ਭਾਰਤੀ ਆਲਰਾਊਂਡਰ ਪੂਜਾ ਵਸਤਰਕਾਰ ਬ੍ਰਿਸਬੇਨ ਹੀਟ ਟੀਮ ਨਾਲ ਜੁੜੀ

Thursday, Jul 28, 2022 - 04:30 PM (IST)

ਭਾਰਤੀ ਆਲਰਾਊਂਡਰ ਪੂਜਾ ਵਸਤਰਕਾਰ ਬ੍ਰਿਸਬੇਨ ਹੀਟ ਟੀਮ ਨਾਲ ਜੁੜੀ

ਬ੍ਰਿਸਬੇਨ (ਏਜੰਸੀ)- ਆਲਰਾਊਂਡਰ ਪੂਜਾ ਵਸਤਰਕਾਰ ਮਹਿਲਾ ਬਿਗ ਬੈਸ਼ ਲੀਗ ਦੇ ਆਗਾਮੀ ਸੀਜ਼ਨ ਲਈ ਬ੍ਰਿਸਬੇਨ ਹੀਟ ਟੀਮ ਨਾਲ ਜੁੜ ਗਈ ਹੈ। ਉਹ ਬ੍ਰਿਸਬੇਨ ਹੀਟ ਵਿੱਚ ਸ਼ਾਮਲ ਹੋਣ ਵਾਲੀ ਤੀਜੀ ਭਾਰਤੀ ਮਹਿਲਾ ਕ੍ਰਿਕਟਰ ਹੈ। ਇਸ ਟੀਮ ਲਈ ਸਮ੍ਰਿਤੀ ਮੰਧਾਨਾ ਅਤੇ ਪੂਨਮ ਯਾਦਵ ਖੇਡ ਚੁੱਕੀਆਂ ਹਨ। ਬ੍ਰਿਸਬੇਨ ਹੀਟ ਦੇ ਮੁੱਖ ਕੋਚ ਐਸ਼ਲੇ ਨੌਫਕੇ ਨੇ ਕਲੱਬ ਦੀ ਵੈੱਬਸਾਈਟ 'ਤੇ ਪੋਸਟ ਕੀਤੇ ਇਕ ਬਿਆਨ 'ਚ ਕਿਹਾ, 'ਪੂਜਾ ਇਕ ਸ਼ਾਨਦਾਰ ਖਿਡਾਰਨ ਹੈ। ਉਹ ਤੇਜ਼ ਰਫ਼ਤਾਰ ਨਾਲ ਗੇਂਦਬਾਜ਼ੀ ਕਰਦੀ ਹੈ ਅਤੇ ਹੇਠਲੇ ਕ੍ਰਮ ਵਿੱਚ ਚੌਕੇ ਅਤੇ ਛੱਕੇ ਮਾਰਨ ਵਿੱਚ ਮਾਹਰ ਹੈ। ਫੀਲਡਿੰਗ ਵਿੱਚ ਉਸ ਦੀ ਮੁਸਤੈਦੀ ਸ਼ਲਾਘਾਯੋਗ ਹੈ।'

ਭਾਰਤੀ ਮਹਿਲਾ ਟੀਮ ਦੀ ਮਹੱਤਵਪੂਰਨ ਮੈਂਬਰ ਵਸਤਰਕਾਰ ਇਸ ਸਮੇਂ ਕੋਵਿਡ ਦੀ ਲਾਗ ਤੋਂ ਠੀਕ ਹੋ ਰਹੀ ਹੈ। ਉਹ ਨਿਊਜ਼ੀਲੈਂਡ ਵਿੱਚ ਵਿਸ਼ਵ ਕੱਪ ਦੌਰਾਨ ਭਾਰਤ ਲਈ ਦੂਜੀ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਗੇਂਦਬਾਜ਼ ਸੀ। ਇਸ ਤੋਂ ਇਲਾਵਾ ਪਾਕਿਸਤਾਨ ਖ਼ਿਲਾਫ਼ ਵੀ 59 ਗੇਂਦਾਂ 'ਚ 67 ਦੌੜਾਂ ਬਣਾਈਆਂ ਸਨ। ਉਸ ਨੂੰ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਟੀਮ ਵਿੱਚ ਚੁਣਿਆ ਗਿਆ ਸੀ ਪਰ ਫਿਲਹਾਲ ਉਹ ਬੈਂਗਲੁਰੂ ਵਿੱਚ ਆਈਸੋਲੇਸ਼ਨ ਵਿੱਚ ਹੈ ਅਤੇ ਸ਼ੁੱਕਰਵਾਰ ਨੂੰ ਆਸਟਰੇਲੀਆ ਖ਼ਿਲਾਫ਼ ਪਹਿਲੇ ਮੈਚ ਤੋਂ ਖੁੰਝੇਗੀ। ਉਨ੍ਹਾਂ ਨੇ ਭਾਰਤ ਲਈ 23 ਵਨਡੇ, 27 ਟੀ-20 ਅਤੇ ਦੋ ਟੈਸਟ ਖੇਡੇ ਹਨ।


author

cherry

Content Editor

Related News