IND vs SA, 1st ODI : ਦੱਖਣੀ ਅਫਰੀਕਾ ਨੇ ਭਾਰਤ ਨੂੰ 250 ਦੌੜਾਂ ਦਾ ਦਿੱਤਾ ਟੀਚਾ

10/06/2022 7:13:27 PM

ਲਖਨਊ (ਭਾਸ਼ਾ)– ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਲਖਨਊ ਦੇ ਇਕਾਨਾ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਮੀਂਹ ਪੈਣ ਕਾਰਨ ਟਾਸ ਦੇਰ ਨਾਲ ਹੋਈ। ਸਿੱਟੇ ਵਜੋਂ ਮੈਚ 50-50 ਓਵਰਾਂ ਦੀ ਬਜਾਏ 40-40 ਓਵਰਾਂ ਦਾ ਕਰ ਦਿੱਤਾ ਗਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਦੀ ਟੀਮ ਨੇ ਨਿਰਧਾਰਤ 40 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 249 ਦੌੜਾਂ ਬਣਾਈਆਂ। ਇਸ ਤਰ੍ਹਾਂ ਦੱਖਣੀ ਅਫਰੀਕਾ ਨੇ ਭਾਰਤ ਨੂੰ ਜਿੱਤ ਲਈ 250 ਦੌੜਾਂ ਦਾ ਟੀਚਾ ਦਿੱਤਾ।

ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਉਸ ਦਾ ਸਲਾਮੀ ਬੱਲੇਬਾਜ਼ ਜਾਨੇਮਨ ਮਲਾਨ 22 ਦੌੜਾਂ ਬਣਾ ਸ਼ਾਰਦੁਲ ਠਾਕੁਰ ਵਲੋਂ ਆਊਟ ਹੋਇਆ। ਦੱਖਣੀ ਅਫਰੀਕਾ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਟੇਂਬਾ ਬਾਵੁਮਾ ਵੀ ਠਾਕੁਰ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਦੱਖਣੀ ਅਫਰੀਕਾ ਦੀ ਤੀਜੀ ਵਿਕਟ ਏਡਨ ਮਾਰਕਰਮ ਦੇ ਤੌਰ 'ਤੇ ਡਿੱਗੀ। ਮਾਰਕਰਮ ਆਪਣਾ ਖਾਤਾ ਵੀ ਨਾ ਖੋਲ ਸਕੇ ਤੇ ਕੁਲਦੀਪ ਯਾਦਵ ਵਲੋਂ ਆਊਟ ਹੋਏ। ਦੱਖਣੀ ਅਫਰੀਕਾ ਦੀ ਚੌਥੀ ਵਿਕਟ ਕੁਇੰਟਨ ਡਿਕਾਕ ਦੇ ਤੌਰ 'ਤੇ ਡਿੱਗੀ। ਡਿਕਾਕ 48 ਦੌੜਾਂ ਬਣਾ ਰਵੀ ਬਿਸ਼ਨੋਈ ਦਾ ਸ਼ਿਕਾਰ ਬਣੇ ਤੇ ਪਵੇਲੀਅਨ ਪਰਤ ਗਏ। ਡੇਵਿਡ ਮਿਲਰ ਤੇ ਹੈਨਰਿਕ ਕਲਾਸੇਨ ਨੇ ਅਜੇਤੂ ਰਹਿੰਦੇ ਹੋਏ ਕ੍ਰਮਵਾਰ 75 ਤੇ 74 ਦੌੜਾਂ ਬਣਾਈਆਂ। ਭਾਰਤ ਵਲੋਂ ਸ਼ਾਰਦੁਲ ਠਾਕੁਰ ਨੇ 2, ਰਵੀ ਬਿਸ਼ਨੋਈ ਨੇ 1, ਕੁਲਦੀਪ ਯਾਦਵ ਨੇ 1 ਵਿਕਟ ਲਏ।

