ਭਾਰਤੀ ਨਿਸ਼ਾਨੇਬਾਜ਼ ਨਿਹਾਲ ਸਿੰਘ ਤੇ ਆਮਿਰ ਅਹਿਮਦ ਭੱਟ ਕੁਆਲੀਫਿਕੇਸ਼ਨ ਦੌਰ ’ਚੋਂ ਬਾਹਰ
Tuesday, Sep 03, 2024 - 10:46 AM (IST)
ਸ਼ੇਟਰਾਓ (ਫਰਾਂਸ)–ਭਾਰਤੀ ਨਿਸ਼ਾਨੇਬਾਜ਼ ਨਿਹਾਲ ਸਿੰਘ ਤੇ ਆਮਿਰ ਅਹਿਮਦ ਭੱਟ ਸੋਮਵਾਰ ਨੂੰ ਇੱਥੇ ਮਿਕਸਡ 25 ਮੀਟਰ ਪਿਸਟਲ (ਐੱਸ. ਐੱਚ. 1) ਪ੍ਰਤੀਯੋਗਿਤਾ ਦੇ ਕੁਆਲੀਫਿਕੇਸ਼ਨ ਦੌਰ ਵਿਚ ਕ੍ਰਮਵਾਰ 10ਵੇਂ ਤੇ 11ਵੇਂ ਸਥਾਨ ’ਤੇ ਰਹਿੰਦੇ ਹੋਏ ਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਹੇ। ਦੋਵੇਂ ਭਾਰਤੀਆਂ ਦੇ ਪ੍ਰਦਰਸ਼ਨ ਵਿਚ ਕੁਆਲੀਫਿਕੇਸ਼ਨ ਦੇ ਪਹਿਲੇ ਗੇੜ ਵਿਚ ਨਿਰੰਤਰਤਾ ਦਿਸੀ। ਪ੍ਰੀਸੈਸ਼ਨ ਗੇੜ ਤੋਂ ਬਾਅਦ ਨਿਹਾਲ 287 ਅੰਕਾਂ ਨਾਲ ਚੌਥੇ ਜਦਕਿ ਆਮਿਰ 286 ਅੰਕਾਂ ਨਾਲ 8ਵੇਂ ਤੇ ਆਖਰੀ ਕੁਆਲੀਫਾਇੰਗ ਸਥਾਨ ’ਤੇ ਚੱਲ ਰਿਹਾ ਸੀ। ਰੈਪਿਡ ਗੇੜ ਵਿਚ ਹਾਲਾਂਕਿ ਨਿਹਾਲ ਤੇ ਆਮਿਰ ਦੋਵੇਂ 282 ਅੰਕ ਹੀ ਹਾਸਲ ਕਰ ਸਕੇ ਤੇ ਕੁੱਲ ਕ੍ਰਮਵਾਰ 569 ਤੇ 568 ਦਾ ਸਕੋਰ ਬਣਾਇਆ, ਜਿਹੜਾ ਫਾਈਨਲ ਵਿਚ ਜਗ੍ਹਾ ਬਣਾਉਣ ਲਈ ਲੋੜੀਂਦਾ ਨਹੀਂ ਸੀ। ਕੁਆਲੀਫਿਕੇਸ਼ਨ ਦੌਰ ਵਿਚ ਟਾਪ-8 ਵਿਚ ਰਹਿਣ ਵਾਲੇ ਨਿਸ਼ਾਨੇਬਾਜ਼ ਫਾਈਲਨਲ ਵਿਚ ਪ੍ਰਵੇਸ਼ ਕਰਦੇ ਹਨ।
ਐੱਸ. ਐੱਚ.1 ਵਰਗ ਵਿਚ ਖਿਡਾਰੀ ਬਿਨਾਂ ਕਿਸੇ ਮੁਸ਼ਕਿਲ ਦੇ ਆਪਣੀ ਬੰਦੂਕ ਫੜ੍ਹਨ ਤੇ ਖੜ੍ਹੇ ਹੋ ਕੇ ਜਾਂ ਬੈਠ ਕੇ (ਵ੍ਹੀਲਚੇਅਰ ਜਾਂ ਕੁਰਸੀ ’ਤੇ) ਗੋਲੀ ਚਲਾਉਣ ਲਈ ਸਮਰੱਥ ਹੁੰਦੇ ਹਨ। ਨਿਯਮ ਦੇ ਤਹਿਤ ਐੱਸ. ਐੱਚ.1 ਖਿਡਾਰੀ ਪਿਸਟਲ ਜਾਂ ਰਾਈਫਲ ਦਾ ਇਸਤੇਮਾਲ ਕਰ ਸਕਦੇ ਹਨ।