ਪੰਡਯਾ-ਦੁਬੇ ਮਗਰੋਂ ਗੇਂਦਬਾਜ਼ਾਂ ਨੇ ਲਵਾਏ ਇੰਗਲੈਂਡ ਦੇ ਗੋਡੇ, ਰੋਮਾਂਚਕ ਜਿੱਤ ਨਾਲ ਭਾਰਤ ਨੇ ਲੜੀ 'ਤੇ ਕੀਤਾ ਕਬਜ਼ਾ
Saturday, Feb 01, 2025 - 06:07 AM (IST)

ਸਪੋਰਟਸ ਡੈਸਕ- ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਇੰਗਲੈਂਡ ਤੇ ਭਾਰਤ ਵਿਚਾਲੇ 5 ਟੀ-20 ਮੈਚਾਂ ਦੀ ਲੜੀ ਦੇ ਚੌਥੇ ਮੁਕਾਬਲੇ 'ਚ ਭਾਰਤ ਨੇ ਹਾਰਦਿਕ ਪੰਡਯਾ ਤੇ ਸ਼ਿਵਮ ਦੁਬੇ ਦੇ ਤੂਫ਼ਾਨੀ ਅਰਧ ਸੈਂਕੜਿਆਂ ਮਗਰੋਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਨੂੰ ਬੇਹੱਦ ਰੋਮਾਂਚਕ ਅੰਦਾਜ਼ 'ਚ 15 ਦੌੜਾਂ ਨਾਲ ਹਰਾ ਕੇ ਲੜੀ 'ਤੇ 3-1 ਨਾਲ ਕਬਜ਼ਾ ਕਰ ਲਿਆ ਹੈ।
ਇਸ ਤੋਂ ਪਹਿਲਾਂਂ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇਸ ਮਗਰੋਂ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਹਾਰਦਿਕ ਪੰਡਯਾ (53), ਸ਼ਿਵਮ ਦੁਬੇ (53) ਦੇ ਸ਼ਾਨਦਾਰ ਅਰਧ ਸੈਂਕੜਿਆਂ ਤੋਂ ਇਲਾਵਾ ਰਿੰਕੂ ਸਿੰਘ (30) ਤੇ ਅਭਿਸ਼ੇਕ ਸ਼ਰਮਾ (29) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 9 ਵਿਕਟਾਂ ਗੁਆ ਕੇ 181 ਦੌੜਾਂ ਬਣਾਈਆਂ ਸਨ।
ਇਸ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਸ਼ੁਰੂਆਤ ਸ਼ਾਨਦਾਰ ਰਹੀ ਤੇ ਫਿਲ ਸਾਲਟ (23) ਤੇ ਬੇਨ ਡਕੇਟ (39) ਨੇ ਪਹਿਲੀ ਵਿਕਟ ਲਈ 6 ਓਵਰਾਂ 'ਚ 61 ਦੌੜਾਂਂ ਜੋੜੀਆਂ। ਇਸ ਮਗਰੋਂ ਹੈਰੀ ਬਰੁੱਕ (51) ਨੇ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਤੇ ਟੀਮ ਲਈ ਜਿੱਤ ਦੀਆਂ ਉਮੀਦਾਂ ਕਾਇਮ ਰੱਖੀਆਂ।
ਇਨ੍ਹਾਂ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਨਹੀਂ ਚੱਲ ਸਕਿਆ ਤੇ ਅੰਤ ਇੰਗਲੈਂਡ ਦੀ ਪੂਰੀ ਟੀਮ 166 ਦੌੜਾਂ ਬਣਾ ਕੇ ਢੇਰ ਹੋ ਗਈ। ਇਸ ਤਰ੍ਹਾਂ ਭਾਰਤ ਨੇ ਇਹ ਮੁਕਾਬਲਾ 15 ਦੌੜਾਂ ਨਾਲ ਆਪਣੇ ਨਾਂ ਕਰ ਲਿਆ ਤੇ 5 ਮੈਚਾਂ ਦੀ ਲੜੀ 'ਤੇ ਵੀ 3-1 ਨਾਲ ਕਬਜ਼ਾ ਕਰ ਲਿਆ ਹੈ।
ਭਾਰਤ ਵੱਲੋਂ ਰਵੀ ਬਿਸ਼ਨੋਈ ਤੇ ਹਰਸ਼ਿਤ ਰਾਣਾ ਤੇ ਰਵੀ ਬਿਨਸ਼ੋਈ ਨੇ 3-3 ਬੱਲੇਬਾਜ਼ਾਂ ਨੂੰ ਆਊਟ ਕੀਤਾ, ਜਦਕਿ ਵਰੁਣ ਚਕਰਵਰਤੀ ਨੂੰ 2 ਤੇ ਅਰਸ਼ਦੀਪ-ਅਕਸਰ ਨੂੰ 1-1 ਵਿਕਟ ਮਿਲੀ। ਇਸ ਲੜੀ ਦਾ ਆਖ਼ਰੀ ਮੁਕਾਬਲਾ 2 ਫਰਵਰੀ ਨੂੰ ਮੁੰਬਈ ਦੇ ਵਾਨਖੇੜੇ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e