ਜਦੋਂ ਵੰਦੇ ਮਾਤਰਮ ਨਾਲ ਗੂੰਜਿਆ ਗੁਹਾਟੀ ਸਟੇਡੀਅਮ, ਵੀਡੀਓ ਜਿੱਤ ਲਵੇਗੀ ਹਰ ਭਾਰਤੀ ਦਾ ਦਿਲ

01/06/2020 1:53:14 PM

ਸਪੋਰਟਸ ਡੈਸਕ— ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 3 ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੀ-20 ਮੈਚ ਮੌਸਮ ਦੀ ਭੇਟ ਚੜ੍ਹ ਗਿਆ। ਮੀਂਹ ਦੇ ਬਾਅਦ ਪਿੱਚ ਨਹੀਂ ਸੁੱਕਣ ਕਾਰਨ ਇਕ ਵੀ ਗੇਂਦ ਸੱਟੇ ਬਿਨਾ ਮੁਕਾਬਲੇ ਨੂੰ ਬੇਨਤੀਜਾ ਐਲਾਨਿਆ ਗਿਆ। ਇਸ ਮੈਚ 'ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤਿਆ ਸੀ। ਉਨ੍ਹਾਂ ਨੇ ਗੇਂਦਬਾਜ਼ੀ ਚੁਣੀ ਸੀ, ਪਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੀਂਹ ਆ ਗਿਆ।

ਮੀਂਹ ਬੰਦ ਹੋਣ ਦੇ ਬਾਅਦ ਵੀ ਮੈਚ ਸ਼ੁਰੂ ਨਹੀਂ ਹੋ ਸਕਿਆ। ਇਸ ਕਾਰਨ ਦੋਵੇਂ ਹੀ ਟੀਮ ਦੇ ਖਿਡਾਰੀ ਨਿਰਾਸ਼ ਦਿਸੇ। ਹਾਲਾਂਕਿ ਮੈਦਾਨ 'ਤੇ ਮੌਜੂਦ ਹਜ਼ਾਰਾਂ ਫੈਨਜ਼ ਨੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਮੀਂਹ ਦੇ ਦੌਰਾਨ ਹੀ ਸਟੇਡੀਅਮ 'ਚ ਬੈਠੇ 30 ਹਜ਼ਾਰ ਤੋਂ ਜ਼ਿਆਦਾ ਦਰਸ਼ਕਾਂ ਨੇ ਖੜ੍ਹੇ ਹੋ ਕੇ ਇਕ ਸੁਰ 'ਚ 'ਵੰਦੇ ਮਾਤਰਮ' ਗਾਣਾ ਸ਼ੁਰੂ ਕਰ ਦਿੱਤਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਫੈਨਜ਼ ਦਾ ਇਸ ਤਰ੍ਹਾਂ 'ਵੰਦੇ ਮਾਤਰਮ' ਗਾਉਣ ਵਾਲਾ ਵੀਡੀਓ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕੀਤਾ ਹੈ। ਉਸ ਨੇ ਵੀਡੀਓ ਦਾ ਕੈਪਸ਼ਨ ਦਿੱਤਾ ਹੈ, ''ਗੁਹਾਟੀ, ਤੁਸੀਂ ਖੂਬਸਰੂਰਤ ਹੋ।''

ਗੁਹਾਟੀ ਦੇ ਦਰਸ਼ਕਾਂ ਦੀ ਹੌਸਲਾਆਫਜ਼ਾਈ ਨਾਲ ਸਿਰਫ ਬੀ. ਸੀ. ਸੀ. ਆਈ. ਹੀ ਨਹੀਂ ਪ੍ਰਭਾਵਿਤ ਹੋਇਆ ਹੈ, ਸਗੋਂ ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਰਸੇਲ ਅਰਨਾਲਡ ਦੇ ਦਿਲ ਨੂੰ ਵੀ ਇਹ ਨਜ਼ਾਰਾ ਛੂਹ ਗਿਆ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਫੈਨਜ਼ ਦਾ ਵੰਦੇ ਮਾਤਰਮ ਗਾਉਂਦੇ ਹੋਇਆਂ ਵੀਡੀਓ ਪੋਸਟ ਕੀਤਾ ਹੈ। ਉਨ੍ਹਾਂ ਨੇ ਆਪਣੀ ਪੋਸਟ ਦੇ ਕੈਪਸ਼ਨ 'ਚ ਲਿਖਿਆ, ''ਭਾਵੇਂ ਹੀ ਕ੍ਰਿਕਟ ਨਹੀਂ ਹੋ ਰਿਹਾ ਹੈ... ਇੱਥੇ ਗੁਹਾਟੀ 'ਚ ਗ਼ਜ਼ਬ ਦਾ ਮਾਹੌਲ ਹੈ।'' ਜ਼ਿਕਰਯੋਗ ਹੈ ਕਿ ਅਰਨਾਲਡ ਇਸ ਮੈਚ ਦੀ ਕੁਮੈਂਟਰੀ ਕਰਨ ਲਈ ਭਾਰਤ ਆਏ ਹੋਏ ਹਨ।

 


Tarsem Singh

Content Editor

Related News