ਸੀਰੀਜ਼ ''ਚ ਸਨਮਾਨ ਬਚਾਉਣ ਦੇ ਇਰਾਦੇ ਨਾਲ ਉਤਰੇਗਾ ਭਾਰਤ

02/10/2020 6:03:32 PM

ਮਾਊਂਟ ਮੋਨਗਾਨੂਈ : ਨਿਊਜ਼ੀਲੈਂਡ ਵਿਰੁੱਧ ਮੰਗਲਵਾਰ ਨੂੰ ਵਨ ਡੇ ਸੀਰੀਜ਼ ਦੇ ਤੀਜੇ ਤੇ ਆਖਰੀ ਮੁਕਾਬਲੇ ਵਿਚ ਭਾਰਤੀ ਟੀਮ ਇਹ ਮੁਕਾਬਲਾ ਜਿੱਤ ਸੀਰੀਜ਼ ਵਿਚ ਸਨਮਾਨ ਬਚਾਉਣ ਦੇ ਇਰਾਦੇ ਨਾਲ ਉਤਰੇਗੀ। ਨਿਊਜ਼ੀਲੈਂਡ ਨੇ ਭਾਰਤ ਨੂੰ 2-0 ਨਾਲ ਹਾਰ ਕੇ ਵਨ ਡੇ ਸੀਰੀਜ਼ ਪਹਿਲਾਂ ਹੀ ਆਪਣੇ ਨਾਂ ਕਰ ਲਈ ਹੈ ਤੇ ਉਹ ਆਖਰੀ ਮੁਕਾਬਲੇ ਵਿਚ ਜਿੱਤ ਹਾਸਲ ਕਰਕੇ ਭਾਰਤ ਤੋਂ ਟੀ-20 ਸੀਰੀਜ਼ ਵਿਚ ਮਿਲੀ 0-5 ਦੀ ਹਾਰ ਦਾ ਬਦਲਾ ਲੈਣਾ ਚਾਹੇਗੀ ਜਦਕਿ ਭਾਰਤੀ ਟੀਮ ਆਖਰੀ ਮੁਕਾਬਲੇ ਵਿਚ ਜਿੱਤ ਹਾਸਲ ਕਰਕੇ ਸਨਮਾਨ ਬਚਾਉਣ ਦੇ ਇਰਾਦੇ ਨਾਲ ਉਤਰੇਗੀ। ਟੀ-20 ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ ਵਨ ਡੇ ਵਿਚ ਪੂਰੀ ਤਰ੍ਹਾਂ ਫਲਾਪ ਸਾਬਤ ਹੋਈ ਤੇ ਉਸ ਤੋਂ ਪਹਿਲਾਂ ਦੋ ਮੁਕਾਬਲਿਆਂ ਵਿਚ ਕੀਵੀ ਟੀਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਮੁਕਾਬਲੇ ਵਿਚ ਭਾਰਤੀ ਟੀਮ ਨੇ ਜਿੱਥੇ ਬੱਲੇਬਾਜ਼ੀ ਵਿਚ ਬਿਹਤਰ ਪ੍ਰਦਰਸ਼ਨ ਕੀਤਾ ਤਾਂ ਉਥੇ ਹੀ ਗੇਂਦਬਾਜ਼ਾਂ ਦੀ ਖਰਾਬ ਗੇਂਦਬਾਜ਼ੀ ਨਾਲ ਉਸ ਨੂੰ ਇਸ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਦੂਜੇ ਮੁਕਾਬਲੇ ਵਿਚ ਟੀਮ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਗਈ ਸੀ।

