ਸ਼੍ਰੀਲੰਕਾਈ ਸਪਿੰਨਰਾਂ ਵਿਰੁੱਧ ਰੱਖਿਆਤਮਕ ਨਹੀਂ ਹੋ ਸਕਦੇ ਭਾਰਤੀ ਬੱਲੇਬਾਜ਼ : ਅਜਿੰਕਯ ਰਹਾਨੇ
Saturday, Aug 08, 2026 - 11:01 AM (IST)
ਬੈਂਗਲੁਰੂ : ਸਾਬਕਾ ਕਪਤਾਨ ਅਜਿੰਕਯ ਰਹਾਨੇ ਨੇ ਭਾਰਤੀ ਬੱਲੇਬਾਜ਼ਾਂ ਨੂੰ ਸ਼੍ਰੀਲੰਕਾ ਦੇ ਵਿਰੱੁਧ 15 ਅਗਸਤ ਤੋਂ ਗਾਲੇ ’ਚ ਸ਼ੁਰੂ ਹੋ ਰਹੀ ਦੋ ਮੈਚਾਂ ਦੀ ਟੈਸਟ ਲੜੀ ’ਚ ਹਮਲਾਵਰ ਖੇਡਣ ਦੀ ਸਲਾਹ ਦਿੱਤੀ ਹੈ। ਸ਼੍ਰੀਲੰਕਾ ਦੇ 2017 ਦੇ ਦੌਰੇ ’ਚ 3-0 ਨਾਲ ਮਿਲੀ ਜਿੱਤ ’ਚ ਰਹਾਨੇ ਨੇ ਅਹਿਮ ਭੂਮਿਕਾ ਨਿਭਾਉਂਦੇ ਹੋਏ ਇਕ ਸੈਂਕੜਾ ਤੇ ਇਕ ਅਰਧ ਸੈਂਕੜਾ ਲਗਾਇਆ ਸੀ। ਉਸ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਸ਼੍ਰੀਲੰਕਾ ’ਚ ਪਹਿਲੇ ਦਿਨ ਦੀ ਵਿਕਟ ਚੰਗੀ ਹੁੰਦਾ ਹੈ ਪਰ ਗੇਂਦਬਾਜ਼ ’ਤੇ ਹਾਵੀ ਹੋਣਾ ਜ਼ਰੂਰੀ ਹੈ। ਮੈਂ ਸ਼੍ਰੀਲੰਕਾ ’ਚ ਇਹੋ ਸਿੱਖਿਆ ਹੈ ਕਿ ਤੁਸੀਂ ਰੱਖਿਆਤਮਕ ਨਹੀਂ ਖੇਡ ਸਕਦੇ।’’
ਉਸ ਨੇ ਕਿਹਾ, ‘‘ਤੁਹਾਨੂੰ ਵੱਧ ਹਮਲਾਵਰ ਹੋਣਾ ਪਵੇਗਾ ਕਿਉਂਕਿ ਉਸ ਦੀਅਾਂ ਵਿਕਟਾਂ ਸਪਿੰਨਰਾਂ ਦੀ ਮਦਦਗਾਰ ਹਨ। ਸ਼੍ਰੀਲੰਕਾ ਕੋਲ ਬਿਹਤਰੀਨ ਸਪਿੰਨਰ ਵੀ ਹਨ ਤੇ ਮੇਜ਼ਬਾਨ ਟੀਮ ਨੂੰ ਹਰਾਉਣਾ ਹਮੇਸ਼ਾ ਔਖਾ ਹੁੰਦਾ ਹੈ। ਇੰਨੇ ਸਾਲਾਂ ਦੇ ਆਪਣੇ ਤਜਰਬੇ ’ਤੇ ਮੈਂ ਇੰਨਾ ਹੀ ਕਹਿ ਸਕਦਾ ਹਾਂ ਕਿ ਕਿਸੇ ਨੂੰ ਹਲਕੇ ’ਚ ਨਹੀਂ ਲਿਆ ਜਾ ਸਕਦਾ।’’
