ਭਾਰਤੀ ਪੁਰਸ਼ਾਂ ਦਾ ਮੁਕਾਬਲਾ ਰੂਸ ਅਤੇ ਮਹਿਲਾਵਾਂ ਦਾ ਮੁਕਾਬਲਾ ਅਮਰੀਕਾ ਨਾਲ ਹੋਵੇਗਾ

09/09/2019 6:04:15 PM

ਨਵੀਂ ਦਿੱਲੀ : ਟੋਕੀਓ ਓਲੰਪਿਕ 2020 ਦੇ ਓਲੰਪਿਕ ਹਾਕੀ ਕੁਆਲੀਫਾਇਰ ਟੂਰਨਾਮੈਂਟ ਦਾ ਡਰਾਅ ਸਵਿਜ਼ਰਲੈਂਡ ਦੇ ਲੁਸਾਨੇ ਵਿਚ ਸੋਮਵਾਰ ਨੂੰ ਕੱਢਿਆ ਗਿਆ ਜਿਸ ਦੇ ਮੁਤਾਬਕ ਭਾਰਤੀ ਪੁਰਸ਼ਾਂ ਦਾ ਮੁਕਾਬਲਾ ਰੂਸ ਨਾਲ ਅਤੇ ਮਹਿਲਾਵਾਂ ਦਾ ਮੁਕਾਬਲਾ ਅਮਰੀਕਾ ਨਾਲ ਹੋਵੇਗਾ। ਵਿਸ਼ਵ ਰੈਂਕਿੰਗ ਵਿਚ 5ਵੇਂ ਨੰਬਰ ਦੀ ਭਾਰਤੀ ਟੀਮ ਦਾ ਸਾਹਮਣਾ 22ਵੇਂ ਰੈਂਕਿੰਗ ਦੇ ਰੂਸ ਨਾਲ ਹੋਵੇਗਾ ਜਿਸ ਨਾਲ ਭਾਰਤ ਦੇ ਓਲੰਪਿਕ ਵਿਚ ਉੱਤਰਣ ਦੀ ਸੰਭਾਵਨਾ ਮਜ਼ਬੂਤ ਹੋ ਗਈ ਹੈ। ਭਾਰਤ ਨੇ ਇਸ ਸਾਲ ਦੇ ਸ਼ੁਰੂ ਵਿਚ ਭੁਵਨੇਸ਼ਵਰ ਵਿਚ ਆਯੋਜਿਤ ਐੱਫ. ਆਈ. ਐੱਚ. ਸੀਰੀਜ਼ ਫਾਈਨਲਜ਼ ਵਿਚ ਰੂਸ ਨੂੰ 10-0 ਨਾਲ ਹਰਾਇਆ ਸੀ। ਭਾਰਤ ਅਤੇ ਰੂਸ ਲਗਾਤਾਰ 2 ਮੈਚ ਖੇਡਣਗੇ ਅਤੇ ਕੁਲ ਸਕੋਰ ਦੇ ਆਧਾਰ 'ਤੇ ਜੇਤੂ ਦਾ ਫੈਸਲਾ ਹੋਵੇਗਾ।