PunjabKesari

ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਤੀਜੇ ਮੁਕਾਬਲੇ ਵਿਚ ਆਪਣੀ ਬੱਲੇਬਾਜੀ ਤੇ ਗੇਂਦਬਾਜ਼ੀ ਦੇ ਨਾਲ-ਨਾਲ ਫੀਲਡਿੰਗ ਵਿਚ ਵੀ ਸੁਧਾਰ ਕਰਨਾ ਪਵੇਗਾ। ਟੀਮ ਦੇ ਸਲਾਮੀ ਬੱਲੇਬਾਜ਼ਾਂ ਮਯੰਕ ਅਗਰਵਾਲ ਤੇ ਪ੍ਰਿਥਵੀ ਸ਼ਾਹ 'ਤੇ ਜਿੱਥੇ ਪਹਿਲੇ ਵਨ ਡੇ ਦੀ ਤਰ੍ਹਾਂ ਵੱਡੀ ਸਾਂਝੇਦਾਰੀ ਕਰਕੇ ਟੀਮ ਨੂੰ ਮਜਬੂਤ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਹੋਵੇਗੀ ਜਦਕਿ ਮੱਧਕ੍ਰਮ ਨੂੰ ਸੰਤੁਲਨ ਸਥਾਪਤ ਕਰਕੇ ਟੀਮ ਦਾ ਸਕੋਰ ਵੱਡਾ ਕਰਨਾ ਪਵੇਗਾ। ਵਿਰਾਟ, ਸ਼੍ਰੇਅਸ ਅਈਅਰ ਤੇ ਲੋਕੇਸ਼ ਰਾਹੁਲ ਨੂੰ ਮੱਧਕ੍ਰਮ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਭਾਰਤੀ ਪਾਰੀ ਨੂੰ ਅੱਗੇ ਲਿਜਾਣਾ ਪਵੇਗਾ, ਜਿਸ ਨਾਲ ਹੇਠਲੇ ਕ੍ਰਮ ਦੇ ਖਿਡਾਰੀਆਂ 'ਤੇ ਦਬਾਅ ਘੱਟ ਪੈ ਸਕਿਆ। ਦੂਜੇ ਵਨ ਡੇ ਮੁਕਾਬਲੇ ਵਿਚ ਸ਼੍ਰੇਅਸ ਦੇ ਇਲਾਵਾ ਮੱਧਕ੍ਰਮ ਦਾ ਕੋਈ ਵੀ ਬੱਲੇਬਾਜ਼ ਚਮਤਕਾਰ ਨਹੀਂ ਕਰ ਸਕਿਆ ਸੀ, ਜਿਸ ਨਾਲ ਹੇਠਲੇ ਕ੍ਰਮ 'ਤੇ ਦਬਾਅ ਵਧ ਗਿਆ ਸੀ। ਭਾਰਤ ਲਈ ਰਾਹਤ ਦੀ ਗੱਲ ਹੈ ਕਿ ਅਈਅਰ ਜਿੱਥੇ ਮੱਧਕ੍ਰਮ ਵਿਚ ਆਪਣੀ ਫਾਰਮ ਵਿਚ ਚੱਲ ਰਿਹਾ ਹੈ ਜਦਕਿ ਹੇਠਲੇ ਕ੍ਰਮ ਵਿਚ ਨਵਦੀਪ ਸੈਣੀ ਤੇ ਰਵਿੰਦਰ ਜਡੇਜਾ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ ਵਿਚ ਵੀ ਆਪਣਾ ਯੋਗਦਾਨ  ਬਾਖੂਬੀ ਦੇ ਰਹੇ ਹਨ। ਪਿਛਲੇ ਮੁਕਾਬਲੇ ਵਿਚ ਸੈਣੀ ਤੇ ਜਡੇਜਾ ਨੇ ਬਿਹਤਰੀਨ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾ ਦਿੱਤਾ ਸੀ ਪਰ ਇਹ ਜੋੜੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੀ ਸੀ। ਸੈਣੀ ਨੇ ਪਿਛਲੇ ਮੁਕਾਬਲੇ ਵਿਚ 45 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਪਰ ਦੌੜ ਗਤੀ ਤੇਜ਼ ਕਰਨ ਦੇ ਚੱਕਰ ਵਿਚ ਉਹ ਆਪਣੀ ਵਿਕਟ ਗੁਆ ਬੈਠਾ ਸੀ। ਉਸ ਨੇ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਿੱਖਿਆ ਲੈਂਦੇ ਹੋਏ ਤੀਜੇ ਮੁਕਾਬਲੇ ਵਿਚ ਲੋੜ ਪੈਣ 'ਤੇ ਸਬਰ ਨਾਲ ਬੱਲੇਬਾਜ਼ੀ ਕਰਨੀ ਪਵੇਗੀ। ਗੇਂਦਬਾਜ਼ੀ ਵਿਚ ਟੀਮ ਦੇ ਤੇਜ਼ ਗੇਂਦਬਾਜ਼ਾਂ ਨੂੰ ਆਪਣੀਆਂ ਗਲਤੀਆਂ ਵਿਚ ਸੁਧਾਰ ਕਰਕੇ ਚੰਗੀ ਗੇਂਦਬਾਜ਼ੀ ਕਰਨੀ ਪਵੇਗੀ। ਗੇਂਦਬਾਜ਼ਾਂ ਨੇ ਪਹਿਲੇ ਮੁਕਾਬਲੇ ਵਿਚ 24 ਵਾਈਡਾਂ ਦਿੱਤੀਆਂ ਸਨ, ਜਿਹੜੀ ਟੀਮ ਦੀ ਹਾਰ ਦਾ ਇਕ ਵੱਡਾ ਕਾਰਣ ਬਣੀ ਸੀ। ਭਾਰਤੀ ਗੇਂਦਬਾਜ਼ਾਂ ਨੂੰ ਆਪਣੀ ਲੈਅ ਬਰਕਰਾਰ ਰੱਖਦੇ ਹੋਏ ਗੇਂਦਬਾਜ਼ੀ ਕਰਨੀ ਪਵੇਗੀ ਤੇ ਵਾਧੂ ਦੌੜਾਂ ਦੇਣ ਤੋਂ ਬਚਣਾ ਪਵੇਗਾ।

