ਇੰਗਲੈਂਡ ''ਚ ਹਰ ਵਾਰ ਭਾਰਤੀ ਟੀਮ ਦੀ ਬੱਸ ਚਲਾਉਂਦਾ ਹੈ ਇਹ ਸ਼ਖਸ, ਕਿਹਾ-ਸਭ ਤੋਂ ਪ੍ਰੋਫੈਸ਼ਨਲ ਹੈ ਟੀਮ
Sunday, Jul 22, 2018 - 06:35 PM (IST)
ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਪਿਛਲੇ 20 ਸਾਲਾਂ ਤੋਂ ਜਦੋਂ ਵੀ ਇੰਗਲੈਂਡ ਦੌਰੇ 'ਤੇ ਗਈ ਹੈ ਤਾਂ ਉਦੋਂ ਤੋਂ ਲੈ ਕੇ ਅੱਜ ਤੱਕ ਜੈਫ ਗੁਡਵਿਨ ਉਰਫ ਪਾਪਆਈ ਨੇ ਹੀ ਟੀਮ ਦੀ ਬੱਸ ਚਲਾਈ ਹੈ। ਦਰਅਸਲ ਬੀ.ਸੀ.ਸੀ.ਆਈ. ਨੇ ਆਪਣੀ ਵੈੱਬਸਾਈਡ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਜੈਫ ਭਾਰਤੀ ਟੀਮ ਨਾਲ ਜੁੜੇ ਯਾਦਗਾਰ ਪਲ ਬਿਤਾ ਰਹੇ ਹਨ। ਭਾਰਤ ਤੋਂ ਇਲਾਵਾ ਉਨ੍ਹਾਂ ਨੇ ਦੁਨੀਆ ਦੀਆਂ ਕਈ ਕ੍ਰਿਕਟ ਟੀਮਾਂ ਲਈ ਬੱਸ ਚਲਾਈ ਹੈ।
ਜ਼ਿਕਰਯੋਗ ਹੈ ਕਿ ਜੈਫ ਸਾਲ 1999 ਦੌਰਾਨ ਇੰਗਲੈਂਡ 'ਚ ਹੋਏ ਵਰਲਡ ਕੱਪ ਤੋਂ ਬਾਅਦ ਹੀ ਇੰਗਲੈਂਡ ਕ੍ਰਿਕਟ ਨਾਲ ਜੁੜੇ ਹਨ ਅਤੇ ਉਸ ਸਮੇਂ ਤੋਂ ਹੀ ਇੰਗਲੈਂਡ ਦੌਰੇ 'ਤੇ ਆਉਣ ਵਾਲੀਆਂ ਸਾਰੀਆਂ ਟੀਮਾਂ ਲਈ ਬੱਸ ਚਲਾ ਰਹੇ ਹਨ। ਬੀ.ਸੀ.ਸੀ.ਆਈ. ਵਲੋਂ ਜਾਰੀ ਕੀਤੇ ਗਏ ਵੀਡੀਓ 'ਚ ਜੈਫ ਕਹਿੰਦੇ ਨੇ ਕਿਹਾ ਕਿ ਉਸ ਨੇ ਦੁਨੀਆ ਭਰ ਦੀਆਂ ਕਈ ਕ੍ਰਿਕਟ ਟੀਮਾਂ ਨਾਲ ਸਮਾਂ ਬਿਤਾਇਆ ਹੈ ਅਤੇ ਉਸ ਨੂੰ ਭਾਰਤੀ ਟੀਮ ਹੀ ਸਭ ਤੋਂ ਜ਼ਿਆਦਾ ਪ੍ਰੋਫੈਸ਼ਨਲ ਅਤੇ ਅਨੁਸ਼ਾਸਿਤ ਟੀਮ ਨਜ਼ਰ ਆਉਂਦੀ ਹੈ।
