ਜਰਮਨੀ ਨੂੰ ਹਰਾ ਕੇ ਪੈਰਿਸ ਓਲੰਪਿਕ ਦੀ ਟਿਕਟ ਕਟਾਏਗਾ ਭਾਰਤ!

Thursday, Jan 18, 2024 - 11:39 AM (IST)

ਰਾਂਚੀ, (ਭਾਸ਼ਾ)– ਪੈਰਿਸ ਓਲੰਪਿਕ ਵਿਚ ਜਗ੍ਹਾ ਬਣਾਉਣ ਤੋਂ ਸਿਰਫ ਇਕ ਜਿੱਤ ਦੂਰ ਖੜ੍ਹੀ ਭਾਰਤੀ ਮਹਿਲਾ ਹਾਕੀ ਟੀਮ ਨੂੰ ਐੱਫ. ਆਈ. ਐੱਚ. ਓਲੰਪਿਕ ਕੁਆਲੀਫਾਇਰ ਵਿਚ ਆਪਣੇ ਤੋਂ ਵੱਡੀ ਰੈਂਕਿੰਗ ਦੀ ਜਰਮਨੀ ਵਿਰੁੱਧ ਵੀਰਵਾਰ ਨੂੰ ਇੱਥੇ ਹੋਣ ਵਾਲੇ ਸੈਮੀਫਾਈਨਲ ਵਿਚ ਸਫਲਤਾ ਹਾਸਲ ਕਰਨ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ।

ਭਾਰਤੀ ਟੀਮ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿਚ ਅਮਰੀਕਾ ਹੱਥੋਂ 0-1 ਨਾਲ ਹਾਰ ਗਈ ਸੀ ਪਰ ਇਸ ਤੋਂ ਬਾਅਦ ਉਸ ਨੇ ਨਿਊਜ਼ੀਲੈਂਡ ਤੇ ਇਟਲੀ ਨੂੰ ਹਰਾ ਕੇ ਪੂਲ-ਬੀ ਵਿਚ ਦੂਜੇ ਸਥਾਨ ’ਤੇ ਰਹਿ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਸੀ। ਭਾਰਤ ਨੇ ਪਿਛਲੇ ਦੋ ਮੈਚਾਂ ਵਿਚ ਖੇਡ ਦੇ ਹਰ ਵਿਭਾਗ ਵਿਚ ਚੰਗਾ ਪ੍ਰਦਰਸ਼ਨ ਕੀਤਾ ਤੇ ਸਵਿਤਾ ਪੂਨੀਆ ਦੀ ਅਗਵਾਈ ਵਾਲੀ ਟੀਮ ਜਰਮਨੀ ਵਿਰੁੱਧ ਵੀ ਇਸੇ ਤਰ੍ਹਾਂ ਦੀ ਖੇਡ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗੀ।

ਇਸ ਟੂਰਨਾਮੈਂਟ ਵਿਚ ਚੋਟੀ ’ਤੇ ਰਹਿਣ ਵਾਲੀਆਂ 3 ਟੀਮਾਂ ਇਸ ਸਾਲ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨਗੀਆਂ। ਇਸ ਤਰ੍ਹਾਂ ਨਾਲ ਵੀਰਵਾਰ ਨੂੰ ਜਿੱਤ ਦਰਜ ਕਰਨ ’ਤੇ ਭਾਰਤੀ ਟੀਮ ਦੀ ਪੈਰਿਸ ਦੀ ਟਿਕਟ ਪੱਕੀ ਹੋ ਜਾਵੇਗੀ। ਜੇਕਰ ਭਾਰਤੀ ਟੀਮ ਇਸ ਮੈਚ ਨੂੰ ਜਿੱਤਣ ਵਿਚ ਅਸਫਲ ਰਹਿੰਦੀ ਹੈ ਤਾਂ ਉਸ ਨੂੰ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਇਕ ਹੋਰ ਮੌਕਾ ਮਿਲੇਗਾ। ਸੈਮੀਫਾਈਨਲ ਵਿਚ ਹਾਰ ਜਾਣ ਵਾਲੀਆਂ ਟੀਮਾਂ ਵਿਚਾਲੇ ਤੀਜੇ ਤੇ ਚੌਥੇ ਸਥਾਨ ਲਈ ਸ਼ੁੱਕਰਵਾਰ ਨੂੰ ਮੈਚ ਖੇਡਿਆ ਜਾਵੇਗਾ, ਜਿਸ ਵਿਚ ਜਿੱਤ ਦਰਜ ਕਰਨ ਵਾਲੀ ਟੀਮ ਓਲੰਪਿਕ ਵਿਚ ਜਗ੍ਹਾ ਬਣਾਏਗੀ।

ਇਹ ਵੀ ਪੜ੍ਹੋ : ਭਾਰਤੀ ਮੂਲ ਦੇ ਸਾਬਕਾ ਰਾਸ਼ਟਰੀ ਹਾਕੀ ਖਿਡਾਰੀ ਅਜੀਤ ਸਿੰਘ ਗਿੱਲ ਦਾ ਹੋਇਆ ਦਿਹਾਂਤ

