਸਪੇਨ ਦੇ ਹੁਏਲਵਾ ਵਿਚ 12 ਤੋਂ 19 ਦਸੰਬਰ ਤੱਕ ਖੇਡੀ ਜਾਏਗੀ। ਸਾਇਨਾ ਦੇ ਪਤੀ ਅਤੇ ਸਾਥੀ ਖਿਡਾਰੀ ਪਾਰੂਪੱਲੀ ਕਸ਼ਯਪ ਨੇ ਦੱਸਿਆ, ‘ਸਾਇਨਾ ਨੂੰ ਵਿਸ਼ਵ ਚੈਂਪੀਅਨਸ਼ਿਪ ਤੋਂ ਨਾਮ ਵਾਪਸ ਲੈਣਾ ਪਏਗਾ, ਕਿਉਂਕਿ ਉਹ ਕਮਰ ਅਤੇ ਗੋਡੇ ਦੀ ਸੱਟ ਨਾਲ ਜੂਝ ਰਹੀ ਹੈ। ਉਹ ਸਮੇਂ ’ਤੇ ਫਿੱਟ ਨਹੀਂ ਹੋ ਸਕੇਗੀ।’

ਅਕਤੂਬਰ ਵਿਚ ਡੇਨਮਾਰਕ ਵਿਚ ਥਾਮਸ ਅਤੇ ਉਬੇਰ ਕੱਪ ਵਿਚ ਸਾਇਨਾ ਨੂੰ ਸੱਟ ਕਾਰਨ ਵਿਚਾਲੇ ਹੀ ਬਾਹਰ ਹੋਣਾ ਪਿਆ। ਫਰੈਂਚ ਓਪਨ ਵਿਚ ਵੀ ਉਹ ਪਹਿਲੇ ਦੌਰ ਦੀ ਦੂਜੀ ਗੇਮ ਦੇ ਬਾਅਦ ਨਹੀਂ ਖੇਡ ਸਕੀ। ਕਸ਼ਯਪ ਨੇ ਕਿਹਾ, ‘ਉਸ ਨੂੰ ਉਬੇਰ ਕੱਪ ਵਿਚ ਕਮਰ ’ਤੇ ਸੱਟ ਲੱਗੀ ਸੀ। ਡੇਨਮਾਰਕ ਵਿਚ ਉਹ ਠੀਕ ਸੀ ਪਰ ਸੱਟ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੋਈ ਸੀ। ਫਰੈਂਚ ਓਪਨ ਖੇਡਦੇ ਸਮੇਂ ਸੱਟ ਵੱਧ ਗਈ ਅਤੇ ਦਰਦ ਹੋਣ ਲੱਗੀ।’ ਸਾਇਨਾ ਨੇ 2006 ਦੇ ਬਾਅਦ ਤੋਂ ਹਮੇਸ਼ਾ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਹੈ। ਉਸ ਨੇ 2015 ਵਿਚ ਚਾਂਦੀ ਦਾ ਤਮਗਾ ਜਿੱਤਿਆ ਸੀ, ਜਦੋਂ ਉਹ ਫਾਈਨਲ ਵਿਚ ਸਪੇਨ ਦੀ ਕੈਰੋਲੀਨਾ ਮਾਰਿਨ ਤੋਂ ਹਾਰ ਗਈ ਸੀ। ਦੋ ਸਾਲ ਬਾਅਦ ਗਲਾਸਗੋ ਵਿਚ ਉਸ ਨੇ ਕਾਂਸੀ ਦਾ ਤਮਗਾ ਜਿੱਤਿਆ। ਪਿਛਲੇ 2 ਸਾਲ ਤੋਂ ਸਾਇਨਾ ਸੱਟਾਂ ਨਾ ਜੂਝ ਰਹੀ ਹੈ ਅਤੇ ਟੋਕੀਓ ਓਲੰਪਿਕ ਕੁਆਲੀਫਿਕੇਸ਼ਨ ਵੀ ਨਹੀਂ ਖੇਡ ਸਕੀ। ਵਿਸ਼ਵ ਰੈਂਕਿੰਗ ਵਿਚ ਹੁਣ ਉਹ 23ਵੇਂ ਸਥਾਨ ’ਤੇ ਹੈ। ਆਪਣੇ ਕਰੀਅਰ ਵਿਚ ਖ਼ੁਦ ਸੱਟਾਂ ਨਾਲ ਜੂਝਦੇ ਰਹੇ ਕਸ਼ਯਪ ਚੇਨਈ ਅਤੇ ਹੈਦਰਾਬਾਦ ਵਿਚ ਸੀਨੀਅਰ ਰੈਂਕਿੰਗ ਟੂਰਨਾਮੈਂਟ ਜ਼ਰੀਏ ਵਾਪਸੀ ਕਰਨਗੇ।
 


author

cherry

Content Editor

Related News