ਏਸ਼ੀਆ ਕੱਪ ਤੋਂ ਪਹਿਲਾਂ ਭਾਰਤੀ ਖਿਡਾਰੀ 4 ਸਤੰਬਰ ਨੂੰ ਦੁਬਈ ’ਚ ਟੀਮ ਨਾਲ ਜੁੜਨਗੇ

Thursday, Aug 28, 2025 - 09:58 PM (IST)

ਏਸ਼ੀਆ ਕੱਪ ਤੋਂ ਪਹਿਲਾਂ ਭਾਰਤੀ ਖਿਡਾਰੀ 4 ਸਤੰਬਰ ਨੂੰ ਦੁਬਈ ’ਚ ਟੀਮ ਨਾਲ ਜੁੜਨਗੇ

ਨਵੀਂ ਦਿੱਲੀ (ਭਾਸ਼ਾ)- ਸੂਰਜਕੁਮਾਰ ਯਾਦਵ ਦੀ ਅਗਵਾਈ ’ਚ 15 ਮੈਂਬਰੀ ਭਾਰਤੀ ਟੀਮ 9 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਲਈ 4 ਸਤੰਬਰ ਨੂੰ ਦੁਬਈ ’ਚ ਇਕੱਠੀ ਹੋਵੇਗੀ। ਆਮ ਤੌਰ ’ਤੇ ਨਿਰਧਾਰਿਤ ਰਿਵਾਇਤਾਂ ਤੋਂ ਹਟ ਕੇ ਖਿਡਾਰੀ ਆਪਣੇ-ਆਪਣੇ ਸਥਾਨਾਂ ਤੋਂ ਸਿੱਧੇ ਦੁਬਈ ਪੁੱਜ ਕੇ ਟੀਮ ਨਾਲ ਜੁੜਨਗੇ। ਇਸ ਤੋਂ ਪਹਿਲਾਂ ਟੀਮ ਆਮ ਤੌਰ ’ਤੇ ਮੁੰਬਈ ’ਚ ਇਕੱਠੀ ਹੁੰਦੀ ਸੀ। ਇਹ ਫੈਸਲਾ ਪ੍ਰਬੰਧ ਅਤੇ ਖਿਡਾਰੀਆਂ ਦੀ ਯਾਤਰਾ ਸੁਵਿਧਾ ਨੂੰ ਧਿਆਨ ’ਚ ਰੱਖ ਕੇ ਲਿਆ ਗਿਆ।

ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਰੇ ਖਿਡਾਰੀ 4 ਸਤੰਬਰ ਦੀ ਸ਼ਾਮ ਤੱਕ ਦੁਬਈ ਪਹੁੰਚ ਜਾਣਗੇ ਅਤੇ ਪਹਿਲਾ ਨੈੱਟ ਸੈਸ਼ਨ 5 ਸਤੰਬਰ ਨੂੰ ਆਈ. ਸੀ. ਸੀ. ਅਕੈਡਮੀ ’ਚ ਹੋਵੇਗਾ। ਲਾਜਿਸਟਿਕ ਸਹੂਲਤਾਂ ਨੂੰ ਧਿਆਨ ’ਚ ਰੱਖਦੇ ਹੋਏ ਖਿਡਾਰੀਆਂ ਨੂੰ ਆਪਣੇ-ਆਪਣੇ ਸ਼ਹਿਰਾਂ ਤੋਂ ਸਿੱਧੇ ਦੁਬਈ ਆਉਣ ਲਈ ਕਿਹਾ ਜਾਵੇਗਾ। ਉਸ ਨੇ ਕਿਹਾ ਕਿ ਜ਼ਾਹਿਰ ਹੈ ਕਿ ਟੀਮ ਦੇ ਕੁਝ ਮੈਂਬਰ ਮੁੰਬਈ ਤੋਂ ਰਵਾਨਾ ਹੋਣਗੇ ਪਰ ਕੁਝ ਹੋਰ ਮੈਂਬਰਾਂ ਦਾ ਮੰਨਣਾ ਹੈ ਕਿ ਪਹਿਲਾਂ ਮੁੰਬਈ ਆ ਕੇ ਦੁਬਈ ਜਾਣਾ ਸਮਝ ਤੋਂ ਬਾਹਰ ਹੈ। ਦੁਬਈ ਪਹੁੰਚਣ ’ਚ ਹੋਰ ਅੰਤਰਰਾਸ਼ਟਰੀ ਉਡਾਣਾਂ ਨਾਲੋਂ ਘੱਟ ਸਮਾਂ ਲੱਗਦਾ ਹੈ।

ਭਾਰਤ ਆਪਣਾ ਪਹਿਲਾ ਮੈਚ 10 ਸਤੰਬਰ ਨੂੰ ਸੰਯੁਕਤ ਅਰਬ ਅਮੀਰਾਤ ਨਾਲ ਖੇਡੇਗਾ ਅਤੇ 14 ਸਤੰਬਰ ਨੂੰ ਦੁਬਈ ’ਚ ਆਪਣੇ ਮੁੱਖ ਵਿਰੋਧੀ ਪਾਕਿਸਤਾਨ ਦਾ ਸਾਹਮਣਾ ਕਰੇਗਾ।


author

Hardeep Kumar

Content Editor

Related News