ਭਾਰਤ ਅਗਲੇ ਸਾਲ ਪਹਿਲੇ ਨੇਤਰਹੀਣ ਮਹਿਲਾ ਟੀ-20 ਵਿਸ਼ਵ ਕੱਪ ਦੀ ਕਰੇਗਾ ਮੇਜ਼ਬਾਨੀ

Tuesday, Dec 03, 2024 - 03:37 PM (IST)

ਨਵੀਂ ਦਿੱਲੀ- ਵਿਸ਼ਵ ਨੇਤਰਹੀਣ ਕ੍ਰਿਕਟ ਪ੍ਰੀਸ਼ਦ (ਡਬਲਿਊ.ਬੀ.ਸੀ.ਸੀ.) ਦੀ ਮੁਲਤਾਨ ਵਿਚ ਹੋਈ ਸਾਲਾਨਾ ਆਮ ਬੈਠਕ ਵਿਚ ਅਗਲੇ ਸਾਲ ਭਾਰਤ ਵਿਚ ਹੋਣ ਵਾਲੇ ਪਹਿਲੇ ਨੇਤਰਹੀਣ ਮਹਿਲਾ ਟੀ-20 ਵਿਸ਼ਵ ਕੱਪ ਨੂ 'ਹਾਈਬ੍ਰਿਡ ਮਾਡਲ' 'ਤੇ ਕਰਾਉਣ ਦਾ ਫੈਸਲਾ ਕੀਤਾ ਗਿਆ, ਜਿਸ 'ਚ ਪਾਕਿਸਤਾਨ ਆਪਣੇ ਮੈਚ ਨੇਪਾਲ ਜਾਂ ਸ੍ਰੀਲੰਕਾ ਵਿਚ ਖੇਡੇਗਾ। ਇਹ ਕਦਮ ਭਾਰਤ ਵੱਲੋਂ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਵਿੱਚ ਪੁਰਸ਼ਾਂ ਦੇ ਟੀ-20 ਬਲਾਈਂਡ ਕ੍ਰਿਕਟ ਵਿਸ਼ਵ ਕੱਪ ਤੋਂ ਹਟਣ ਦੇ ਫੈਸਲੇ ਤੋਂ ਕੁਝ ਹਫ਼ਤੇ ਬਾਅਦ ਆਇਆ ਹੈ।

ਮਹਿਲਾ ਟੂਰਨਾਮੈਂਟ ਦੀ ਮੇਜ਼ਬਾਨੀ ਦੇ ਅਧਿਕਾਰ ਪਿਛਲੇ ਸਾਲ ਭਾਰਤ ਨੂੰ ਦਿੱਤੇ ਗਏ ਸਨ ਅਤੇ ਸੋਮਵਾਰ ਨੂੰ ਸਾਲਾਨਾ ਆਮ ਬੈਠਕ ਵਿੱਚ ਇਸਦੀ ਪੁਸ਼ਟੀ ਕੀਤੀ ਗਈ ਸੀ ਜਿਸ ਵਿੱਚ 11 ਮੈਂਬਰ ਦੇਸ਼ ਮੌਜੂਦ ਸਨ। ਮੀਟਿੰਗ ਵਿੱਚ ਭਾਰਤ, ਇੰਗਲੈਂਡ ਅਤੇ ਨਿਊਜ਼ੀਲੈਂਡ ਨੇ ਵਰਚੁਅਲ ਤੌਰ 'ਤੇ ਸ਼ਿਰਕਤ ਕੀਤੀ। ਕ੍ਰਿਕਟ ਐਸੋਸੀਏਸ਼ਨ ਫਾਰ ਦਿ ਬਲਾਈਂਡ ਇਨ ਇੰਡੀਆ (ਸੀਏਬੀਆਈ) ਦੇ ਪ੍ਰਧਾਨ ਜੀਕੇ ਮਹਾੰਤੇਸ਼ ਨੇ ਪੀਟੀਆਈ ਨੂੰ ਦੱਸਿਆ, “ਟੂਰਨਾਮੈਂਟ ਦੀ ਮੇਜ਼ਬਾਨੀ ਦਾ ਅਧਿਕਾਰ ਭਾਰਤ ਨੂੰ ਪਿਛਲੇ ਸਾਲ (2023) ਦਿੱਤਾ ਗਿਆ ਸੀ। ਉਸ ਸਮੇਂ ਇਹ ਵੀ ਫੈਸਲਾ ਕੀਤਾ ਗਿਆ ਸੀ ਕਿ ਜੇਕਰ ਭਾਰਤ ਆਉਣ ਵਾਲੀ ਪਾਕਿਸਤਾਨੀ ਟੀਮ ਨੂੰ ਵੀਜ਼ਾ ਦੀ ਸਮੱਸਿਆ ਆਉਂਦੀ ਹੈ ਤਾਂ ਟੂਰਨਾਮੈਂਟ 'ਹਾਈਬ੍ਰਿਡ ਮਾਡਲ' ਵਿੱਚ ਕਰਵਾਇਆ ਜਾਵੇਗਾ। ਪਾਕਿਸਤਾਨ ਆਪਣੇ ਸਾਰੇ ਮੈਚ ਨਿਰਪੱਖ ਥਾਵਾਂ 'ਤੇ ਖੇਡੇਗਾ। ਇਹ ਪੁੱਛੇ ਜਾਣ 'ਤੇ ਕਿ ਪਾਕਿਸਤਾਨ ਦੇ ਮੈਚ ਕਿੱਥੇ ਹੋਣਗੇ, ਮਹਾੰਤੇਸ਼ ਨੇ ਕਿਹਾ, ''ਪੂਰੇ ਟੂਰਨਾਮੈਂਟ ਦੌਰਾਨ ਪਾਕਿਸਤਾਨ ਦੀ ਨੇਤਰਹੀਣ ਮਹਿਲਾ ਟੀਮ ਜਾਂ ਤਾਂ ਨੇਪਾਲ ਜਾਂ ਸ਼੍ਰੀਲੰਕਾ 'ਚ ਹੋਵੇਗੀ। ''

ਉਸ ਨੇ ਕਿਹਾ,'' ਭਾਰਤੀ ਟੀਮ ਉਨ੍ਹਾਂ ਖਿਲਾਫ ਖੇਡਣ ਲਈ ਨੇਪਾਲ ਜਾਂ ਸ਼੍ਰੀਲੰਕਾ ਜਾਵੇਗੀ। ਸਾਡਾ ਕ੍ਰਿਕਟ ਬੋਰਡ ਪੂਰੇ ਟੂਰਨਾਮੈਂਟ ਦਾ ਖਰਚਾ ਉਠਾਏਗਾ। ਪਾਕਿਸਤਾਨੀ ਟੀਮ ਦੇ ਇਨ੍ਹਾਂ ਦੋਹਾਂ ਦੇਸ਼ਾਂ 'ਚ ਰਹਿਣ ਦਾ ਸਾਰਾ ਖਰਚ ਅਸੀਂ ਚੁੱਕਾਂਗੇ। 'ਸੀਏਬੀਆਈ ਨੂੰ ਨਾ ਤਾਂ ਭਾਰਤੀ ਕ੍ਰਿਕਟ ਬੋਰਡ ਅਤੇ ਨਾ ਹੀ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੁਆਰਾ ਮਾਨਤਾ ਪ੍ਰਾਪਤ ਹੈ। 


Tarsem Singh

Content Editor

Related News