PunjabKesari

ਭਾਰਤ ਨੇ ਹਾਲ ਹੀ 'ਚ ਜਾਪਾਨ ਵਿਚ ਓਲੰਪਿਕ ਟੈਸਟ ਈਵੈਂਟ ਜਿੱਤਿਆ ਸੀ ਜਿਸ ਵਿਚ ਭਾਰਤੀ ਟੀਮ ਨੇ ਮਲੇਸ਼ੀਆ ਨੂੰ 6-0 ਨਾਲ, ਜਾਪਾਨ ਨੂੰ 6-3 ਅਤੇ ਫਾਈਨਲ ਵਿਚ ਨਿਊਜ਼ੀਲੈਂਡ ਨੂੰ 5-0 ਨਾਲ ਹਰਾਇਆ ਸੀ। ਭਾਰਤੀ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਰੂਸ ਡਿਫੈਂਸ ਵਿਚ ਇਕ ਚੰਗੀ ਟੀਮ ਹੈ ਇਸ ਲਈ ਭਾਰਤੀ ਟੀਮ ਉਸ ਨੂੰ ਪੂਰੀ ਗੰਭੀਰਤਾ ਨਾਲ ਲਵੇਗੀ। ਭਾਰਤੀ ਟੀਮ ਇਸ ਕੁਆਲੀਫਾਇਰ ਤੋਂ ਪਹਿਲਾਂ ਸਤੰਬਰ ਵਿਚ ਵਿਸ਼ਵ ਦੀ ਨੰਬਰ 2 ਟੀਮ ਬੈਲਜੀਅਮ ਨਾਲ ਖੇਡ ਕੇ ਓਲੰਪਿਕ ਕੁਆਲੀਫਾਇਰ ਦੀ ਆਪਣੀ ਤਿਆਰੀ ਨੂੰ ਮਜ਼ਬੂਤ ਕਰੇਗੀ। ਇਸ ਵਿਚਾਲੇ ਡਰਾਅ ਮੁਤਾਬਕ ਭਾਰਤੀ ਮਹਿਲਾ ਟੀਮ ਦਾ ਕੁਆਲੀਫਾਇਰ ਵਿਚ ਵਿਸ਼ਵ ਦੀ 13ਵੇਂ ਨੰਬਰ ਦੀ ਟੀਮ ਅਮਰੀਕਾ ਨਾਲ ਮੁਕਾਬਲਾ ਹੋਵੇਗਾ। ਭਾਰਤੀ ਮਹਿਲਾ ਟੀਮ ਨੇ ਹਾਲ ਹੀ 'ਚ ਜਾਪਾਨ ਵਿਚ ਓਲੰਪਿਕ ਟੈਸਟ ਈਵੈਂਟ ਜਿੱਤਿਆ ਸੀ। ਪਿਛਲੇ ਸਾਲ ਲੰਡਨ ਵਿਚ ਹੋਏ ਮਹਿਲਾ ਵਿਸ਼ਵ ਕੱਪ ਵਿਚ ਮਹਿਲਾ ਟੀਮ ਦਾ ਅਮਰੀਕਾ ਦੇ ਨਾਲ ਮੁਕਾਬਲਾ 1-1 ਨਾਲ ਡਰਾਅ ਰਿਹਾ ਸੀ ਜਿਸ ਤੋਂ ਬਾਅਦ ਭਾਰਤੀ ਟੀਮ ਨੇ ਨਾਕਆਊਟ ਦੌਰ ਵਿਚ ਜਗ੍ਹਾ ਬਣਾਈ ਸੀ। ਭਾਰਤੀ ਟੀਮ 11ਵੇਂ ਮਿੰਟ ਵਿਚ ਪੱਛੜ ਗਈ ਸੀ ਪਰ ਕਪਤਾਨ ਰਾਣੀ ਨੇ 31ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ ਸੀ।

