ਤੀਜੇ ਟੈਸਟ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਚੁਣੀ ਹੋਈ ਟੀਮ ਬਾਰੇ
Tuesday, Dec 25, 2018 - 11:03 AM (IST)

ਨਵੀਂ ਦਿੱਲੀ— ਪਰਥ 'ਚ ਦਜਾ ਟੈਸਟ ਮੈਚ ਹਾਰ ਕੇ ਵਾਪਸੀ ਕਰਨ ਲਈ ਬੇਤਾਬ ਭਾਰਤੀ ਕ੍ਰਿਕਟ ਟੀਮ ਬੁੱਧਵਾਰ ਤੋਂ ਮੈਲਬੋਰਨ 'ਚ ਸ਼ੁਰੂ ਹੋਣ ਵਾਲੇ ਤੀਜੇ ਟੈਸਟ 'ਚ ਆਸਟਰੇਲੀਆ ਦੇ ਖਿਲਾਫ ਬਾਕਸਿੰਗ ਡੇ ਟੈਸਟ ਮੈਚ ਜਿੱਤ ਕੇ ਸੀਰੀਜ਼ 'ਚ ਫਿਰ ਤੋਂ ਬੜ੍ਹਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ। ਅਜਿਹੇ 'ਚ ਮੰਗਲਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਭਾਰਤੀ ਟੀਮ ਦੇ ਅੰਤਿਮ 11 ਖਿਡਾਰੀਆਂ ਦਾ ਐਲਾਨ ਕਰ ਦਿੱਤਾ ਹੈ।
ਬੀ.ਸੀ.ਸੀ.ਆਈ. ਨੇ ਆਪਣੇ ਟਵਿੱਟਰ ਅਕਾਊਂਟ 'ਤੇ ਭਾਰਤੀ ਇਲੈਵਨ ਦੀ ਜਾਣਕਾਰੀ ਦਿੱਤੀ। ਭਾਰਤੀ ਕ੍ਰਿਕਟ ਟੀਮ ਲਈ ਚੰਗੀ ਖਬਰ ਨਹੀਂ ਹੈ। ਰਵੀਚੰਦਰਨ ਅਸ਼ਵਿਨ ਤੀਜੇ ਟੈਸਟ 'ਚ ਟੀਮ ਤੋਂ ਬਾਹਰ ਹੋ ਗਏ ਹਨ। ਇਸ ਸਟਾਰ ਆਫ ਸਪਿਨਰ ਦੇ ਢਿੱਡ ਦੇ ਖੱਬੇ ਹਿੱਸੇ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਆ ਗਿਆ ਹੈ। ਉਹ ਅਜੇ ਵੀ ਇਸ ਪਰੇਸ਼ਾਨੀ ਨਾਲ ਜੂਝ ਰਹੇ ਹਨ। ਅਸ਼ਵਿਨ ਪਰਥ 'ਚ ਖੇਡੇ ਗਏ ਦੂਜੇ ਟੈਸਟ 'ਚ ਵੀ ਨਹੀਂ ਖੇਡ ਸਕੇ ਸਨ।
ਮੈਲਬੋਰਨ ਟੈਸਟ ਲਈ ਖੱਬੇ ਹੱਥ ਦੇ ਸਪਿਨਰ ਆਲ ਰਾਊਂਡਰ ਰਵਿੰਦਰ ਜਡੇਜਾ ਨੰ ਮਾਹਰ ਸਪਿਨਰ ਦੇ ਤੌਰ 'ਤੇ ਟੀਮ 'ਚ ਰੱਖਿਆ ਗਿਆ ਹੈ। ਫਿਲਹਾਲ ਇਹ ਚਾਰ ਟੈਸਟ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੈ। ਬਾਕਸਿੰਗ ਡੇ ਟੈਸਟ ਲਈ ਭਾਰਤ ਨੇ ਤਿੰਨ ਤਬਦੀਲੀਆਂ ਕੀਤੀਆਂ ਹਨ। ਦੋਵੇਂ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਅਤੇ ਕੇ.ਐੱਲ. ਰਾਹੁਲ ਦੇ ਇਲਾਵਾ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਬਾਹਰ ਕਰ ਦਿੱਤਾ ਗਿਆ ਹੈ।
ਰੋਹਿਤ ਸ਼ਰਮਾ ਦੀ ਟੀਮ 'ਚ ਵਾਪਸੀ ਹੋਈ ਹੈ, ਜੋ ਸੱਟ ਦਾ ਸ਼ਿਕਾਰ ਹੋਣ ਕਾਰਨ ਦੂਜਾ ਟੈਸਟ ਮੈਚ ਨਹੀਂ ਖੇਡ ਸਕੇ ਸਨ। 27 ਸਾਲਾ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਟੈਸਟ ਕ੍ਰਿਕਟ 'ਚ ਡੈਬਿਊ ਕਰਨਗੇ। ਉਹ ਭਾਰਤ ਵੱਲੋਂ ਡੈਬਿਊ ਕਰਨ ਵਾਲੇ 295 ਖਿਡਾਰੀ ਹੋਣਗੇ। ਮਯੰਕ ਹਨੁਮਾ ਵਿਹਾਰੀ ਦੇ ਨਾਲ ਭਾਰਤ ਦੀ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ।
India name Playing XI for 3rd Test: Virat Kohli (C), Ajinkya Rahane (VC), Mayank Agarwal, Hanuma Vihari, Cheteshwar Pujara, Rohit Sharma, Rishabh Pant (WK), Ravindra Jadeja, Mohammed Shami, Ishant Sharma, Jasprit Bumrah #TeamIndia #AUSvIND pic.twitter.com/DImj8BVTj5
— BCCI (@BCCI) December 24, 2018
ਮੈਲਬੋਰਨ ਟੈਸਟ ਲਈ ਭਾਰਤ ਦੇ 11 ਖਿਡਾਰੀ
ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ (ਉਪ ਕਪਤਾਨ), ਮਯੰਕ ਅਗਰਵਾਲ, ਹਨੁਮਾ ਵਿਹਾਰੀ, ਚੇਤੇਸ਼ਵਰ ਪੁਜਾਰਾ, ਰੋਹਿਤ ਸ਼ਰਮਾ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ।
ਆਸਟਰੇਲੀਆ ਇਲੈਵਨ : ਐਰੋਨ ਫਿੰਚ, ਮਾਰਕਸ ਹੈਰਿਸ, ਉਸਮਾਨ ਖਵਾਜਾ, ਸ਼ਾਨ ਮਾਰਸ਼, ਟ੍ਰੇਵਿਸ ਹੇਡ, ਮਿਸ਼ੇਲ ਮਾਰਸ਼, ਟਿਮ ਪੇਨ (ਕਪਤਾਨ, ਵਿਕਟਕੀਪਰ), ਪੈਟ ਕਮਿੰਸ, ਮਿਸ਼ੇਲ ਸਟਾਰਕ, ਨਾਥਨ ਲੀਓਨ, ਜੋਸ਼ ਹੇਜ਼ਲਵੁੱਡ।