PunjabKesari

ਭਾਰਤੀ ਟੀਮ ਕੋਲ ਇਸ ਮੁਕਾਬਲੇ ਵਿਚ ਗੁਆਉਣ ਲਈ ਕੁਝ ਨਹੀਂ ਹੈ ਲਿਹਾਜਾ ਟੀਮ ਵਿਚ ਇਸ ਮੁਕਾਬਲੇ ਲਈ ਬਦਲ ਕੀਤਾ ਜਾ ਸਕਦਾ ਹੈ। ਭਾਰਤੀ ਕਪਤਾਨ ਵਿਰਾਟ ਨੇ ਵੀ ਪਿਛਲੇ ਮੁਕਾਬਲੇ ਤੋਂ ਬਾਅਦ ਕਿਹਾ ਸੀ ਕਿ ਉਹ ਆਖਰੀ ਮੁਕਾਬਲੇ ਵਿਚ ਟੀਮ ਵਿਚ ਬਦਲਾਅ ਕਰਨਗੇ, ਇਸ ਤੋਂ ਜ਼ਾਹਿਰ ਹੈ ਕਿ ਟੀਮ ਵਿਚ ਕੁਝ ਸੀਨੀਅਰ ਖਿਡਾਰੀਆਂ  ਨੂੰ ਆਰਾਮ ਦੇ ਕੇ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਨਿਊਜ਼ੀਲੈਂਡ ਲਈ ਚਿੰਤਾ ਦੀ ਗੱਲ ਹੈ ਕਿ ਉਸਦੇ ਕਪਤਾਨ ਕੇਨ ਵਿਲੀਅਮਸਨ ਜ਼ਖ਼ਮੀ ਹੋਣ ਦੇ ਕਾਰਣ ਪਹਿਲੇ ਦੋ ਮੁਕਾਬਲਿਆਂ ਵਿਚ ਟੀਮ ਦੀ ਹਿੱਸਾ ਨਹੀਂ ਰਿਹਾ ਸੀ ਤੇ ਉਸਦੀ ਜਗ੍ਹਾ ਟਾਮ ਲਾਥਮ ਨੇ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲੀ ਸੀ ਤੇ ਹੁਣ ਵੀ ਵਿਲੀਅਮਸਨ ਦੇ ਤੀਜੇ ਮੁਕਾਬਲੇ ਵਿਚ ਖੇਡਣ ਦੀ ਹੀ ਉਮੀਦ ਹੈ।

ਟੀਮਾਂ ਇਸ ਤਰ੍ਹਾਂ ਹਨ
ਭਾਰਤ-
ਵਿਰਾਟ ਕੋਹਲੀ (ਕਪਤਾਨ), ਪ੍ਰਿਥਵੀ ਸ਼ਾਹ, ਮਯੰਕ ਅਗਰਵਾਲ, ਕੇ. ਐੱਲ. ਰਾਹੁਲ (ਵਿਕਟਕੀਪਰ), ਰਿਸ਼ਭ ਪੰਤ, ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ, ਨਵਦੀਪ ਸੈਣੀ।
ਨਿਊਜ਼ੀਲੈਂਡ- ਟਾਮ ਲਾਥਮ (ਕਪਤਾਨ ਤੇ ਵਿਕਟਕੀਪਰ), ਮਾਰਟਿਨ ਗੁਪਟਿਲ, ਰੋਸ ਟੇਲਰ, ਕੌਲਿਨ ਡੀ ਗ੍ਰੈਂਡਹੋਮ, ਜਿਮੀ ਨੀਸ਼ਮ, ਸਕਾਟ ਕਿਊਗਲੇਜਿਨ, ਟਾਮ ਬਲੰਡੇਲ, ਹੈਨਰੀ ਨਿਕੋਲਸ, ਮਿਸ਼ੇਲ ਸੈਂਟਨਰ, ਹੈਮਿਸ਼ ਬੈਨੇਟ, ਈਸ਼ ਸੋਢੀ, ਟਿਮ ਸਾਊਥੀ, ਕਾਈਲ ਜੈਮੀਸਨ, ਮਾਰਕ ਚੈਪਮੈਨ।


Related News