ਕਿਸੇ ਸਮੇਂ ਭਾਰਤ ਲਈ ਸਾਰੇ ਫਾਰਮੈੱਟਾਂ ’ਚ ਖੇਡਣ ਵਾਲੇ ਰਹਾਨੇ ਨੇ ਕਿਹਾ ਕਿ ਟੈਸਟ ਕ੍ਰਿਕਟ ’ਚ ਬੱਲੇਬਾਜ਼ੀ ਪਿਛਲੇ ਕੁਝ ਸਾਲਾਂ ’ਚ ਪੂਰੀ ਤਰ੍ਹਾਂ ਨਾਲ ਬਦਲ ਗਈ ਹੈ, ਖਾਸ ਕਰਕੇ ਜਦੋਂ ਟੀ-20 ਫਾਰਮੈੱਟ ਇੰਨਾ ਪ੍ਰਸਿੱਧ ਹੋ ਰਿਹਾ ਹੈ। ਉਸ ਨੇ ਕਿਹਾ, ‘‘ਖੇਡ ਬਹੁਤ ਬਦਲ ਗਈ ਹੈ। ਟੈਸਟ ਕ੍ਰਿਕਟ ਦੀ ਗੱਲ ਕਰੀਏ ਤਾਂ ਤੁਸੀਂ ਦੇਖੋਗੇ ਕਿ ਕਿੰਨੇ ਟੀ-20 ਕ੍ਰਿਕਟਰ ਵੀ ਟੈਸਟ ਖੇਡ ਰਹੇ ਹਨ। ਸਕੂਪ, ਲੈਪ, ਸਵਿੱਚ ਹਿੱਟ, ਰਿਵਰਸ ਸਵੀਪ ਸ਼ਾਟ ਲਗਾਈਆਂਂ ਜਾ ਰਹੀਅਾਂ ਹਨ ਜੋ ਚੰਗੀ ਗੱਲ ਹੈ। ਖਿਡਾਰੀਆਂ ਨੂੰ ਆਧੁਨਿਕ ਕ੍ਰਿਕਟ ’ਚ ਹਰ ਫਾਰਮੈੱਟ ਦੀ ਲੋੜ ਦੇ ਮੁਤਾਬਕ ਤੇਜ਼ੀ ਨਾਲ ਢਲਣਾ ਹੁੰਦਾ ਹੈ।’’
ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦੇ ਬਾਵਜੂਦ ਉਹ ਕ੍ਰਿਕਟ ਲਈ ਯੋਗਦਾਨ ਦਿੰਦਾ ਰਹਿਣਾ ਚਾਹੁੰਦਾ ਹੈ। ਉਸ ਨੇ ਕਿਹਾ, ‘‘ਮੈਂ ਅਜੇ ਵੀ ਖੇਡਣਾ ਚਾਹੁੰਦਾ ਹਾਂ। ਇਹ ਨਹੀਂ ਕਹਿ ਸਕਦਾ ਕਿ ਸਾਲ ’ਚ ਕਿੰਨੇ ਮੈਚ ਖੇਡਾਂਗਾ ਪਰ ਇਹੋ ਕਹਾਂਗਾ ਕਿ ਅਜੇ ਖੇਡ ਸਕਦਾ ਹਾਂ। ਇਹੋ ਵਜ੍ਹਾ ਹੈ ਕਿ ਮੈਂ ਈ. ਟੀ. ਪੀ. ਐੱਲ. ਖੇਡ ਰਿਹਾ ਹਾਂ। ਆਈ. ਪੀ. ਐੱਲ. ਟੀਮ ਦਾ ਮੈਂਟਰ ਬਣ ਕੇ ਵੀ ਖੁਸ਼ੀ ਹੋਵੇਗੀ ਕਿਉਂਕਿ ਮੇਰੇ ਕੋਲ ਜਿਹੜਾ ਤਜਰਬਾ ਹੈ, ਉਸ ਨਾਲ ਮੈਂ ਖਿਡਾਰੀਆਂ ਦੀ ਮਾਨਸਿਕਤਾ ਬਾਖੂਬੀ ਸਮਝ ਸਕਦਾ ਹਾਂ।’’
