ਰਾਸ਼ਟਰਮੰਡਲ ਖੇਡਾਂ : ਭਾਰਤੀ ਪੁਰਸ਼ ਹਾਕੀ ਟੀਮ ਫਾਈਨਲ ’ਚ
Sunday, Aug 07, 2022 - 02:00 AM (IST)

ਸਪੋਰਟਸ ਡੈਸਕ : ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ 3-2 ਨਾਲ ਹਰਾ ਕੇ ਰਾਸ਼ਟਰਮੰਡਲ ਖੇਡਾਂ ਦੀ ਪੁਰਸ਼ ਹਾਕੀ ਪ੍ਰਤੀਯੋਗਿਤਾ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਦੁਨੀਆ ਦੀ 5ਵੇਂ ਨੰਬਰ ਦੀ ਟੀਮ ਭਾਰਤ ਨੂੰ ਪੂਰੇ 60 ਮਿੰਟ 13ਵੀਂ ਰੈਂਕਿੰਗ ਵਾਲੀ ਦੱਖਣੀ ਅਫਰੀਕਾ ਨੇ ਸਖਤ ਚੁਣੌਤੀ ਦਿੱਤੀ। ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨੂੰ ਪੂਲ-ਏ ਵਿੱਚ ਪਛਾੜ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਸੀ।
ਲੀਗ ਗੇੜ 'ਚ ਅਜੇਤੂ ਰਹੀ ਭਾਰਤ ਲਈ ਅਭਿਸ਼ੇਕ ਨੇ 20ਵੇਂ ਮਿੰਟ 'ਚ, ਮਨਦੀਪ ਸਿੰਘ ਨੇ 28ਵੇਂ ਤੇ ਜੁਗਰਾਜ ਸਿੰਘ ਨੇ 58ਵੇਂ ਮਿੰਟ 'ਚ ਗੋਲ ਕੀਤੇ, ਜਦਕਿ ਦੱਖਣੀ ਅਫਰੀਕਾ ਲਈ ਰਿਆਨ ਜੂਲੀਅਸ ਨੇ 33ਵੇਂ ਤੇ ਐੱਮ. ਕਾਮਿਸ ਨੇ 59ਵੇਂ ਮਿੰਟ 'ਚ ਗੋਲ ਕੀਤੇ। ਰਾਸ਼ਟਰਮੰਡਲ ਖੇਡਾਂ ਦੀ ਪੁਰਸ਼ ਹਾਕੀ ਟੀਮ ਵਿੱਚ ਭਾਰਤ ਨੇ ਅੱਜ ਤੱਕ ਸੋਨ ਤਮਗਾ ਨਹੀਂ ਜਿੱਤਿਆ ਤੇ ਸਾਰੇ 6 ਸੋਨ ਤਮਗੇ ਆਸਟ੍ਰੇਲੀਆ ਦੇ ਨਾਂ ਰਹੇ ਹਨ। ਭਾਰਤ ਨੇ 2 ਵਾਰ 2010 'ਚ ਦਿੱਲੀ ਤੇ 2014 'ਚ ਗਲਾਸਗੋ ਵਿੱਚ ਚਾਂਦੀ ਦੇ ਤਮਗੇ ਆਪਣੇ ਨਾਂ ਕੀਤੇ, ਜਦਕਿ ਪਿਛਲੀ ਵਾਰ ਗੋਲਡ ਕੋਸਟ ਵਿੱਚ ਭਾਰਤ ਦੀ ਝੋਲੀ ਖਾਲੀ ਰਹੀ ਸੀ। ਫਾਈਨਲ 8 ਅਗਸਤ ਨੂੰ ਖੇਡਿਆ ਜਾਵੇਗਾ।