CWG 2022: ਭਾਰਤੀ ਟੀਮ ਨੇ Lawn Bowls ਪੁਰਸ਼ ਫੋਰ ''ਚ ਜਿੱਤਿਆ ਚਾਂਦੀ ਦਾ ਤਮਗਾ
Sunday, Aug 07, 2022 - 03:51 AM (IST)
 
            
            ਬਰਮਿੰਘਮ : ਭਾਰਤ ਨੇ ਸ਼ਨੀਵਾਰ ਨੂੰ ਇੱਥੇ ਰਾਸ਼ਟਰਮੰਡਲ ਖੇਡਾਂ ਦੇ ਲਾਅਨ ਬਾਲ ਈਵੈਂਟ ਵਿੱਚ ਆਪਣਾ ਦੂਜਾ ਤਮਗਾ ਜਿੱਤਿਆ, ਜਿਸ ਵਿੱਚ ਪੁਰਸ਼ ਫੋਰ ਟੀਮ ਨੂੰ ਫਾਈਨਲ ਵਿੱਚ ਉੱਤਰੀ ਆਇਰਲੈਂਡ ਤੋਂ ਹਾਰ ਕੇ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਉੱਤਰੀ ਆਇਰਲੈਂਡ ਨੇ 18-5 ਦੇ ਸਕੋਰ ਨਾਲ ਸੋਨ ਤਮਗਾ ਜਿੱਤਿਆ। ਭਾਰਤੀ ਟੀਮ ਵਿੱਚ ਸੁਨੀਲ ਬਹਾਦਰ (ਲੀਡ), ਨਵਨੀਤ ਸਿੰਘ (ਸੈਕੰਡ), ਚੰਦਨ ਕੁਮਾਰ ਸਿੰਘ (ਥਰਡ) ਅਤੇ ਦਿਨੇਸ਼ ਕੁਮਾਰ (ਸਕਿਪ) ਸ਼ਾਮਲ ਸਨ। ਉੱਤਰੀ ਆਇਰਲੈਂਡ ਨੇ 1998 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਲਾਅਨ ਬਾਲਸ ਵਿੱਚ ਆਖਰੀ ਸੋਨ ਤਮਗਾ ਜਿੱਤਿਆ ਸੀ। ਅੱਜ ਉਸ ਦੀ ਟੀਮ ਵਿੱਚ ਕੈਮ ਬਾਰਕਲੇ (ਲੀਡ), ਐਡਮ ਮੈਕਕਿਊਨ (ਸੈਕੰਡ), ਇਆਨ ਮੈਕਕਲੂਰ (ਥਰਡ) ਅਤੇ ਮਾਰਟਿਨ ਮੈਕਹਿਊਜ (ਸਕਿਪ) ਸ਼ਾਮਲ ਸਨ।
ਭਾਰਤੀ ਟੀਮ ਨੇ ਸੈਮੀਫਾਈਨਲ 'ਚ ਮੇਜ਼ਬਾਨ ਇੰਗਲੈਂਡ ਨੂੰ 13-12 ਨਾਲ ਹਰਾ ਕੇ ਘੱਟੋ-ਘੱਟ ਚਾਂਦੀ ਦਾ ਤਮਗਾ ਪੱਕਾ ਕਰ ਲਿਆ ਸੀ। ਮਹਿਲਾ ਵਰਗ ਨੇ ਮੰਗਲਵਾਰ ਨੂੰ ਇਸ ਈਵੈਂਟ 'ਚ ਭਾਰਤ ਨੂੰ ਇਤਿਹਾਸਕ ਸੋਨ ਤਮਗਾ ਦਿਵਾਇਆ ਸੀ। ਇਸ ਵਿੱਚ ਲਵਲੀ ਚੌਬੇ (ਲੀਡ), ਪਿੰਕੀ (ਸੈਕੰਡ), ਨਯਨਮੋਨੀ ਸੈਕੀਆ (ਥਰਡ) ਅਤੇ ਰੂਪਾ ਰਾਣੀ ਟਿਰਕੀ (ਸਕਿਪ) ਸਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            