PunjabKesari

ਮਹਿਲਾ ਟੀਮ ਸਤੰਬਰ ਵਿਚ 5 ਮੈਚਾਂ ਦੀ ਸੀਰੀਜ਼ ਲਈ ਇੰਗਲੈਂਡ ਦਾ ਦੌਰਾ ਕਰੇਗੀ ਅਤੇ ਕੁਆਲੀਫਾਇਰ ਲਈ ਆਪਣੀ ਤਿਆਰੀ ਨੂੰ ਮਜ਼ਬੂਤ ਕਰੇਗੀ। ਓਲੰਪਿਕ ਕੁਆਲੀਫਾਇਰ ਟੂਰਨਾਮੈਂਟ ਦੇ ਡਰਾਅ ਵਿਚ ਪੁਰਸ਼ ਮੇਜ਼ਬਾਨ ਟੀਮ ਦੇ ਪਾਰਟ-1 ਵਿਚ ਹਾਲੈਂਡ, ਭਾਰਤ ਅਤੇ ਜਰਮਨੀ ਨੂੰ ਰੱਖਿਆ ਗਿਆ ਸੀ ਅਤੇ ਇਨ੍ਹਾਂ ਦਾ ਮੁਕਾਬਲਾ ਪਾਰਟ-4 ਦੀ ਬਾਹਰੀ ਟੀਮਾਂ ਪਾਕਿਸਤਾਨ, ਆਸਟਰੇਲੀਆ ਅਤੇ ਰੂਸ ਨਾਲ ਹੋਣਾ ਸੀ। ਡਰਾਅ ਵਿਚ ਭਾਰਤ ਦਾ ਮੁਕਾਬਲਾ ਰੂਸ ਨਾਲ ਨਿਕਲਿਆ। ਮਹਿਲਾ ਵਰਗ ਵਿਚ ਭਾਰਤ ਨੂੰ ਪਾਰਟ-2 ਵਿਚ ਰੱਖਿਆ ਗਿਆ ਸੀ ਜਿਸ ਦੀਆਂ ਹੋਰਾਂ ਟੀਮਾਂ ਸਪੇਨ, ਆਇਰਲੈਂਡ ਅਤੇ ਚੀਨ ਸੀ। ਇਸ ਪਾਰਟ ਦੀ ਟੀਮਾਂ ਦਾ ਮੁਕਾਬਲਾ ਪਾਰਟ-3 ਦੀਆਂ ਟੀਮਾਂ ਕੋਰੀਆ, ਬੈਲਜੀਅਮ ਅਤੇ ਕੈਨੇਡਾ ਨਾਲ ਹੋਣਾ ਸੀ। ਭਾਰਤ ਨਾਲ ਮੁਕਾਬਲੇ ਲਈ ਡਰਾਅ ਵਿਚ ਅਮਰੀਕਾ ਦਾ ਨਾਂ ਆਇਆ। ਓਲੰਪਿਕ ਕੁਆਲੀਫਾਇਰਸ 25-27 ਅਕਤੂਬਰ ਅਤੇ 1-3 ਨਵੰਬਰ ਤਕ ਖੇਡੇ ਜਾਣਗੇ। ਮੈਚ ਪ੍ਰੋਗਰਾਮ ਅਤੇ ਜਗ੍ਹਾ ਦੀ ਪੁਸ਼ਟੀ ਡਰਾਅ ਦੇ ਬਾਅਦ ਕੀਤੀ ਜਾਵੇਗੀ। ਓਲੰਪਿਕ ਦਾ ਹਾਕੀ ਟੂਰਨਾਮੈਂਟ 25 ਜੁਲਾਈ ਤੋਂ 7 ਅਗਸਤ ਤਕ ਖੇਡਿਆ ਜਾਵੇਗਾ ਜਿਸ ਵਿਚ 12 ਪੁਰਸ਼ ਅਤੇ 12 ਮਹਿਲਾ ਟੀਮਾਂ ਉਤਰਨਗੀਆਂ। ਪੁਰਸ਼ ਵਰਗ ਵਿਚ ਜਾਪਾਨ, ਅਰਜਨਟੀਨਾ, ਦੱਖਣੀ ਅਫਰੀਕਾ, ਬੈਲਜੀਆਂ ਅਤੇ ਆਸਟਰੇਲੀਆ ਉੱਥੇ ਹੀ ਮਹਿਲਾ ਵਰਗ ਵਿਚ ਜਾਪਾਨ, ਅਰਜਨਟੀਨਾ, ਦੱਖਣੀ ਅਫਰੀਕਾ, ਹਾਲੈਂਡ ਅਤੇ ਨਿਊਜ਼ੀਲੈਂਡ ਕਾਂਟੀਨੈਂਨਟਲ ਚੈਂਪੀਅਨ ਹੋਣ ਦੇ ਕਾਰਨ ਕੁਆਲੀਫਾਈ ਕਰ ਚੁੱਕੇ ਹਨ।


Related News