ਇਹ ਵੀ ਪੜ੍ਹੋ : ਸ਼੍ਰੀਜੇਸ਼ ਤੇ ਸਵਿਤਾ ਨੇ ਜਿੱਤਿਆ ਸਰਵਸ੍ਰੇਸ਼ਠ ਗੋਲਕੀਪਰ ਦਾ ਐਵਾਰਡ

ਦੱਖਣੀ ਅਫਰੀਕਾ ਵਿਰੁੱਧ ਸ਼ਿਖਰ ਧਵਨ ਦੀ ਅਗਵਾਈ ਵਾਲੀ ਭਾਰਤੀ ਟੀਮ ਦੇ ਬਦਲਵੇਂ ਖਿਡਾਰੀਆਂ ਦਾ ਟੀਚਾ ਅਗਲੇ ਸਾਲ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਲਈ ਆਪਣਾ ਦਾਅਵਾ ਮਜ਼ਬੂਤ ਕਰਨ ਦਾ ਹੋਵੇਗਾ। ਰੋਹਿਤ ਸ਼ਰਮਾ, ਵਿਰਾਟ ਕੋਹਲੀ, ਮੁਹੰਮਦ ਸ਼ੰਮੀ ਤੇ ਆਰ. ਅਸ਼ਵਿਨ ਵਰਗੇ ਧਾਕੜਾਂ ਦੀ ਗੈਰ-ਮੌਜੂਦਗੀ ਵਿਚ ਭਾਰਤੀ ਚੋਣਕਾਰਾਂ ਨੇ ਇਕ ਨਵੀਂ ਟੀਮ ਦੀ ਚੋਣ ਕੀਤੀ ਹੈ, ਜਿਸ ਵਿਚ ਮੁਕੇਸ਼ ਕੁਮਾਰ ਤੇ ਰਜਤ ਪਾਟੀਦਾਰ ਵਰਗੇ ਨਵੇਂ ਖਿਡਾਰੀ ਸ਼ਾਮਲ ਹਨ। ਇਸ ਟੀਮ ਵਿਚ ਟੀ-20 ਵਿਸ਼ਵ ਕੱਪ ਦੇ ਕੁਝ ਰਿਜ਼ਰਵ ਖਿਡਾਰੀ ਵੀ ਸ਼ਾਮਲ ਹਨ। ਟੀ-20 ਵਿਸ਼ਵ ਕੱਪ ਟੀਮ ਲਈ ਰਿਜ਼ਰਵ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਮੱਧਕ੍ਰਮ ਦਾ ਬੱਲੇਬਾਜ਼ ਸ਼੍ਰੇਅਸ ਅਈਅਰ ਇਸ ਲੜੀ ਲਈ ਟੀਮ ਦਾ ਉਪ ਕਪਤਾਨ ਹੈ। ਰਿਜ਼ਰਵ ਵਿਚ ਸ਼ਾਮਲ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਦੀਪਕ ਚਾਹਰ ਤੇ ਲੈੱਗ ਸਪਿਨਰ ਰਵੀ ਬਿਸ਼ਨੋਈ ਵੀ ਇਸ ਵਨ ਡੇ ਲੜੀ ਦੀ ਟੀਮ ਵਿਚ ਸ਼ਾਮਲ ਹਨ। ਵਨ ਡੇ ਮੈਚਾਂ ਵਿਚ ਸੀਮਤ ਮੌਕਿਆਂ ’ਤੇ ਪ੍ਰਭਾਵਿਤ ਕਰਨ ਵਾਲੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੇ ਇਸ ਲੜੀ ਵਿਚ ਧਵਨ ਦੇ ਨਾਲ ਪਾਰੀ ਦਾ ਆਗਾਜ਼ ਕਰਨ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਰਾਹੁਲ ਤ੍ਰਿਪਾਠੀ ਜਾਂ ਪਾਟੀਦਾਰ ਨੂੰ ਵਨ ਡੇ ਵਿਚ ਡੈਬਿਊ ਦਾ ਮੌਕਾ ਮਿਲ ਸਕਦਾ ਹੈ।  

ਪਲੇਇੰਗ ਇਲੈਵਨ

ਭਾਰਤ : ਸ਼ਿਖਰ ਧਵਨ (ਕਪਤਾਨ), ਸ਼ੁਭਮਨ ਗਿੱਲ, ਰੁਤੁਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਸੰਜੂ ਸੈਮਸਨ (ਵਿਕਟਕੀਪਰ), ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਰਵੀ ਬਿਸ਼ਨੋਈ, ਮੁਹੰਮਦ ਸਿਰਾਜ, ਅਵੇਸ਼ ਖਾਨ 

ਦੱਖਣੀ ਅਫਰੀਕਾ : ਜਾਨੇਮਨ ਮਲਾਨ, ਕੁਇੰਟਨ ਡੀ ਕਾਕ (ਵਿਕਟਕੀਪਰ), ਟੇਂਬਾ ਬਾਵੁਮਾ (ਕਪਤਾਨ), ਏਡੇਨ ਮਾਰਕਰਮ, ਹੈਨਰਿਕ ਕਲਾਸੇਨ, ਡੇਵਿਡ ਮਿਲਰ, ਵੇਨ ਪਾਰਨੇਲ, ਕੇਸ਼ਵ ਮਹਾਰਾਜ, ਕਗਿਸੋ ਰਬਾਡਾ, ਲੁੰਗੀ ਐਨਗਿਡੀ, ਤਬਰੇਜ਼ ਸ਼ਮਸੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News