ਆਸਟਰੇਲੀਆ ਦੌਰੇ ''ਤੇ ਪਹੁੰਚੀ ਭਾਰਤੀ ਟੀਮ, ਦੇਖੋ ਤਸਵੀਰਾਂ
Friday, Nov 13, 2020 - 01:57 AM (IST)

ਸਿਡਨੀ– ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤ ਦੀ 25 ਫੀਸਦੀ ਟੀਮ ਆਸਟਰੇਲੀਆ ਦੇ ਦੋ ਮਹੀਨਿਆਂ ਦੇ ਦੌਰੇ ਲਈ ਵੀਰਵਾਰ ਨੂੰ ਇੱਥੇ ਪਹੁੰਚ ਗਈ, ਜਿੱਥੇ ਉਸ ਨੂੰ ਸ਼ਹਿਰ ਦੇ ਬਾਹਰੀ ਖੇਤਰ ਵਿਚ 14 ਦਿਨ ਤਕ ਇਕਾਂਤਵਾਸ ਵਿਚ ਰਹਿਣਾ ਪਵੇਗਾ ਪਰ ਇਸ ਵਿਚਾਲੇ ਉਸ ਨੂੰ ਅਭਿਆਸ ਕਰਨ ਦੀ ਮਨਜ਼ੂਰੀ ਹੋਵੇਗੀ।
ਭਾਰਤੀ ਟੀਮ ਦੇ ਨਾਲ ਆਈ. ਪੀ. ਐੱਲ. ਵਿਚ ਖੇਡਣ ਵਾਲੇ ਆਸਟਰੇਲੀਆ ਸਟਾਰ ਜਿਵੇਂ ਡੇਵਿਡ ਵਾਰਨਰ, ਸਟੀਵ ਸਮਿਥ, ਪੈਟ ਕਮਿੰਸ ਆਦਿ ਵੀ ਦੁਪਹਿਰ ਬਾਅਦ ਇੱਥੇ ਪਹੁੰਚੇ। ਨਿਊ ਸਾਊਥ ਵੇਲਸ ਸਰਕਾਰ ਨੇ ਭਾਰਤੀ ਟੀਮ ਨੂੰ ਦੋ ਹਫਤੇ ਦੇ ਇਕਾਂਤਵਾਸ ਦੌਰਾਨ ਅਭਿਆਸ ਕਰਨ ਦੀ ਮਨਜ਼ੂਰੀ ਦੇ ਰੱਖੀ ਹੈ।
ਭਾਰਤੀ ਟੀਮ ਬਲੈਕਟਾਊਨ ਇੰਟਰਨੈਸ਼ਨਲ ਸਪੋਰਟਸ ਪਾਰਕ ਵਿਚ ਅਭਿਆਸ ਕਰੇਗੀ, ਜਿਸ ਨੂੰ ਜੈਵ ਸੁਰੱਖਿਅਤ ਸਥਾਨ ਦੇ ਰੂਪ ਵਿਚ ਤਿਆਰ ਕੀਤਾ ਗਿਆ ਹੈ। ਕਪਤਾਨ ਕੋਹਲੀ ਐਡੀਲਡ ਵਿਚ 17 ਤੋਂ 21 ਦਸੰਬਰ ਵਿਚਾਲੇ ਹੋਣ ਵਾਲੇ ਪਹਿਲੇ ਡੇ-ਨਾਈਟ ਟੈਸਟ ਮੈਚ ਤੋਂ ਬਾਅਦ ਆਪਣੇ ਪਹਿਲੇ ਬੱਚੇ ਦੇ ਜਨਮ ਦੇ ਕਾਰਣ ਵਤਨ ਪਰਤ ਆਵੇਗਾ।
ਡੇਲੀ ਟੈਲੀਗ੍ਰਾਫ ਦੀ ਰਿਪੋਰਟ ਅਨੁਸਾਰ ਇਕਾਂਤਵਾਸ ਦੌਰਾਨ ਉਸਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਭਾਰਤੀ ਟੀਮ ਅਗਲੇ ਦੋ ਹਫਤੇ ਤਕ ਪੁਲਮੈਨ ਹੋਟਲ ਵਿਚ ਰਹੇਗੀ। ਇੱਥੇ ਪਹਿਲਾਂ ਨਿਊ ਸਾਊਥ ਵੇਲਸ ਦੀ ਰਗਬੀ ਟੀਮ ਵੀ ਰੁੱਕੀ ਸੀ। ਹੁਣ ਉਹ ਹੋਰ ਹੋਟਲ ਵਿਚ ਚਲੀ ਗਈ ਹੈ।
ਆਈ. ਪੀ. ਐੱਲ. ਤੋਂ ਬਾਅਦ ਯੂ. ਏ. ਈ. ਤੋਂ ਪਰਤਣ ਵਾਲੇ ਆਸਟਰੇਲੀਆਈ ਕ੍ਰਿਕਟਰ ਹਾਲਾਂਕਿ 22 ਨਵੰਬਰ ਤੋਂ ਰਾਸ਼ਟਰੀ ਟੀਮ ਦੇ ਕੈਂਪ ਨਾਲ ਜੁੜਨਗੇ। ਉਹ ਵੱਖ-ਵੱਖ ਰਹਿ ਕੇ ਅਭਿਆਸ ਕਰਨਗੇ। ਭਾਰਤ ਤੇ ਆਸਟਰੇਲੀਆ ਵਿਚਾਲੇ ਸੀਮਤ ਓਵਰਾਂ ਦੀ ਲੜੀ 27 ਨਵੰਬਰ ਤੋਂ ਸਿਡਨੀ ਤੇ ਕੈਨਬਰਾ ਵਿਚ ਖੇਡੀ ਜਾਵੇਗੀ। ਭਾਰਤੀ ਕ੍ਰਿਕਟਰ ਪਹਿਲੀ ਵਾਰ ਇਸ ਦੌਰੇ ਵਿਚ ਸੀਮਤ ਓਵਰਾਂ ਦੀ ਲੜੀ ਦੌਰਾਨ ਗੂੜੇ ਨੀਲੇ ਰੰਗ ਦੀ ਜਰਸੀ ਪਹਿਨੇਗੀ, ਜਿਸ ਵਿਚ ਮੋਢਿਆਂ 'ਤੇ ਕਈ ਰੰਗਾਂ ਦੀਆਂ ਧਾਰੀਆਂ ਹੋਣਗੀਆਂ। ਭਾਰਤੀ ਟੀਮ ਨੇ 1992 ਵਿਸ਼ਵ ਕੱਪ ਦੌਰਾਨ ਇਸੇ ਤਰ੍ਹਾਂ ਦੀ ਜਰਸੀ ਪਹਿਨੀ ਸੀ।