ਭਾਰਤੀ ਪੁਰਸ਼ ਟੀਮ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ’ਚ ਚੀਨ ਤੋਂ ਹਾਰੀ
Friday, Feb 16, 2024 - 10:31 AM (IST)
ਸ਼ਾਹ ਆਲਮ-ਭਾਰਤੀ ਪੁਰਸ਼ ਟੀਮ ਨੂੰ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਸਟਾਰ ਡਬਲਜ਼ ਜੋੜੀ ਦੀ ਕਾਫੀ ਕਮੀ ਮਹਿਸੂਸ ਹੋਈ, ਜਿਸ ਨਾਲ ਉਸ ਨੂੰ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਦੇ ਗਰੁੱਪ ਮੈਚ ’ਚ ਤੋਂ ਚੀਨ ਤੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਟਾਰ ਬੈਡਮਿੰਟਨ ਖਿਡਾਰੀ ਐੱਚ. ਐੱਸ. ਪ੍ਰਣਯ ਅਤੇ ਲਕਸ਼ਯ ਸੇਨ ਨੇ ਆਪਣੇ ਸਿੰਗਲ ਮੈਚ ਜਿੱਤੇ ਪਰ ਚੀਨ ਨੇ ਵਾਪਸੀ ਕਰਦੇ ਹੋਏ ਦੋਵੇਂ ਡਬਲਜ਼ ਮੈਚ ਜਿੱਤ ਕੇ ਸਕੋਰ 2-2 ਕਰ ਦਿੱਤਾ ਅਤੇ ਫਾਈਨਲ ਮੈਚ ’ਚ ਰਾਸ਼ਟਰੀ ਚੈਂਪੀਅਨ ਚਿਰਾਗ ਸੇਨ ਨੂੰ ਵਾਂਗ ਝੇਂਗ ਜਿੰਗ ਤੋਂ 15-21, 16-21 ਨਾਲ ਹਾਰ ਮਿਲੀ, ਜਿਸ ਕਾਰਨ ਭਾਰਤ ਮੈਚ ਹਾਰ ਗਿਆ। ਪਹਿਲਾਂ ਹੀ ਨਾਕਆਊਟ ਪੜਾਅ ’ਚ ਥਾਂ ਬਣਾ ਚੁੱਕੀ ਭਾਰਤੀ ਟੀਮ ਗਰੁੱਪ ’ਚ ਦੂਜੇ ਸਥਾਨ ’ਤੇ ਰਹੀ ਅਤੇ ਚੀਨ ਨੇ ਗਰੁੱਪ ’ਚ ਟਾਪ ਸਥਾਨ ਹਾਸਲ ਕੀਤਾ। ਪਤਾ ਲੱਗਾ ਹੈ ਕਿ ਸਾਤਵਿਕ ਅਤੇ ਚਿਰਾਗ ਨੂੰ ਟੀਮ ਪ੍ਰਬੰਧਨ ਨੇ ਆਰਾਮ ਦਿੱਤਾ ਸੀ ਕਿਉਂਕਿ ਭਾਰਤ ਪਹਿਲਾਂ ਹੀ ਬੁੱਧਵਾਰ ਨੂੰ ਹਾਂਗਕਾਂਗ ’ਤੇ 4-1 ਦੀ ਜਿੱਤ ਨਾਲ ਕੁਆਰਟਰ ਫਾਈਨਲ ’ਚ ਜਗ੍ਹਾ ਪੱਕੀ ਕਰ ਚੁੱਕਾ ਸੀ।