ਸੈਫ ਅੰਡਰ-19 ਮਹਿਲਾ ਚੈਂਪੀਅਨਸ਼ਿਪ ਦੀ ਚੁਣੌਤੀ ਲਈ ਤਿਆਰ ਭਾਰਤੀ ਅੰਡਰ-17 ਟੀਮ

Saturday, Jan 31, 2026 - 10:50 AM (IST)

ਸੈਫ ਅੰਡਰ-19 ਮਹਿਲਾ ਚੈਂਪੀਅਨਸ਼ਿਪ ਦੀ ਚੁਣੌਤੀ ਲਈ ਤਿਆਰ ਭਾਰਤੀ ਅੰਡਰ-17 ਟੀਮ

ਪੋਖਰਾ (ਨੇਪਾਲ)- ਭਾਰਤ ਦੀ ਅੰਡਰ-17 ਮਹਿਲਾ ਫੁੱਟਬਾਲ ਟੀਮ ਸੈਫ ਅੰਡਰ-19 ਮਹਿਲਾ ਚੈਂਪੀਅਨਸ਼ਿਪ 2026 ਵਿਚ ਆਪਣਾ ਪਹਿਲਾ ਮੈਚ ਮੇਜ਼ਬਾਨ ਨੇਪਾਲ ਖ਼ਿਲਾਫ਼ ਸ਼ਨੀਵਾਰ ਨੂੰ ਇੱਥੇ ਪੋਖਰਾ ਰੰਗਸ਼ਾਲਾ ਸਟੇਡੀਅਮ ’ਚ ਖੇਡੇਗੀ।  ਨਵੀਂ ਮੁੱਖ ਕੋਚ ਪਾਮੇਲਾ ਕੋਂਟੀ ਦੀ ਅਗਵਾਈ ਹੇਠ ਅੰਡਰ-17 ਟੀਮ ਇਸ ਵੱਡੀ ਉਮਰ ਵਰਗ ਦੇ ਟੂਰਨਾਮੈਂਟ ਦੀ ਵਰਤੋਂ ਏ. ਐੱਫ. ਸੀ. ਅੰਡਰ-17 ਮਹਿਲਾ ਏਸ਼ੀਆਈ ਕੱਪ ਦੀਆਂ ਤਿਆਰੀਆਂ ਵਜੋਂ ਕਰ ਰਹੀ ਹੈ, ਜੋ 30 ਅਪ੍ਰੈਲ ਤੋਂ ਚੀਨ ’ਚ ਖੇਡਿਆ ਜਾਵੇਗਾ।

ਕੋਂਟੀ ਨੇ ਟੂਰਨਾਮੈਂਟ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ’ਚ ਟੀਮ ਨਾਲ ਆਪਣੇ ਪਹਿਲੇ ਟੂਰਨਾਮੈਂਟ ਦੀ ਉਤਸੁਕਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਅਸੀਂ ਇੱਥੇ ਨੇਪਾਲ ਆ ਕੇ ਖੁਸ਼ ਹਾਂ। ਮੈਂ ਲਗਭਗ ਇਕ ਹਫ਼ਤੇ ਤੋਂ ਟੀਮ ਦੇ ਨਾਲ ਹਾਂ ਅਤੇ ਅਸੀਂ ਅਨੰਤਪੁਰ (ਆਂਧਰਾ ਪ੍ਰਦੇਸ਼) ’ਚ ਚੰਗੀ ਟ੍ਰੇਨਿੰਗ ਕੀਤੀ ਹੈ। ਸਾਡੀ ਟੀਮ ਨੌਜਵਾਨ ਹੈ ਕਿਉਂਕਿ ਅਸੀਂ ਅੰਡਰ-17 ਹਾਂ ਅਤੇ ਅਸੀਂ ਵੱਡੀ ਉਮਰ ਦੀਆਂ ਕੁੜੀਆਂ ਖ਼ਿਲਾਫ਼ ਮੁਕਾਬਲਾ ਕਰਾਂਗੇ। ਉਸ ਨੇ ਅੱਗੇ ਕਿਹਾ ਕਿ ਟੂਰਨਾਮੈਂਟ ਤੋਂ ਵੱਧ ਇਹ ਮੈਚ ਖ਼ੁਦ ਨੂੰ ਪਰਖਣ ਅਤੇ ਏਸ਼ੀਆਈ ਕੱਪ ਤੇ ਵਿਸ਼ਵ ਕੱਪ ਕੁਆਲੀਫਾਇਰ ਦੀ ਤਿਆਰੀ ਕਰਨ ਦਾ ਮੌਕਾ ਹੈ।

ਸੈਫ ਅੰਡਰ-19 ਮਹਿਲਾ ਚੈਂਪੀਅਨਸ਼ਿਪ ਦੇ 23 ’ਚੋਂ 19 ਖਿਡਾਰੀ ਉਸ ਟੀਮ ਦਾ ਹਿੱਸਾ ਸਨ, ਜਿਨ੍ਹਾਂ ਨੇ ਪਿਛਲੇ ਸਾਲ ਕਿਰਗਿਜ਼ ਗਣਰਾਜ ਵਿਚ ਏ. ਐੱਫ. ਸੀ. ਅੰਡਰ-17 ਮਹਿਲਾ ਏਸ਼ੀਆਈ ਕੱਪ ਲਈ ਕੁਆਲੀਫਾਈ ਕੀਤਾ ਸੀ। ਚਾਰ ਨਵੇਂ ਖਿਡਾਰੀਆਂ ’ਚ ਗੋਲਕੀਪਰ ਸ਼ੈਲਨਾ ਮਾਰੀਆ ਸਾਜਿਤ, ਡਿਫੈਂਡਰ ਅਕਾਸ਼ੀ ਨਾਇਕ ਅਤੇ ਮਿਡਫੀਲਡਰ ਅਲਵਾ ਦੇਵੀ ਸੇਨਜਮ ਤੇ ਰੇਡਿਮਾ ਦੇਵੀ ਚਿੰਗਖਾਮਯੁਮ ਭਾਰਤ ਲਈ ਅੰਤਰਰਾਸ਼ਟਰੀ ਟੂਰਨਾਮੈਂਟ ’ਚ ਡੈਬਿਊ ਕਰਨਗੀਆਂ। ਇਸ ਟੂਰਨਾਮੈਂਟ ਲਈ ਭਾਰਤੀ ਟੀਮ ਦੀ ਔਸਤ ਉਮਰ ਕਰੀਬ 16 ਸਾਲ ਹੈ।

ਕਪਤਾਨ ਜੁਲਨ ਨੋਂਗਮੈਥੇਮ, ਜਿਸ ਨੇ ਭੂਟਾਨ ’ਚ ਸੈਫ ਅੰਡਰ-17 ਮਹਿਲਾ ਚੈਂਪੀਅਨਸ਼ਿਪ 2025 ਦਾ ਖਿਤਾਬ ਜਿੱਤਿਆ ਸੀ, ਇਸ ਮੁਹਿੰਮ ਲਈ ਵੀ ਪੂਰੀ ਤਰ੍ਹਾਂ ਉਤਸ਼ਾਹਿਤ ਹੈ।


author

Tarsem Singh

Content Editor

Related News