ਜੈਫ ਨੇ ਵੀਡੀਓ 'ਚ ਦੱਸਿਆ ਕਿ ਉਹ ਭਾਰਤੀ ਟੀਮ ਦੇ ਬੱਸ ਡਰਾਈਵਰ ਹਨ। ਉਨ੍ਹਾਂ ਨੇ ਦੱਸਿਆ ਕਿ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਵੀ ਕਈ ਵਾਰ ਉਸ ਦੀ ਬੱਸ 'ਚ ਸਫਰ ਕਰ ਚੁੱਕੇ ਹਨ। ਜੈਫ ਨੇ ਦੱਸਿਆ ਕਿ ਉਸ ਦਾ ਨਾਂ ਪ੍ਰਸਿੱਧ ਕਾਰਟੂਨ ਕੈਰੇਕਟਰ ਪਾਪਆਈ ਦੇ ਨਾਂ 'ਤੇ ਕਿਉਂ ਪਿਆ? ਉਸ ਨੇ ਦੱਸਿਆ ਕਿ ਸਾਲ 2004 'ਚ ਆਸਟਰੇਲੀਆ ਟੀਮ ਇੰਗਲੈਂਡ ਦੌਰੇ 'ਤੇ ਸੀ ਅਤੇ ਜਦੋਂ ਆਸਟਰੇਲੀਆ ਟੀਮ ਉਸ ਦੇ ਨਾਲ ਸਫਰ ਕਰ ਰਹੀ ਸੀ ਤਾਂ ਆਸਟਰੇਲੀਆ ਕ੍ਰਿਕਟਰ ਡੇਰੇਨ ਲੇਹਮਨ ਨੇ ਉਸ ਨੂੰ ਪਾਪਆਈ ਨਾਂ ਦਿੱਤਾ। ਤਾਂ ਉਦੋਂ ਤੋਂ ਹੀ ਉਸ ਨੂੰ ਸਾਰੇ ਪਾਪਆਈ ਕਹਿਣ ਲੱਗੇ। ਜੈਫ ਨੂੰ ਵੀ ਇਹ ਨਾਂ ਪਸੰਦ ਆਇਆ ਅਤੇ ਉਸ ਨੇ ਪਾਪਆਈ ਕਾਰਟੂਨ ਦਾ ਟੈਟੂ ਹੀ ਆਪਣੀ ਬਾਹ 'ਤੇ ਬਣਵਾ ਲਿਆ।
ਸੁਰੇਸ਼ ਰੈਨਾ ਦੇ ਬਾਰੇ 'ਚ ਗੱਲ ਕਰਦੇ ਹੋਏ ਜੈਫ ਨੇ ਦੱਸਿਆ ਕਿ 3 ਸਾਲ ਪਹਿਲਾਂ ਜਦੋਂ ਮੇਰੀ ਪਤਨੀ ਬੀਮਾਰ ਸੀ ਤਾਂ ਉਸ ਦੀ ਮਦਦ ਲਈ ਸੁਰੇਸ਼ ਰੈਨਾ ਨੇ ਆਪਣੀ ਜਰਸੀ ਦਿੱਤੀ ਸੀ। ਜੈਫ ਨੇ ਕਿਹਾ ਕਿ ਉਹ ਕਦੇ ਵੀ ਇਸ ਪਲ ਨੂੰ ਭੁੱਲ ਨਹੀਂ ਸਕਦੇ। ਇਸ ਤੋਂ ਇਲਾਵਾ ਉਸ ਨੇ ਧੋਨੀ ਨੂੰ ਸ਼ਾਨਦਾਰ ਵਿਕਟਕੀਪਰ ਦੱਸਿਆ ਅਤੇ ਭਾਰਤੀ ਟੀਮ ਦੇ ਕੈਪਟਨ ਵਿਰਾਟ ਕੋਹਲੀ ਦੀ ਵੀ ਤਾਰੀਫ ਕੀਤੀ।
