ਸਿੱਧੂ ਮੂਸੇਵਾਲਾ ਦੇ ਕਤਲ ਨੇ ਭਾਰਤੀ ਕ੍ਰਿਕਟ ਭਾਈਚਾਰੇ ਨੂੰ ਵੀ ਝੰਜੋੜਿਆ, ਟਵੀਟ ਕਰ ਪ੍ਰਗਟਾਇਆ ਅਫ਼ਸੋਸ
Monday, May 30, 2022 - 09:36 AM (IST)
ਮੁੰਬਈ (ਏਜੰਸੀ)- ਭਾਰਤੀ ਕ੍ਰਿਕਟ ਭਾਈਚਾਰੇ ਨੇ ਪੰਜਾਬੀ ਗਾਇਕ ਅਤੇ ਰੈਪਰ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ, ਜਿਨ੍ਹਾਂ ਦਾ ਐਤਵਾਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਆਪਣੇ ਟਵਿੱਟਰ 'ਤੇ ਲਿਖਿਆ, "ਸਿੱਧੂ ਮੂਸੇ ਵਾਲਾ ਬਾਰੇ ਸੁਣ ਕੇ ਹੈਰਾਨ ਹਾਂ, ਬਾਬਾਜੀ ਉਨ੍ਹਾਂ ਨੂੰ ਆਪਣੇ ਚਰਨੀ ਲਾਉਣ। ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨਾਲ ਦਿਲੀ ਹਮਦਰਦੀ ਹੈ।"
ਸਾਬਕਾ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਨੇ ਟਵੀਟ ਕੀਤਾ, "ਮੈਂ ਸਦਮੇ ਵਿਚ ਹਾਂ। ਸਿੱਧੂ ਮੂਸੇਵਾਲਾ ਬਹੁਤ ਜਲਦੀ ਚਲੇ ਗਏ। ਇਹ ਦਿਲ ਦਹਿਲਾਉਣ ਵਾਲੀ ਖ਼ਬਰ ਹੈ। ਸਤਨਾਮ ਵਾਹਿਗੁਰੂ, ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।"
ਭਾਰਤੀ ਬੱਲੇਬਾਜ਼ ਸ਼ਿਖਰ ਧਵਨ ਨੇ ਟਵੀਟ ਕੀਤਾ, "ਸਿੱਧੂ ਮੂਸੇਵਾਲਾ ਦੀ ਮੌਤ ਨਾਲ ਸਦਮੇ ਵਿਚ ਹਾਂ ਅਤੇ ਮੇਰੇ ਕੋਲ ਦੁੱਖ ਜਾਹਰ ਕਰਨ ਲਈ ਸ਼ਬਦ ਨਹੀਂ ਹਨ, ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।"
ਦੱਸ ਦੇਈਏ ਕਿ ਪੰਜਾਬ ਦੇ ਮਾਨਸਾ 'ਚ ਐਤਵਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮਾਨਸਾ ਹਸਪਤਾਲ ਦੇ ਸਿਵਲ ਸਰਜਨ ਡਾ: ਰਣਜੀਤ ਰਾਏ ਨੇ ਦੱਸਿਆ ਕਿ ਜਦੋਂ ਮੂਸੇਵਾਲਾ ਨੂੰ ਹਸਪਤਾਲ ਲਿਆਂਦਾ ਗਿਆ, ਉਦੋਂ ਉਨ੍ਹਾਂ ਦੀ ਮੌਤ ਹੋ ਚੁੱਕੀ ਹੋਈ ਸੀ। ਇਹ ਘਟਨਾ ਪੰਜਾਬ ਪੁਲਸ ਵੱਲੋਂ 424 ਹੋਰਾਂ ਸਮੇਤ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ ਤੋਂ 1 ਦਿਨ ਬਾਅਦ ਵਾਪਰੀ।