ਭਾਰਤੀ ਟੀਮ ਨੂੰ ਹਾਲਾਂਕਿ ਜਰਮਨੀ ਵਿਰੁੱਧ ਹਾਂ-ਪੱਖੀ ਸੋਚ ਦੇ ਨਾਲ ਮੈਦਾਨ ’ਤੇ ਉਤਰਨਾ ਪਵੇਗਾ। ਪਿਛਲੇ ਦੋ ਮੈਚਾਂ ਵਿਚ ਭਾਰਤੀ ਡਿਫੈਂਡਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤੀ ਡਿਫੈਂਡਰਾਂ ਵਿਚ ਕਪਤਾਨ ਸਵਿਤਾ ਤੋਂ ਇਲਾਵਾ ਉਦਿਤਾ, ਮੋਨਿਕਾ ਤੇ ਨਿੱਕੀ ਪ੍ਰਧਾਨ ਨੇ ਚੰਗੀ ਖੇਡ ਦਿਖਾਈ ਹੈ। ਮਿਡਫੀਲਡਰਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਸਲੀਮਾ ਟੇਟੇ ਆਪਣੀ ਤੇਜ਼ ਦੌੜ ਨਾਲ ਵਿਰੋਧੀ ਟੀਮਾਂ ਨੂੰ ਪ੍ਰੇਸ਼ਾਨੀ ਕਰਦੀ ਰਹੀ ਹੈ ਜਦਕਿ ਨੇਹਾ ਗੋਇਲ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਦੋਵਾਂ ਨੇ ਫਾਰਵਰਡ ਲਾਈਨ ਲਈ ਵੀ ਚੰਗੇ ਮੌਕੇ ਬਣਾਏ ਹਨ। ਫਾਰਵਰਡ ਲਾਈਨ ਵਿਚ ਲਾਲਰੇਮਸਿਆਮੀ, ਸੰਗੀਤਾ ਕੁਮਾਰੀ, ਬਿਊਟੀ ਡੁੰਗ ਡੁੰਗ ਤੇ ਨਵਨੀਤ ਕੌਰ ਵੀ ਆਪਣੇ ਬਿਹਤਰ ਪ੍ਰਦਰਸ਼ਨ ਨਾਲ ਟੀਮ ਦੀਆਂ ਉਮੀਦਾਂ ’ਤੇ ਖਰੀ ਉਤਰੀਆਂ ਹਨ।

ਭਾਰਤ ਲਈ ਵੱਡਾ ਮਸਲਾ : ਭਾਰਤ ਲਈ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਣਾ ਮਸਲਾ ਰਿਹਾ ਹੈ ਪਰ ਇਟਲੀ ਵਿਰੁੱਧ ਪਿਛਲੇ ਮੈਚ ਵਿਚ ਉਦਿਤਾ ਨੇ ਪੈਨਲਟੀ ਕਾਰਨਰ ’ਤੇ ਦੋ ਗੋਲ ਕੀਤੇ ਪਰ ਜਰਮਨੀ ਦੀ ਮਜ਼ਬੂਤ ਟੀਮ ਵਿਰੁੱਧ ਸਿਰਫ ਉਦਿਤਾ ਦੀ ਕੋਸ਼ਿਸ਼ ਹੀ ਲੋੜੀਂਦੀ ਨਹੀਂ ਹੋਵੇਗੀ। ਜਿੱਥੋਂ ਤਕ ਜਰਮਨੀ ਦਾ ਸਵਾਲ ਹੈ ਤਾਂ ਉਹ ਪੂਲ-ਏ ਵਿਚੋਂ 7 ਅੰਕ ਲੈ ਕੇ ਚੋਟੀ ’ਤੇ ਰਹੀ। ਜਾਪਾਨ ਦੇ ਵੀ ਇੰਨੇ ਹੀ ਅੰਕ ਸਨ ਪਰ ਜਰਮਨੀ ਦਾ ਗੋਲ ਫਰਕ ਬਿਹਤਰ ਸੀ। ਜਰਮਨੀ ਅਜੇ ਵਿਸ਼ਵ ਰੈਂਕਿੰਗ ਵਿਚ 5ਵੇਂ ਜਦਕਿ ਭਾਰਤ 6ਵੇਂ ਨੰਬਰ ’ਤੇ ਹੈ। ਭਾਰਤੀ ਟੀਮ ਨੇ 2006 ਤੋਂ ਬਾਅਦ ਜਰਮਨੀ ਨਾਲ 7 ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਸਿਰਫ 2 ਵਿਚ ਹੀ ਉਸ ਨੂੰ ਜਿੱਤ ਮਿਲੀ ਤੇ ਅਤੀਤ ਦੇ ਨਤੀਜੇ ਸਿਰਫ ਗਿਣਤੀ ਹਨ ਤੇ ਦੋਵੇਂ ਟੀਮਾਂ ਇਕ-ਦੂਜੇ ਨੂੰ ਸਖਤ ਟੱਕਰ ਦੇਣ ਵਿਚ ਸਮਰਥ ਹਨ।

ਭਾਰਤੀ ਕੋਚ ਯਾਨਿਕ ਸ਼ੋਪਮੈਨ ਨੇ ਕਿਹਾ,‘‘ਅਸੀਂ ਜਰਮਨੀ ਦੀ ਟੀਮ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਅਸੀਂ ਪਿਛਲੀਆਂ ਗਰਮੀਆਂ ਵਿਚ ਤੇ ਹਾਲ ਹੀ ਵਿਚ ਸਪੇਨ ਵਿਚ ਉਸ ਨਾਲ ਮੈਚ ਖੇਡੇ ਸੀ। ਉਸਦੇ ਕੋਲ ਚੰਗੀਆਂ ਖਿਡਾਰਨਾਂ ਹਨ ਪਰ ਜੇਕਰ ਅਸੀਂ ਆਪਣੀ ਖੇਡ ’ਤੇ ਧਿਆਨ ਦਿੰਦੇ ਹਾਂ ਤਾਂ ਉਨ੍ਹਾਂ ਨੂੰ ਹਰਾ ਸਕਦੇ ਹਾਂ।’’ਇਕ ਹੋਰ ਸੈਮੀਫਾਈਨਲ ਵਿਚ ਅਮਰੀਕਾ ਦਾ ਸਾਹਮਣਾ ਜਾਪਾਨ ਨਾਲ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Tarsem Singh

Content Editor

Related News