IND v ENG : ਵਿਸ਼ਵ ਚੈਂਪੀਅਨਸ਼ਿਪ ਫਾਈਨਲ ’ਚ ਜਗ੍ਹਾ ਬਣਾਉਣ ਉਤਰੇਗਾ ਭਾਰਤ ਤੇ ਇੰਗਲੈਂਡ
Friday, Feb 05, 2021 - 12:25 AM (IST)
ਚੇਨਈ– ਭਾਰਤ ਤੇ ਇੰਗਲੈਂਡ ਵਿਚਾਲੇ ਸ਼ੁੱਕਰਵਾਰ ਤੋਂ ਐੱਮ. ਚਿਦੰਬਰਮ ਸਟੇਡੀਅਮ ਵਿਚ ਸ਼ੁਰੂ ਹੋ ਰਹੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਵਿਚ ਦੋਵੇਂ ਟੀਮਾਂ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰਨ ਦੇ ਇਰਾਦੇ ਨਾਲ ਉਤਰੇਗੀ। ਭਾਰਤ ਤੇ ਇੰਗਲੈਂਡ ਆਪਣੀਆਂ ਪਿਛਲੀਆਂ ਸੀਰੀਜ਼ ਜਿੱਤ ਕੇ ਇਸ ਮੁਕਾਬਲੇ ਵਿਚ ਉਤਰ ਰਹੀਆਂ ਹਨ। ਚੇਨਈ ਵਿਚ ਪਹਿਲੇ ਦੋਵੇਂ ਟੈਸਟ ਖੇਡੇ ਜਾਣਗੇ। ਇਹ ਸੀਰੀਜ਼ ਵਿਸ਼ਵ ਚੈਂਪੀਅਨਸ਼ਿਪ ਦੇ ਲਿਹਾਜ਼ ਨਾਲ ਕਾਫੀ ਮਹੱਤਵਪੂਰਨ ਹੈ ਤੇ ਦੋਵੇਂ ਹੀ ਟੀਮਾਂ ਲਈ ਫਾਈਨਲ ਵਿਚ ਜਗ੍ਹਾ ਬਣਾਉਣ ਦਾ ਆਖਰੀ ਮੌਕਾ ਹੈ।
ਇਹ ਵੀ ਪੜ੍ਹੋ : ਬਜਟ ਤੋਂ ਬਾਅਦ ਸਰਕਾਰ ਨੇ ਦਿੱਤਾ ਝਟਕਾ, ਰਸੋਈ ਗੈਸ 25 ਰੁਪਏ ਮਹਿੰਗਾ
ਭਾਰਤ ਨੇ ਆਪਣੀ ਪਿਛਲੀ ਸੀਰੀਜ਼ ਵਿਚ ਆਸਟਰੇਲੀਆ ਨੂੰ ਉਸੇ ਦੀ ਧਰਤੀ ’ਤੇ 2-1 ਨਾਲ ਹਰਾਇਆ ਸੀ ਜਦਕਿ ਇੰਗਲੈਂਡ ਦੀ ਟੀਮ ਸ਼੍ਰੀਲੰਕਾ ਨੂੰ 2-0 ਨਾਲ ਕਲੀਨ ਸਵੀਪ ਕਰ ਕੇ ਭਾਰਤ ਪਹੁੰਚੀ ਹੈ। ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਭਾਰਤ ਇਸ ਸਮੇਂ ਪਹਿਲੇ ਸਥਾਨ ’ਤੇ ਹੈ ਜਦਕਿ ਇੰਗਲੈਂਡ ਦੀ ਟੀਮ ਨਿਊਜ਼ੀਲੈਂਡ ਤੇ ਆਸਟਰੇਲੀਆ ਤੋਂ ਬਾਅਦ ਚੌਥੇ ਸਥਾਨ ’ਤੇ ਹੈ। ਆਸਟਰੇਲੀਆ ਨੇ ਦੱਖਣੀ ਅਫਰੀਕਾ ਦਾ ਆਪਣਾ ਆਗਾਮੀ ਦੌਰਾ ਮੁਲਤਵੀ ਕਰ ਦਿੱਤਾ ਹੈ, ਜਿਸ ਨਾਲ ਦੂਜੇ ਸਥਾਨ ’ਤੇ ਮੌਜੂਦ ਨਿਊਜ਼ੀਲੈਂਡ ਨੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਫਾਈਨਲ ਦੀ ਦੂਜੇ ਸਥਾਨ ਦੀ ਟੀਮ ਲਈ ਮੁਕਾਬਲਾ ਹੁਣ 3 ਟੀਮਾਂ ਭਾਰਤ, ਆਸਟਰੇਲੀਆ ਤੇ ਇੰਗਲੈਂਡ ਵਿਚਾਲੇ ਰਹਿ ਗਿਆ ਹੈ। ਭਾਰਤ ਤੇ ਇੰਗਲੈਂਡ ਦੀ ਸੀਰੀਜ਼ ਨਾਲ ਹੀ ਫਾਈਨਲ ਦੀ ਦੂਜੀ ਟੀਮ ਦਾ ਫੈਸਲਾ ਹੋਵੇਗਾ, ਜਿਹੜਾ ਇਸ ਸਾਲ ਜੂਨ ਵਿਚ ਇੰਗਲੈਂਡ ਦੇ ਲਾਰਡਸ ਮੈਦਾਨ ’ਤੇ ਖੇਡਿਆ ਜਾਣਾ ਹੈ। ਭਾਰਤ-ਇੰਗਲੈਂਡ ਸੀਰੀਜ਼ ਦਾ ਨਤੀਜਾ ਹੈ ਤੈਅ ਕਰੇਗਾ ਕਿ ਇਨ੍ਹਾਂ ਤਿੰਨ ਟੀਮਾਂ ਵਿਚੋਂ ਕਿਹੜੀ ਟੀਮ ਫਾਈਨਲ ਵਿਚ ਪਹੁੰਚੇਗੀ।
ਇਹ ਵੀ ਪੜ੍ਹੋ : ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ
ਭਾਰਤ ਨਵੰਬਰ 2019 ਵਿਚ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ਵਿਚ ਬੰਗਲਾਦੇਸ਼ ਵਿਰੁੱਧ ਡੇ-ਨਾਈਟ ਟੈਸਟ ਖੇਡਣ ਤੇ ਕੋਰੋਨਾ ਮਹਾਮਾਰੀ ਤੋਂ ਬਾਅਦ ਘਰੇਲੂ ਜ਼ਮੀਨ ’ਤੇ ਆਪਣਾ ਪਹਿਲਾ ਟੈਸਟ ਖੇਡ ਰਿਹਾ ਹੈ। ਕੁਝ ਖਿਡਾਰੀਆਂ ਨੂੰ ਛੱਡ ਕੇ ਭਾਰਤ ਦੇ ਸਾਰੇ ਪ੍ਰਮੁੱਖ ਖਿਡਾਰੀ ਫਿੱਟ ਹੋ ਚੁੱਕੇ ਹਨ ਤੇ ਵਿਰਾਟ ਕੋਹਲੀ ਦੀ ਕਪਤਾਨੀ ਵਿਚ ਟੀਮ ਇੰਡੀਆ ਨੂੰ ਇੰਗਲੈਂਡ ਨੂੰ ਚੁਣੌਤੀ ਦੇਣ ਲਈ ਇਕ ਮਜ਼ਬੂਤ ਇਲੈਵਨ ਚੁਣਨੀ ਹੈ। ਭਾਰਤ ਨੇ ਆਸਟਰੇਲੀਆ ਦੇ ਬ੍ਰਿਸਬੇਨ ਵਿਚ ਜਦੋਂ ਚੌਥਾ ਤੇ ਆਖਰੀ ਟੈਸਟ ਜਿੱਤਿਆ ਸੀ ਤਾਂ ਉਸਦੇ ਕਈ ਪ੍ਰਮੁੱਖ ਖਿਡਾਰੀ ਜ਼ਖ਼ਮੀ ਹੋ ਕੇ ਉਸ ਮੈਚ ਵਿਚੋਂ ਬਾਹਰ ਸਨ ਤੇ ਭਾਰਤ ਨੇ ਕਈ ਨਵੇਂ ਖਿਡਾਰੀਆਂ ਦੀ ਬਦੌਲਤ ਬ੍ਰਿਸਬੇਨ ਦੇ ਗਾਬਾ ਵਿਚ ਇਤਿਹਾਸਕ ਜਿੱਤ ਹਾਸਲ ਕੀਤੀ ਸੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।