ਰਿਕਰਵ ''ਚ ਭਾਰਤੀ ਚੁਣੌਤੀ ਖਤਮ, ਕੰਪਾਊਂਡ ''ਤੇ ਨਜ਼ਰਾਂ
Saturday, Aug 25, 2018 - 07:29 PM (IST)

ਜਕਾਰਤਾ : ਭਾਰਤੀ ਮਹਿਲਾ ਅਤੇ ਪੁਰਸ਼ ਰਿਕਰਵ ਟੀਮਾਂ ਨੂੰ 18ਵੇਂ ਏਸ਼ੀਆਈ ਖੇਡਾਂ ਦੀ ਤੀਰਅੰਦਾਜ਼ੀ ਮੁਕਾਬਲੇ 'ਚ ਸ਼ਨਿਵਾਰ ਨੂੰ ਆਪਣੇ-ਆਪਣੇ ਕੁਆਰਟਰ-ਫਾਈਨਲ ਮੁਕਾਬਲਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਹੁਣ ਦੇਸ਼ ਨੂੰ ਤਮਗੇ ਲਈ ਕੰਪਾਊਂਡ ਤੀਰਅੰਦਾਜ਼ਾਂ ਤੋਂ ਉਮੀਦ ਰਹਿ ਗਈ ਹੈ। ਮਹਿਲਾ ਟੀਮ ਚੀਨੀ ਤਾਈਪੇ ਨਾਲ ਇਕ ਪਾਸੜ ਅੰਦਾਜ਼ 'ਚ 2-6 ਨਾਲ ਹਾਰ ਕੇ ਬਾਹਰ ਹੋ ਗਈ ਜਦਕਿ ਪੁਰਸ਼ ਟੀਮ ਨੂੰ ਕੋਰੀਆ ਦੇ ਹੱਥੋਂ 1-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਅਤੇ ਕੋਰੀਆ ਪੁਰਸ਼ ਟੀਮਾਂ ਦੇ ਮੁਕਾਬਲੇ 'ਚ ਪਹਿਲਾ ਸੈੱਟ 1-1 ਨਾਲ ਬਰਾਬਰ ਰਿਹਾ ਜਦਕਿ ਕੋਰੀਆ ਨੇ ਅਗਲੇ 2 ਸੈੱਟ 2-0 ਦੇ ਫਰਕ ਨਾਲ ਜਿੱਤ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ। ਕੋਰੀਆ ਨੇ ਇਹ ਮੁਕਾਬਲਾ 166-162 ਦੇ ਸਕੋਰ 'ਤੇ ਜਿੱਤਿਆ। ਭਾਰਤੀ ਟੀਮ 'ਚ ਸ਼ਾਮਲ ਜਗਦੀਸ਼ ਚੌਧਰੀ, ਅਤਾਨੂ ਦਾਸ ਅਤੇ ਵਿਸ਼ਵਾਸ ਕੋਰੀਆ ਦੇ ਸਾਹਮਣੇ ਚੁਣੌਤੀ ਨਹੀਂ ਪੇਸ਼ ਕਰ ਸਕੇ। ਪਹਿਲਾ ਸੈੱਟ 54-54 ਨਾਲ ਬਰਾਬਰ ਰਿਹਾ ਜਦਕਿ ਕੋਰੀਆਈ ਤਿਕੜੀ ਨੇ ਅਗਲੇ 2 ਸੈੱਟ 56-54, 56-54 ਨਾਲ ਜਿੱਤ ਲਿਆ। ਇਸ ਤੋਂ ਪਹਿਲਾਂ ਤੀਰਅੰਦਾਜ਼ ਦੀਪਿਕਾ ਕੁਮਾਰੀ, ਅੰਕਿਤਾ ਭਕਤ ਅਤੇ ਪ੍ਰੋਮਿਲਾ ਦਾਈਮਾਰੀ ਦੀ ਭਾਰਤੀ ਟੀਮ ਨੂੰ ਤਾਈਪੇ ਖਿਲਾਫ ਇਕ ਪਾਸੜ ਅੰਦਾਜ਼ 'ਚ ਮਾਤ ਮਿਲੀ ਅਤੇ ਉਹ ਸਿਰਫ ਤੀਜੇ ਸੈੱਟ 'ਤੇ 2 ਅੰਕ ਬਟੋਰ ਸਕੀ ਜਦਕਿ ਪਹਿਲੇ, ਦੂਜੇ ਅਤੇ ਚੌਥੇ ਸੈੱਟ 'ਤੇ ਉਸ ਨੂੰ ਕੋਈ ਅੰਕ ਨਹੀਂ ਮਿਲਿਆ।